14.3 C
Toronto
Wednesday, October 15, 2025
spot_img
Homeਨਜ਼ਰੀਆਦੀਵਾਲੀ ਨੂੰ ਨਸ਼ੇ ਤੇ ਜੂਏ ਦਾ ਤਿਉਹਾਰ ਨਾ ਬਣਨ ਦਿਓ

ਦੀਵਾਲੀ ਨੂੰ ਨਸ਼ੇ ਤੇ ਜੂਏ ਦਾ ਤਿਉਹਾਰ ਨਾ ਬਣਨ ਦਿਓ

ਹਰਪ੍ਰੀਤ ਸਿੰਘ ਮੋਗਾ
ਭਾਰਤ ਵਿੱਚ ਸਦੀਆਂ ਤੋਂ ਹੀ ਦੀਵਾਲੀ ਦਾ ਮੁਕੱਦਸ ਤਿਉਹਾਰ ਬੜੇ ਚਾਵਾਂ ਤੇ ਮਲ੍ਹਾਰਾਂ ਨਾਲ ਮਨਾਇਆ ਜਾ ਰਿਹਾ ਹੈ। ਇਸ ਧਾਰਮਿਕ ਦਿਵਸ ਨੂੰ ਮਨਾਉਣ ਲਈ ਘਰ-ਘਰ ਵਿੱਚ ਅਤੇ ਹਰ ਸਰਬ-ਵਿਆਪੀ ਹਨ੍ਹੇਰਾ ਦੂਰ ਕਰਨ ਲਈ ਦੀਵੇ ਜਗਾਏ ਜਾਂਦੇ ਹਨ। ਘਰਾਂ ਦੀ ਸਫਾਈ ਕੀਤੀ ਜਾਂਦੀ ਹੈ। ਦੋਸਤਾਂ-ਮਿੱਤਰਾਂ ਨੂੰ ਸਦਭਾਵਨਾ ਦੇ ਤੋਹਫੇ ਦਿੱਤੇ ਜਾਂਦੇ ਹਨ ਅਤੇ ਮਠਿਆਈਆਂ ਵੰਡੀਆਂ ਜਾਂਦੀਆਂ ਹਨ। ਸਮਾਂ ਬਦਲਦਾ ਜਾ ਰਿਹਾ ਹੈ॥ ਹੁਣ ਇੰਝ ਜਾਪਦਾ ਹੈ ਕਿ ਇਸ ਘੋਰ ਪਦਾਰਥਵਾਦੀ ਯੁੱਗ ਵਿੱਚ ਅਜੋਕਾ ਮਨੁੱਖ ਚੰਗਿਆਈ, ਨੇਕੀ, ਭਲਾਈ ਅਤੇ ਸ਼ੁਭ ਕਰਮਾਂ ਨੂੰ ਤਿਆਗ ਕੇ ਬਦੀ, ਝੂਠ, ਪਾਪ ਅਤੇ ਕੁਕਰਮਾਂ ਨਾਲ ਦੋਸਤੀ ਦਾ ਹੱਥ ਮਿਲਾਉਣ ਲਈ ਉਤਾਵਲਾ ਹੋਈ ਜਾਂਦਾ ਹੈ। ਇਸ ਦਿਨ ਕਾਨੂੰਨ ਅਤੇ ਸਮਾਜਿਕ ਕਦਰਾਂ-ਕੀਮਤਾਂ ਦੀਆਂ ਧੱਜੀਆਂ ਉਡਾਈਆਂ ਜਾਣਗੀਆਂ। ਨਿੱਤ ਦਿਨ ਹੋ ਰਹੇ ਆਪਸੀ ਝਗੜੇ ਅਤੇ ਫਸਾਦਾਂ ਵਿੱਚ ਵਾਧਾ ਹੁੰਦਾ ਜਾਵੇਗਾ। ਪੁਰਾਣੀਆਂ ਰੰਜਸ਼ਾਂ ਤੇ ਦੁਸ਼ਮਣੀਆਂ ਦੀਆਂ ਕਿਰੜਾਂ ਕੱਢੀਆਂ ਜਾਣਗੀਆਂ। ਘਰਾਂ ਮੁਹੱਲਿਆਂ ਵਿੱਚ ਬੱਕਰੇ ਬੁਲਾਏ ਜਾਣਗੇ। ਭਲੇਮਾਣਸ ਗੁਆਂਢੀਆਂ ਨੂੰ ਵੰਗਾਰਿਆ ਜਾਵੇਗਾ। ਘਰਾਂ ਅਤੇ ਪਰਿਵਾਰਾਂ ਵਿੱਚ ਆਪਸੀ ਤਕਰਾਰ ਵਧਦੇ ਜਾਣਗੇ। ਘਰਾਂ ਵਿੱਚ ਦੇਸੀ ਸ਼ਰਾਬ ਦੀ ਕਸ਼ੀਦਗੀ ਸਿਖਰਾਂ ਨੂੰ ਛੂਹੇਗੀ। ਸ਼ਰਾਬ ਦੇ ਸਰਕਾਰੀ ਠੇਕੇਦਾਰਾਂ ਦੀਆਂ ਵੀ ਦਿਨ-ਰਾਤ ਪੌਂ ਬਾਰਾਂ ਹੋਣਗੀਆਂ। ਕੁਕੀਨ, ਹੈਰੋਇਨ, ਸਮੈਕ, ਕਰੈਕ, ਅਫੀਮ ਅਤੇ ਡੋਡੇ-ਭੁੱਕੀ ਵੇਚਣ ਵਾਲੇ ਤਸਕਰਾਂ ਦੀ ਚਾਂਦੀ ਹੋ ਜਾਵੇਗੀ। ਬਹੁਤਾ ਕਰਕੇ ਹੋਟਲਾਂ, ਮੋਟਲਾਂ ‘ਤੇ ਜੂਏ ਦੇ ਅੱਡਿਆਂ ਵਿੱਚ ਧਨ ਅਤੇ ਜੋਬਨ ਦੀਆਂ ਨੁਮਾਇਸ਼ਾਂ ਲੱਗਣਗੀਆਂ। ਬੁਰਾਈਆਂ ਅਤੇ ਅਪਰਾਧਾਂ ਦੀਆਂ ਮੰਡੀਆਂ ਵਿੱਚ ਨਿਗੁਣੀਆਂ ਬੋਲੀਆਂ ‘ਚ ਵਾਧਾ ਹੋ ਜਾਵੇਗਾ। ਜਾਦੂ-ਟੂਣੇ ਕਰਨ ਵਾਲੇ ਠੱਗਾਂ, ਜੋਤਸ਼ੀਆਂ ਤੇ ਅਖੌਤੀ ਬਾਬਿਆਂ ਦੀ ਬੱਲੇ-ਬੱਲੇ ਹੋ ਜਾਵੇਗੀ। ਮਿਲਾਵਟ ਕਰਨ ਵਾਲੇ ਲੋਕ ਕਰੋੜਪਤੀ ਬਣ ਜਾਣਗੇ। ਰਿਸ਼ਵਤਖੋਰੀ ਲਈ ਤੋਹਫ਼ੇ ਦੇਣ ਵਾਲੇ ਲੋਕਾਂ ਵਲੋਂ ਅਫ਼ਸਰਾਂ ਅਤੇ ਮੁਲਾਜ਼ਮਾਂ ਦੇ ਘਰਾਂ ‘ਚ ਗੇੜਿਆਂ ਦੀ ਭਰਮਾਰ ਦਿਖਾਈ ਦੇਵੇਗੀ। ਮੁਹੱਲਿਆਂ-ਬਾਜ਼ਾਰਾਂ ਵਿੱਚ ਹੁੱਲ੍ਹੜਬਾਜ਼ ਲੋਕੀਂ ਦਮਗਜੇ ਮਾਰਨਗੇ। ਵਪਾਰੀ ਲੋਕ ਲੁੱਟ-ਖਸੁੱਟ ਦਾ ਮਾਲ ਵੇਚਣ ਵਿੱਚ ਕਾਮਯਾਬ ਹੋ ਜਾਣਗੇ। ਚੋਰੀਆਂ ਦੀ ਭਰਮਾਰ ਹੋ ਜਾਵੇਗੀ। ਜੇਲ੍ਹਾਂ ਬਾਗੋਬਾਗ ਹੋ ਜਾਣਗੀਆਂ। ਗਰੀਬ ਲੋਕੀਂ ਲੁੱਟੇ-ਪੁੱਟੇ ਜਾਣਗੇ। ਗਭਰੇਟੇ ਤੇ ਅਲੂੰਏ ਧੀਆਂ ਪੁੱਤਰ ਵੰਨ ਸੁਵੰਨੇ ਨਸ਼ਿਆਂ ਦਾ ਸੁਆਦ ਚੱਖਣਗੇ ਤੇ ਅਮਲੀਆਂ ਦੀ ਗਿਣਤੀ ਵਿਚ ਵਾਧਾ ਹੋ ਜਾਵੇਗਾ। ਨਸ਼ਈ ਲੋਕੀਂ ਨਸ਼ਿਆਂ ਦੀ ਲਤ ਪੂਰੀ ਕਰਨ ਲਈ ਜ਼ਮੀਨਾਂ, ਵਪਾਰ ਤੇ ਘਰਾਂ ਦੇ ਭਾਂਡੇ-ਟੀਂਡੇ ਵੇਚਣਗੇ। ਬਦਨਸੀਬ ਸੁਆਣੀਆਂ ਦੇ ਝੁੰਡਾਂ ਵਿੱਚ ਹੋਰ ਵਾਧਾ ਹੋ ਜਾਵੇਗਾ। ਬਹੁਤੇ ਅਚੇਤ ਬੱਚਿਆਂ ਦਾ ਵਿਦਿਅਕ ਭਵਿੱਖ ਧੁੰਦਲਾ ਹੋ ਜਾਵੇਗਾ। ਸੱਚ ਨੂੰ ਗ੍ਰਹਿਣ ਲੱਗਦਾ ਜਾਪੇਗਾ। ਨਤੀਜਾ ਇਹ ਹੋਵੇਗਾ ਕਿ ਅਸੀਂ ਆਪਣੇ ਪੁਰਖਿਆਂ, ਪੀਰਾਂ, ਫਕੀਰਾਂ ਅਤੇ ਗੁਰੂਆਂ ਵੱਲੋਂ ਦਰਸਾਏ ਹੋਏ ਅਸੂਲਾਂ, ਨੈਤਿਕਤਾ, ਸਦਾਚਾਰ ਅਤੇ ਮਰਯਾਦਾ ਤੋਂ ਗਿਰ ਜਾਵਾਂਗੇ ਤੇ ਸਾਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪਵੇਗਾ। ਇਸ ਤਰ੍ਹਾਂ ਕਰਨ ਨਾਲ ਇਹ ਵਡਮੁੱਲਾ ਅਤੇ ਪਾਕ-ਪਵਿੱਤਰ ਮਨੁੱਖੀ ਜੀਵਨ ਕੌਡੀਆਂ ਦੇ ਭਾਅ ਰੁਲ ਜਾਵੇਗਾ। ਉਪਰੋਕਤ ਢੰਗਾਂ ਨਾਲ ਦੀਵਾਲੀ ਵਰਗੇ ਪੁਨੀਤ ਤਿਉਹਾਰ ਮਨਾਉਣ ਵਾਲੇ ਭੈਣਾਂ, ਭਰਾਵਾਂ, ਦੋਸਤਾਂ, ਮਿੱਤਰਾਂ ਅਤੇ ਅੱਜ-ਕੱਲ੍ਹ ਦੇ ਕੌਮੀ ਨੌਜਵਾਨ ਵਾਰਸਾਂ ਨੂੰ ਅਜੋਕੀ ਬੁਰਾਈ ਅਤੇ ਦੁਰਦਸ਼ਾ ਤੋਂ ਬਚਾਇਆ ਜਾ ਸਕਦਾ ਹੈ। ਜੂਏ ਵਰਗੀਆਂ ਬੁਰੀਆਂ ਆਦਤਾਂ ਵਿੱਚ ਮਾਇਆ ਦੀ ਬਰਬਾਦੀ, ਔਲਾਦ ਪ੍ਰਤੀ ਲਾਪਰਵਾਹੀ, ਸ਼ਰਾਬ ਦੀਆਂ ਬੇਤੁਕੀਆਂ ਪਾਰਟੀਆਂ, ਕੰਨ ਪਾੜਵੇਂ ਪਟਾਕਿਆਂ ਦਾ ਸ਼ੋਰ-ਸ਼ਰਾਬਾ, ਵਾਤਾਵਰਣ ਨੂੰ ਧੂਏਂ ਨਾਲ ਪ੍ਰਦੂਸ਼ਤ ਕਰਨ ਵਾਲੀਆਂ ਸਮੱਗਰੀਆਂ ਅਤੇ ਸਮਾਜਿਕ ਬੁਰਾਈਆਂ ਆਦਿ ਤੋਂ ਸਮਾਜ ਨੂੰ ਛੁਟਕਾਰਾ ਦਿਵਾਇਆ ਜਾ ਸਕਦਾ ਹੈ, ਜਿਸ ਲਈ ਸਾਡੇ ਧਾਰਮਿਕ, ਸਮਾਜਿਕ ਅਤੇ ਸਿਆਸੀ ਲੀਡਰਾਂ, ਰੋਲ ਮਾਡਲਾਂ ਅਤੇ ਭਾਈਚਾਰਕ ਆਗੂਆਂ ਨੂੰ ਦਾਰਸ਼ਨਿਕ ਰੋਲ ਅਦਾ ਕਰਨਾ ਪਵੇਗਾ। ਚੰਗੀ ਜੀਵਨ ਸ਼ੈਲੀ ਨੂੰ ਅਪਨਾਉਣ ਨਾਲ ਅਸੀਂ ਪਰਵਾਰਿਕ ਕੰਗਾਲੀ ਤੋਂ ਵੀ ਬਚਾਂਗੇ ਅਤੇ ਬੱਚਿਆਂ ਨੂੰ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਦੀ ਸੇਧ ਵੀ ਦੇ ਸਕਾਂਗੇ, ਜਿਸ ਲਈ ਮਾਪਿਆਂ ਨੂੰ ਜਾਗਰੂਕ ਹੋਣ ਦੀ ਲੋੜ ਵੱਲ ਧਿਆਨ ਦੇਣਾ ਪਵੇਗਾ। ਅਸੀਂ ਸਲਾਹ ਦਿੰਦੇ ਹਾਂ ਕਿ ਜਿਸ ਇਸ਼ਟ ਨੂੰ ਵੀ ਤੁਸੀਂ ਮੰਨਦੇ ਹੋ, ਉਸ ਇਸ਼ਟ ਦੀਆਂ ਕਦਰਾਂ-ਕੀਮਤਾਂ ਅਨੁਸਾਰ ਆਪਣੇ ਧਾਰਮਿਕ ਅਕੀਦੇ ਉੱਪਰ ਟੇਕ ਰੱਖਦਿਆਂ ਆਪਣੇ ਘਰਾਂ ਵਿੱਚ ਰਲਮਿਲ ਕੇ ਇਸ ਉਤਸਵ ਨੂੰ ਆਪਣੇ ਪਰਿਵਾਰਾਂ ਵਿੱਚ ਖੁਸ਼ੀਆਂ ਤੇ ਖੇੜਿਆਂ ਨਾਲ ਮਨਾਈਏ। ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਦੀ ਤਬਾਹੀ ਤੋਂ ਬਚਣ ਲਈ ਇਨ੍ਹਾਂ ਗੁਨਾਹਾਂ ਤੋਂ ਕਿਨਾਰਾ ਕਰਨਾ ਸਾਡੇ ਲਈ, ਸਾਡੀ ਔਲਾਦ ਅਤੇ ਸਮੁੱਚੀ ਮਨੁੱਖਤਾ ਲਈ ਲਾਹੇਵੰਦ ਹੋਵੇਗਾ। ਆਓ! ਆਪਣੀਆਂ ਭਵਿੱਖੀ ਪੀੜ੍ਹੀਆਂ ਨੂੰ ਚੰਗੇ ਮਨੁੱਖ, ਚੰਗੇ ਦਾਨੀ, ਸੂਰਮੇ ਅਤੇ ਸਰਬ-ਦ੍ਰਿਸ਼ਟੀ ਮਨੁੱਖ ਬਣਾ ਕੇ ਸਰਬ-ਵਿਆਪੀ ਅਮਨ ਅਤੇ ਸ਼ਾਂਤੀ ਦਾ ਪੈਗ਼ਾਮ ਦੇਈਏ। ਆਪਣੇ ਫਰਜ਼ਾਂ ਦੀ ਪੂਰਤੀ ਕਰਨਾ ਹਰ ਮਾਂ ਬਾਪ ਦੀ ਵੀ ਜ਼ਿੰਮੇਵਾਰੀ ਹੈ, ਜਿਸ ਨੂੰ ਠੀਕ ਢੰਗ ਨਾਲ ਨਿਭਾਉਣ ਦੀ ਲੋੜ ਹੈ।

RELATED ARTICLES
POPULAR POSTS

ਗੰਧ

ਗ਼ਜ਼ਲ

ਗ਼ਜ਼ਲ