7 ਜੂਨ ਨੂੰ ਐਨਡੀਏ ਦੇ ਸੰਸਦ ਮੈਂਬਰਾਂ ਦੀ ਬੈਠਕ ਸੱਦੀ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ 18ਵੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਹਨ। ਭਾਰਤੀ ਜਨਤਾ ਪਾਰਟੀ ਨੂੰ 543 ਵਿਚੋਂ 240 ਸੀਟਾਂ ਮਿਲੀਆਂ ਹਨ, ਜੋ ਬਹੁਮਤ ਦੇ ਅੰਕੜੇ ਤੋਂ 32 ਸੀਟਾਂ ਘੱਟ ਹਨ। ਹਾਲਾਂਕਿ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਨੇ 292 ਸੀਟਾਂ ਦੇ ਨਾਲ ਬਹੁਮਤ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਇਸਦੇ ਚੱਲਦਿਆਂ ਨਰਿੰਦਰ ਮੋਦੀ ਆਉਂਦੀ 8 ਜੂਨ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕ ਸਕਦੇ ਹਨ। ਮੀਡੀਆ ਤੋਂ ਜਾਣਕਾਰੀ ਮਿਲੀ ਹੈ ਕਿ 7 ਜੂਨ ਨੂੰ ਸੰਸਦ ਦੇ ਸੈਂਟਰਲ ਹਾਲ ਵਿਚ ਐਨ.ਡੀ.ਏ. ਦੇ ਸਾਰੇ ਸੰਸਦ ਮੈਂਬਰਾਂ ਦੀ ਮੀਟਿੰਗ ਬੁਲਾਈ ਗਈ ਹੈ। ਦੱਸਣਯੋਗ ਹੈ ਕਿ ਤੇਲਗੂ ਦੇਸਮ ਪਾਰਟੀ 15 ਸੀਟਾਂ ਨਾਲ ਦੂਜੀ ਅਤੇ ਨਿਤੀਸ਼ ਦੀ ਜਨਤਾ ਦਲ (ਯੂ) 12 ਸੀਟਾਂ ਨਾਲ ਐਨ.ਡੀ.ਏ. ਵਿਚ ਤੀਜੀ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ। ਇਹ ਦੋਵੇਂ ਪਾਰਟੀਆਂ ਇਸ ਸਮੇਂ ਭਾਜਪਾ ਲਈ ਜ਼ਰੂਰੀ ਬਣ ਗਈਆਂ ਹਨ ਅਤੇ ਇਨ੍ਹਾਂ ਤੋਂ ਬਿਨਾ ਭਾਜਪਾ ਦਾ ਗੁਜ਼ਾਰਾ ਨਹੀਂ ਹੈ।