Breaking News
Home / ਨਜ਼ਰੀਆ / ਬੇਬੇ ਦਿਲਜੀਤ ਕੌਰ ਦੀ ਗਿਆਰਵੀਂ ਬਰਸੀ ‘ਤੇ” ਵਿਸ਼ੇਸ਼

ਬੇਬੇ ਦਿਲਜੀਤ ਕੌਰ ਦੀ ਗਿਆਰਵੀਂ ਬਰਸੀ ‘ਤੇ” ਵਿਸ਼ੇਸ਼

ਮਮਤਾ ਦੀ ਮੂਰਤ ਹੁੰਦੀਆਂ ਹਨ ਮਾਵਾਂ
ਡਾ: ਰਛਪਾਲ ਗਿੱਲ ਟੋਰਾਂਟੋ 416-669-3434
“ਮਾਵਾਂ ਠੰਡੀਆਂ ਛਾਵਾਂ-ਛਾਵਾਂ,
ਕਲਪ ਬਿਰਛ ਦੀਆਂ ਛਾਵਾਂ,
ਮਮਤਾ ਦੀ ਮੂਰਤ ਹਨ ਹੁੰਦੀਆਂ,
ਮਾਵਾਂ ਠੰਢੀਆਂ ਛਾਵਾਂ”।
ਯੋਗੀ ਬਣ ਮਨ ਸ਼ਾਂਤ ਨਾ ਹੋਇਆ
ਲੰਬੇ ਅਰਸੇ ਬੀਤੇ,ઠ
ਬਾਰੀਂ ਸਾਲੀਂ ਮਾਂ ਇੱਛਰਾਂ ਦੇ
ਜਦ ਮੁੜ ਦਰਸ਼ਨ ਕੀਤੇ,
ਪੂਰਨ ਨੇ ਪ੍ਰਮੇਸ਼ਰ ਡਿੱਠਾ
ਮਾਂ ਦੇ ਰੂਪ ‘ਚ ਸਾਵਾਂ੩੩੩”।
(ਬਾਪੂ ਪਾਰਸ ਜੀ)

ਬੇਬੇ ਜੀ ਗਿਆਰਾਂ ਵਰ੍ਹੇ ਪਹਿਲਾਂ ਅਪਰੈਲ 29, 2007 ਨੂੰ ਮੋਗੇ ਦੇ ਹਸਪਤਾਲ ਵਿਚ ਸਵੇਰੇ ਸੱਤ ਵੱਜ ਕੇ ਪੰਦਰਾਂ ਮਿੰਟ ‘ਤੇ, 88 ਸਾਲ ਦੀ ਉਮਰ ਭੋਗ ਕੇ ਪੂਰੇ ਹੋ ਗਏ ਸਨ।ઠ
ਮੇਰੀ ਮਾਤਾ ਦੀ ਮਮਤਾ ਦਾ ਮੁਹਾਂਦਰਾ ਵੀ ਦੁਨੀਆਂ ਦੀ ਹਰ ਮਾਂ ਦੇ ਮੋਹ ਨਾਲ਼ ਹੂ-ਬ-ਹੂ ਮਿਲ਼ਦਾ ਜੁਲ਼ਦਾ ਸੀ। ਬੇਬੇ ਦਾ ਪੇਕਾ ਪਿੰਡ ਬੋਪਾਰਾਏ ਕਲਾਂ, ਜ਼ਿਲ੍ਹਾ ਲੁਧਿਆਣਾ ਸੀ। ਉਹਦੀਆਂ ਪੰਜ ਭੈਣਾਂ ਅਤੇ ਇੱਕ ਭਰਾ ਸੀ। ਉਹ ਪਿੰਡ ਦੇ ਸਕੂਲ ਵਿਚੋਂ ਪੁਰਾਣੀਆਂ ਪੰਜ ਜਮਾਤਾਂ ਵੀ ਪਾਸ ਸੀ।
ਬੇਬੇ ਬੜੀ ਹੀ ਸਧਾਰਨ, ਗੰਭੀਰ, ਭਲੇ, ਠੰਡੇ, ਕੂਨੇ, ਠਰੰਮੇਂ, ਮਿੱਠੇ, ਸਾਊ ਜਿਹੇ ਸੁਭਾਅ, ਅਤੇ ਨਿੱਘੀ-ਪ੍ਰਵਿਰਤੀ ਵਾਲ਼ੀ ਘਰੇਲੂ ਤ੍ਰੀਮਤ ਸੀ। ਚਾਲ਼ੀਵਿਆਂ ਵਿਚ ਸਾਡੇ ਟੱਬਰ ‘ਤੇ ਬੜੀਆਂ ਹੀ ਆਰਥਿਕ ਤੰਗੀਆਂ ਅਤੇ ਹੋਰ ਬਹੁਤ ਸਾਰੀਆਂ ਘਰੇਲੂ ਦੁਸ਼ਵਾਰੀਆਂ ਨੇ ਬੇ-ਕਿਰਕ ਧਾਵੇ ਬੋਲੇ। ਐ-ਪਰ, ਪੁਰਾਣੀਆਂ ਦਾਨਸ਼ਵਰ-ਦਾਨੀ-ਧਰਮੀਂ ਇਸਤਰੀਆਂ ਵਾਂਗੂੰ ਉਹਨੇ ਹੌਸਲੇ ਦਾ ਪੱਲਾ ਨਾ ਛੱਡਿਆ, ਅਤੇ ਨਾ ਹੀ ਮਾਤਾ ਨੇ ਜੀਂਦੇ ਜੀ ਆਪਣੇ ਮੱਥੇ ‘ਤੇ ਕਿਸੇ ਕਿਸਮ ਦੇ ਹਊਕੇ ਜਾਂ ਝੋਰੇ ਦਾ ਵੱਟ ਪਾਇਆ। ਅੱਗੜ-ਪਿਛੜ ਦੋ-ਦੋ ਸਾਲ ਦੇ ਫ਼ਰਕ ਨਾਲ਼ ਛੇ ਜੁਆਕਾਂ ਦਾ ਪਾਲਣ-ਪੋਸਣ ਉਹਨੇ ਬੜੀ ਯੋਗ ਅਤੇ ਮਹਾਨ ਮਾਂ ਬਣ ਕੇ ਕੀਤਾ। ਘਰ ਦੀਆਂ ਬੇ-ਤਹਾਸ਼ਾ ਤੰਗੀਆਂ-ਤਰੁਸ਼ੀਆਂ ਵਿੱਚ ਵੀ ਉਹ ਮਾਨਸਿਕ ਤੌਰ ‘ਤੇ ਅਡੋਲ ਹੀ ਰਹੀ। “ਬਾਪੂ” ਨੂੰ ਸਹੀ ਮਾਹਨਿਆਂ ਵਿਚ “ਪਾਰਸ” ਬਨਾਉਣ ਵਿੱਚ ਬੇਬੇ ਦਾ ਬਹੁਤ ਵੱਡਾ ઠਯੋਗਦਾਨ ਸੀ। ਸਾਡਾ ਘਰ ਬੇਬੇ ਦੀ ਨਿਮਰਤਾ ਅਤੇ ਹਲੀਮੀ ਦੀ ਗੁੜਤੀ ਵਿਚੋਂ ਪ੍ਰਕਾਸ਼ਮਾਨ ਹੋਏ ਉਹਦੇ ਦਲੇਰੀ ਲੱਦੇ ਉੱਦਮ ਦੇ ਸਹਾਰੇ, ਤੇ ਉਹਦੀ ਸੂਖ਼ਮ-ਸਿਆਣਪ, ਰੱਜੀ-ਰੂਹ, ਤੇ ਖੁਲ੍ਹੇ-ਡੁਲ੍ਹੇ ਜੇਰ੍ਹੇ ਕਰਕੇ ਹੌਲ਼ੀ-ਹੌਲ਼ੀ ਅੱਗੇ ਵੱਧਦਾ ਗਿਆ।
ਉਹ ਹਮੇਸ਼ਾ ਹਰ ਗੱਲ ਨੂੰ ਜ਼ਿਆਦਾ ਗਹੁ ਨਾਲ਼ ਸੁਣਦੀ, ਪਰ ਵਿੱਚ ਬੋਲਦੀ-ਟੋਕਦੀ ਨਾ-ਮਾਤਰ ਹੀ ਸੀ, ਤੇ ਸਿਰਫ਼ ਹੁੰਗਾਰੇ ਨਾਲ਼ ਹੀ ਸਾਰ ਦਿੰਦੀ। ਉਹਨੇ ਕਦੇ ਕਿਸੇ ਨਾਲ਼ ਨਾ ਤਾਂ ਝੱਗੜਾ ਕੀਤਾ, ਤੇ ਨਾ ਹੀ ਉਹਦੇ ਵੱਲੋਂ ਕਦੇ ਸ਼ਕਾਇਤ ਕਰਨ ਦੀ ਕੋਈ ਨੌਬਤ ਆਈ। ਉਹਦੇ ਸੰਜਮੀ, ਸੰਕੋਚੀ, ਨਿਮਰਤਾ, ਹਲੀਮੀਂ, ਅਤੇ ਜ਼ਬਤ ਵਿਚ ਰਹਿਣ ਵਾਲ਼ੇ ਨਰਮ ਤੇ ਰੀਜ਼ਰਵ ਜਿਹੇ ਸੁਭਾਅ ਵਿੱਚ ਚੁਗਲੀ-ਨਿੰਦਿਆ ਤੇ ਤਕਰਾਰ ਕਰਨ ਵਾਲ਼ੇ ਝਗੜਾਲੂ ਪੰਛੀ ਕਦੇ ਵੀ ਆਲ੍ਹਣਾ ਪਾਉਣ ਦੀ ਜੁਅਰਤ ਨਾ ਕਰ ਸਕੇ। ਕੁਦਰਤੀ ਤੌਰ ‘ਤੇ ਉਹ ਹੱਸਦੀ ਬਹੁਤ ਘੱਟ ਸੀ, ਜ਼ਿਆਦਾ ਚੁੱਪ ਜਿਹੀ ਰਹਿ ਕੇ ਕੰਮਾ-ਕਾਜਾਂ ਵਿਚ ਰੁਝੀ ਰਹਿੰਦੀ। ਏਨੀ ਸ਼ਾਂਤ-ਦਿਲ ਸੀ ਕਿ ਉਹ “ਕਦੋਂ ਗੁੱਸੇ” ਹੈ, ਇਹਦੀ ਉੱਘ-ਸੁਘ ਦਾ ਉਹ ਪਤਾ ਹੀ ਨਾ ਲਗਣ ਦਿੰਦੀ। ਬੀਬੇ ਜਿਹੇ ਬੋਲਾਂ ਨਾਲ਼ ਉਹ ਹਰ ਇੱਕ ਦੇ ਦਿਲ ਅਤੇ ਮਨ ਵਿੱਚ “ਮਮਤਾ ਦਾ ਮੋਹ ਦਾ ਮੰਦਰ” ਉਸਾਰ ਕੇ ਉਸ ਅੰਦਰ ਆਦਰ-ਭਾਓ ਦੀ ਭਲੀ ਤੇ ਭੋਲ਼ੀ ਜਿਹੀ ਮੂਰਤ ਟਿਕਾ ਦਿੰਦੀ।
ਉਹਦੇ ਹੱਥਾਂ ਵਿਚ ਬੜੀ ਬਰਕਤ ਸੀ। ਇਹ “ਹੱਥ” ਚਾਹੇ ਰਸੋਈ ‘ਚ ਰੋਟੀ-ਟੁੱਕ ਦੇ ਆਹਰ ਵਿਚ ਰੁਝੇ ਹੋਏ ਆਟੇ-ਦਾਲ਼ਾਂ-ਸਬਜ਼ੀਆਂ, ਪ੍ਰਾਤਾਂ, ਤੇ ਪਤੀਲਿਆਂ ਨਾਲ਼ ਕੱੜਛੀ-ਜੰਗ ਕਰਦੇ ਖਹਿਬੜ ਰਹੇ ਹੋਣ, ਚਾਹੇ ਉਹ ਚੁੱਲੇ ਦੀ ਸੁਆਹ ਨਾਲ਼ ਮਾਂਜ-ਮੰਜਾਈ ਕਰਦਿਆਂ ਭਾਂਡਿਆਂ ਦੀਆਂ ਅੰਦਰੀ-ਬਾਹਰੀ ਤਹਿਆਂ, ਥੱਲਿਆਂ ਅਤੇ ਕਿਨਾਰਿਆਂ ਦੇ ਕੁਤ-ਕਤਾਰੀਆਂ ਕੱਢਦੇ ਹੋਣ, ਜਾਂ ਫਿਰ ਬੇਬੇ ਵੱਲੋਂ ਕਿਸੇ ਦਾ ਸਿਰ ਪਲੋਸਣ ਲਈ ਉਤਾਂਹ ਨੂੰ ਉਲਰਕੇ ਬਾਸਕਿਟਬਾਲੀ-ਪਹੁੰਚ ਨੂੰ ਅਪਨਾਉਣ ਵਾਲ਼ੀ ਸਰਗਰਮੀਂ ਕਰਦੇ ਹੋਣ, ਤੇ ਜਾਂ ਜਦੋਂ ਬੇਬੇ ਹੱਥ ਜੋੜ ਕੇ ਗੱਲਾਂ ਕਰਦੀ-ਕਰਦੀ ਕਿਸੇ ਲਈ ਦੁਆਵਾਂ ਤੇ ਸੁਖ ਮੰਗਣ ਦੀ ਅਰਾਧਨਾ ਕਰਨ ਵਿਚ ਮਸ਼ਰੂਫ਼ ਹੋਵੇ! ਇਓਂ ਓਸ ਵੇਲ਼ੇ ਬੇਬੇ ਦੇ ਇਹ ਹੱਥ ਆਪਣਾ ਅਸ਼ੀਰਵਾਦੀ “ਕਾਰੀਗਰੀ-ਕਰਤੱਵ” ਦਿਖਾਉਣ ਤੋਂ ਨ-ਚੱਲੇ ਨਾ ਰਹਿੰਦੇ।ઠ
ਹਰ ਸੁਘੜ-ਸਿਆਣੀ “ਸੁਆਣੀ” ਵਾਂਗੂੰ, ਬੇਬੇ ਨੇ ਘਰ ਦੇ ਸਾਰੇ ਕੰਮਾਂ-ਕਾਜਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ਼ ਵਿਉਂਤਿਆ ਹੋਇਆ ਸੀ। ਬਹੁਤ ਛੋਟੇ ਹੁੰਦਿਆਂ ਮੈਂ ਉਹਨੂੰ ਅਕਸਰ ਸੁਭਾ- ਸਵੇਰੇ, ਮੂੰਹ-ਹਨੇਰੇ ਉਠ ਕੇ ਘਰ ਦੇ ਛੋਟੇ-ਛੋਟੇ ਕੰਮਾਂ ਵਿਚ ਰੁਝੀ ਹੋਈ ਦੇਖਦਾ। ਉਹ ਆਥਣ-ਸਵੇਰ ਹੱਥੀਂ ਧਾਰਾਂ ਕੱਢਦੀ, ਦੁੱਧ ਰਿੜ੍ਹਕਦੀ, ਹਾਰੇ ਵਿਚ ਪਾਥੀਆਂ ਦੀ ਅੱਗ ਬਾਲ਼ ਕੇ ਕਾੜ੍ਹਨੀ ਵਿਚ ਦੁੱਧ ਪਾ ਕੇ ਸਾਰਾ ਦਿਨ ਕੜ੍ਹਨ ਲਈ ਰਖ ਦਿੰਦੀ। ਛੋਲਿਆਂ ਦੀ ਦਾਲ਼ ਦਲਣ, ਮਸਾਲੇ ਤੇ ਵੇਸਣ ਪੀਹਣ ਲਈ ਉਹ ਕਦੇ ਕਦੇ ਹੱਥੀਂ ਚੱਕੀ-ਝੋਣ ਦੇ ਕੰਮ ਨਾਲ਼ ਆਡਾ ਵੀ ਲਾ ਲੈਂਦੀ। ਬੜੇ ਚਾਵਾਂ ਨਾਲ਼ ਵੜੀਆਂ ਟੁੱਕਦੀ, ਤੌੜਾ ਮੂਧਾ ਕਰਕੇ ਜਾਂ ਫਿਰ ਨਿੱਕੇ ਜਿਹੇ ਹੈਂਡਲ ਵਾਲ਼ੀ ਛੋਟੀ ਜਿਹੀ ਸਲੇਟੀ-ਰੰਗੀ ਦੋ-ਮੂੰਹੀਂ ਮਸ਼ੀਨ ਨੂੰ ਮੰਜੇ ਦੇ ਪਾਵੇ ਨਾਲ਼ ਬੰਨ੍ਹ ਕੇ ਸੇਵੀਆਂ ਵੱਟਦੀ, ਫਿਰ ਉਹਨਾਂ ਨੂੰ ਵਿਹੜੇ ਵਿਚ ਮੰਜੇ ਜਾਂ ਕਰੀਰ ਦੇ ਛਾਪਿਆਂ ‘ਤੇ ਧੁੱਪੇ ਸੁਕਣੀਆਂ ਪਾ ਦੇਂਦੀ। ਠੰਡ ਦੇ ਜੁਆਨ ਹੋਣ ਤੋਂ ਪਹਿਲਾਂ-ਪਹਿਲਾਂ ਉਹ ਰਜ਼ਾਈਆਂ ਅਤੇ ਗਦੈਲਿਆਂ ਨੂੰ ਧੋ ਕੇ ਸੂਈਆਂ-ਘੰਧੂਈਆਂ ਨਾਲ਼ ਨਗੰਦਦੀ। ਸਾਡੇ ਵਾਸਤੇ ਖੇਸੀਆਂ ਤੇ ਖੇਸਾਂ ਦੇ ਬੰਬਲ਼ ਵੱਟ ਕੇ ਸਿਆਲ਼ਾਂ ਲਈ ਤਿਆਰ ਕਰਦੀ। ਸਰਦੀਆਂ ਵਿੱਚ ਖਾਓ-ਪੀਓ ਵੇਲ਼ੇ ਉਹ ਬੱਠਲ਼/ਕੜ੍ਹਾਹੀ ਵਿਚ ਗਰਮ ਪਾਣੀ ਨਾਲ਼ ਸਾਡੇ ਮੂੰਹ-ਹੱਥ-ਪੈਰ ਧੋ ਕੇ, ਸਰ੍ਹੋਂ ਦਾ ਤੇਲ ਲਾ ਕੇ, ਰਜ਼ਾਈਆਂ ਦੇ ਕੇ ਸੌਣ ਲਈ ਮੰਜਿਆਂ ‘ਤੇ ਪਾ ਦਿੰਦੀ। ਸਾਡਾ ਘਰ ਕੱਚਾ ਹੁੰਦਾ ਸੀ। ਉਹ ਕੰਧਾਂ-ਕੋਠਿਆਂ ਨੂੰ ਲਿਪਦੀ ਤੇ ਪੋਚਾ ਵੀ ਮਾਰਦੀ। ਮੀਹਾਂ ਦੇ ਮੌਸਮਾਂ ਵਿਚ ਕੰਧਾਂ ਦੇ ਲੱਥੇ-ਲਿਊੜਾਂ ਨੂੰ ਦੋਬਾਰਾ ਲਿੱਪਣ ਵਿਚ ਕਦੇ ਵੀ ਘੌਲ਼ ਨਾ ਕਰਦੀ। ਤਮਾਮ ਜ਼ਿੰਦਗੀ ਮੈਂ ਬੇਬੇ ਨੂੰ ਕਦੇ ਵੀ ਅੱਕਦਿਆਂ, ਥੱਕਦਿਆਂ, ਰਿਝਦਿਆਂ, ਖਿਝਦਿਆਂ, ਚਿੜ-ਚਿੜ, ਤੇ ਖਊਂ-ਖਊਂ ਕਰਦੇ ਨਹੀਂ ਦੇਖਿਆ। ਅੱਜ ਵੀ ਚੁਪ-ਚਾਪ ਇਹ ਸਾਰੇ ਨਿੱਕੇ-ਨਿੱਕੇ ਕੰਮ-ਕਾਜ ਕਰਦੀ, ਉਹ ਮੈਨੂੰ ਹਾਲੇ ਵੀ ਮੇਰੇ ਮਨ ਦੇ ਖਿਆਲਾਂ ਦੀਆਂ ਅੱਖਾਂ ਮੂਹਰੇ ਓਵੇਂ ਦੀ ਓਵੇਂ ਤੁਰੀ ਫਿਰਦੀ ਨਜ਼ਰ ਆ ਰਹੀ ਹੈ।
ਸਾਡਾ ਦਲਾਨ ਹਮੇਸ਼ਾ ਆਂਢ-ਗੁਆਂਢਣਾ ਨਾਲ਼ ਭਰਿਆ ਰਹਿੰਦਾ। ਬੇਬੇ ਦੀਆਂ “ਸਖੀਆਂ” ਦਰੀਆਂ- ਬੁਣਦੀਆਂ, ਚਰਖੇ-ਕੱਤਦੀਆਂ, ਤੇ ਵਿਹੜੇ ਵਿਚ ਲੱਗੇ ਤੰਦੂਰ ‘ਤੇ ਰੋਟੀਆਂ ਵੀ ਲਾਹੁੰਦੀਆਂ। ਪਿੰਡ ਦੇ ਹਰ ਛੋਟੇ-ਵੱਡੇ ਜੁਆਕ ਦਾ ਜਦ ਵੀ ਗਲ਼ਾ ਪੱਕ ਜਾਂਦਾ ਤਾਂ ਉਹ ਨ-ਝਿੱਜਕ ਹੋ ਕੇ ਬੇਬੇ ਕੋਲ਼ ਆ ਜਾਂਦਾ। ਪਤਲੇ ਜਿਹੇ ਸਾਫ਼ ਕੀਤੇ ਡੱਕੇ ‘ਤੇ ਰੂੰ ਦੇ ਫੰਬੇ ਨੂੰ ਵਲੇਟ ਕੇ, ਚੀਚੀ ਕੁ ਜਿੱਡੀ ਸ਼ੀਸ਼ੀ ਵਿਚੋਂ ਡੋਬਾ ਲਾ ਕੇ ਗਲਿਸਉਰਿਨ ਨੂੰ ਸੰਘ ਵਿਚ ਲਾਉਣ ਦੀ ਬੇਬੇ ਨੂੰ ਚੰਗੀ ਮੁਹਾਰਤ ਸੀ। ਦੁਖਦੀਆਂ ਅੱਖਾਂ ਵਿਚ ਖੱਟੇ ਜਿਹੇ ਰੰਗ ਦੀ ਦਵਾਈ ਨੂੰ ਪਿਚਕਾਰੀ ਨਾਲ਼ ਪਾਉਣ ਦਾ ਹੁਨਰ ਵੀ ਬੇਬੇ ਦਾ ਧਰਮ-ਪੁੱਤਰ ਬਣਿਆ ਹੋਇਆ ਸੀ। ਨਿੱਕੇ-ਨਿੱਕੇ ਬੱਚਿਆਂ ਲਈ ਇਹ ਮੁਫ਼ਤ ਸੇਵਾ ਕਰਨਾ ਉਹਦੇ ਰੋਜ਼ਾਨਾ ਕੰਮਾਂ ਦੀ ਸੂਚੀ ਦਾ ਸਭ ਤੋਂ ਪਿਆਰਾ ਸ਼ੌਕ ਸੀ। ਛੋਟੇ ਹੁੰਦਿਆਂ ਮੈਂ ਮੂਲ਼ੋਂ ਬਾਹਲ਼ਾ ਪਤਲਾ ਅਤੇ ਮਰੂਏ ਜਿਹੇ ਸ਼ਰੀਰ ਦਾ ਹੋਣ ਕਰਕੇ, ਜਦ ਬੁੜੀਆਂ ਚੌੜ-ਚੌੜ ‘ਚ ਮੈਨੂੰ “ਅਮਲੀ” ਕਹਿ ਕੇ ਚੜ੍ਹਾਉਂਦੀਆਂ, ਤਾਂ ਇਹ ਬੇਬੇ ਨੂੰ ਹਰਗ਼ਿਜ਼ ਚੰਗਾ ਨਾ ਲਗਦਾ। ਉਹ ਉਹਨਾਂ ਨੂੰ ਮਿੱਠਾ ਜਿਹਾ ਕੌੜ ਕੇ ਕਹਿੰਦੀ,”ਨਾ ਨੀ ਅੜੀਓ! ਇਹਨੂੰ ਅਮਲੀ ਨਾ ਕਹੋ, ਇਹ ਤਾਂ ਮੇਰਾ “ਪੇਟ-ਘਰੋੜੀ” ਦਾ ਕਰਮਾਂ ਵਾਲ਼ਾ ਹੈ ।ઠ
ਸਰਦੀਆਂ ਵਿਚ ਉਹ ਖੋਆ ਮਾਰ ਕੇ, ਪਿੰਨੀਆਂ ਵੱਟ ਕੇ, ਉਹਨਾਂ ਨੂੰ ਪਿੱਤਲ਼ ਦੇ ਸੁਨਿਹਰੀ-ਰੰਗੇ ਗੋਲ਼ ਜਿਹੇ ਮੂੰਹ ਵਾਲ਼ੇ “ਦੋਹਣੇ” ਵਿਚ ਪਾ ਦਿੰਦੀ, ਅਤੇ ਸਵੇਰੇ ਚਾਹ ਨਾਲ਼ ਸਾਨੂੰ ਸਾਰਿਆਂ ਨੂੰ ਇੱਕ-ਇੱਕ ਪਿੰਨੀ ਖਾਣ ਲਈ ਦੇ ਦਿੰਦੀ। ਚੱਪਣ ਨਾਲ਼ ਢਕੇ, ਪੇਟੀ ਦੇ ਥੱਲੇ ਰੱਖੇ “ਦੋਹਣੇ” ਵਿਚੋਂ ਕਈ ਵਾਰ “ਮੈਂ ਤੇ ਇਕਬਾਲ” ਗਾਹੇ-ਬਿਗਾਹੇ ਚੋਰੀਓਂ ਪਿੰਨੀਆਂ ਕੱਢ ਕੇ “ਗਾਛਾ” ਵੀ ਲਾ ਜਾਂਦੇ। ਬੇਬੇ ਸਾਨੂੰ ਫ਼ੜ ਲੈਂਦੀ, ਗੁੱਸੇ ਨਾ ਹੁੰਦੀ, ਮੂੰਹ ‘ਤੇ ਪੋਲੀਆਂ-ਪੋਲੀਆਂ ਉਂਗਲ਼ਾਂ ਫੇਰ ਕੇ ਹੱਸ ਪੈਂਦੀ, ਪਰ ਕਹਿੰਦੀ ਕੁੱਛ ਨਾ। ਇਹ ਸੀ ਉਹਦੀ ਗੁੰਗੀ-ਨਿੱਘੀ ਮਮਤਾ, ਜੋ ਮੈਨੂੰ ਹੁਣ ਵੀ ਯਾਦ ਆ ਕੇ ਬੇਬੇ ਦੀ ਗੋਦ ਵਿਚ ਦੁੱਧ ਚੁੰਘਦਾ ਉਹੀ ਅਲੂਆਂ ਜਿਹਾ ਜੁਆਕ ਬਣਾ ਕੇ ਬਿਠਾ ਦਿੰਦੀ ਹੈ। ઠઠ
ਪਿੰਡ ਦਾ ਹਰ ਵੱਡਾ-ਛੋਟਾ, ਸਾਰੇ ਰਿਸ਼ਤੇਦਾਰ, ਅਤੇ ਤਮਾਮ ਮਿੱਤਰ-ਸੱਜਣ ਉਹਨੂੰ ਬੇਬੇ ਜੀ ਕਹਿ ਕੇ ਬੁਲਾਉਂਦੇ ਸਨ। ਘਰ ਕੋਈ ਸਾਕ-ਸਬੰਧੀ ਜਾਂ ਮਹਿਮਾਨ ਆ ਜਾਂਦਾ ਤਾਂ ਉਹਨੂੰ ਚੇਹਾਂ ਚੜ੍ਹ ਜਾਂਦੀਆਂ।
“ਢਹਿ-ਜਾਣਾ, ਜਾਇ-ਖਾਣਾ, ਟਿੱਡੀ-ਪਲ਼ਪੀਹੀ ਸਮਝਣਾ” -ਇਹ ਤਿੰਨ ਲਫ਼ਜ਼ ਉਹਦੇ ਤਕੀਆ ਕਲਾਮ ਸਨ। ਜਿਹਨਾਂ ਦੀ ਵਰਤੋਂ ਉਹ ਆਮ ਹੀ ਕਰਦੀ ਰਹਿੰਦੀ। ਬੈਠੇ-ਬੈਠਿਆਂ ਜਦੋਂ ਵੀ ਕਦੇ ਬੇਬੇ, ਕੋਇਆਂ ਵਿਚੋਂ ਗਿੱਡ ਕੱਢਣ ਲਈ, ਚੁੰਨੀਂ ਦੇ ਪਲੂ ਨਾਲ਼ ਅੱਖਾਂ ਸਾਫ਼ ਕਰਦੀ- ਤਾਂ ‘ਹੇ ਵਾਹਿਗੁਰੂ ਭਲਾ ਕਰੀਂ’ ਜ਼ਰੂਰ ਕਹਿੰਦੀ। ਉਹਦੀ ਧਾਰਮਿਕ-ਰੰਗ ਵਿਚ ਰੰਗੀ ਇਸ ਪਿਆਰੀ ਆਦਿਤੀ-ਸੁਰ ਨਾਲ਼, ਮੈਂ ਵੀ ਉਹਦੇ ਨਾਲ਼ ਹੀ ਗੁੰਗੀ-ਸੁਰ ਵਿਚ ਸੁਰ ਮਿਲਾਉਣਾ ਪੂਰੀ ਤਰ੍ਹਾਂ ਗਿੱਝ ਗਿਆ ਸੀ।
ਸੁਹਿਰਦ ਸੰਨੇਹੀਓ! ਮਾਂ ਦੀ ਅੱਖ ਵਿਚੋਂ ਜਦੋਂ ਕਦੇ ਵੀ ਖੁਸ਼ੀ ਅਤੇ ਪਿਆਰ ਦੇ ਹੰਝੂ, ਬੁੱਕਲ਼ ‘ਚ ਬੈਠੇ ਬੱਚੇ ਦੇ ਚਿਹਰੇ, ਬੁਲਾਂ, ਜਾਂ ਮੱਥੇ ‘ਤੇ ਡਿੱਗਦੇ ਹਨ ਤਾਂ ਓਦੋਂ “ਸਵੱਰਗ” ਖੁਦ ਆਪ ਨੰਗੇ ਪੈਰੀਂ ਚਲ ਕੇ ਬਾਲ ਦੇ ਮੁਖੜੇ ਉੱਤੇ ਮਲਾਰਾਂ ਤੇ ਲਾਡਾਂ ਦੇ ਅਦੁੱਤੀ ਆਨੰਦ ਦੀ ਮਿੱਠੀ-ਮਿੱਠੀ ਟਕੋਰ ਕਰਨ ਵਿਚ ਰੁਝ ਜਾਂਦਾ ਹੈ। ਜੇ ਕਿਤੇ ਅੰਮੜੀ ਦੇ ਨੈਣਾ ਵਿਚੋਂ ਗ਼ਮ ਅਤੇ ਦੁੱਖ ਦੇ ਹੰਝੂ ਕਿਰ ਪੈਣ ਤਾਂ ਪ੍ਰਕਿਰਤੀ ਦੇ ਹਰ ਜ਼ਰੇ ਦਾ ਚਿਹਰਾ ਜ਼ਖ਼ਮੀਂ ਹੋ ਜਾਂਦਾ ਹੈ। ઠ
ਜਦੋਂ ਮਾਂ ਲਾਡ ਨਾਲ਼ ਆਪਣੇ ਧੀ-ਪੁੱਤ ਦੇ ਸਿਰ ਦੇ ਵਾਲ਼ਾਂ ਵਿਚ ਗੁਦ-ਗੁਦੀਆਂ ਉਂਗਲ਼ਾਂ ਫੇਰ ਕੇ ਮੋਹ ਦੀ ਮਿੱਠੀ-ਮਿੱਠੀ ਗਿਰਦਾਵਰੀ ਕਰਦੀ ਹੈ ਤਾਂ ਅਰਬਾਂ-ਖ਼ਰਬਾਂ ਮੱਕਿਆਂ ਦਾ ਹੱਜ ਹੋ ਜਾਂਦਾ ਹੈ। ਦੁਨਿਆਵੀ ਮੱਕੇ ਜਾਣ ਲਈ ਹਜ਼ਾਰਾਂ ਕੋਹਾਂ ਦਾ ਪੈਂਡਾ ਤਹਿ ਕਰਨਾ ਪੈਂਦਾ ਹੈ, ਪਰ ਪਲਕਾਂ ਮੂਹਰੇ ਬੈਠੀ ਮਾਂ ਦੇ ਚਰਨ ਛੋਹਣ ਨਾਲ਼ ਤਾਂ ਘਰ ਬੈਠਿਆਂ ਹੀ ਲੱਖਾਂ ਮਦੀਨਿਆਂ ਦੀ ਪਰਕਰਮਾ ਸੁਤੇ-ਸਿੱਧ ਹੀ ਹੋ ਜਾਂਦੀ ਹੈ, ਅਤੇ ਇਸ “ਕਾਬੇ” ਦੀ ਦਹਿਲੀਜ਼ ‘ਤੇ ਨਾ ਤਾਂ ਸਿਰ ਕੱਜਣ ਦੀ ਅਤੇ ਨਾ ਹੀ ਕਿਸੇ ਕਿਸਮ ਦੇ ਪਖੰਡ ਤੇ ਵਜ਼ੂਹ ਕਰਨ ਦੀ ਜ਼ਰੂਰਤ ਪੈਂਦੀ ਹੈ।ઠ
ਮਾਂ ਦੇ ਕੋਮਲ ਅਤੇ ਨਿਰਛੱਲ ਜਜ਼ਬਾਤ ਸੱਤ ਸਮੁੰਦਰਾਂ ਦੇ ਨੀਰਾਂ ਉੱਤੇ ਵਹਿੰਦੀਆਂ ਲਹਿਰਾਂ ਦਾ ਉਹ ਗਹਿਰ- ਗੰਭੀਰੀ ਵਹਾਅ ਹਨ ਜੋ ਕਦੇ ਵੀ ਮੱਠੇ ਨਹੀਂ ਪੈਂਦੇ, ਅਤੇ ਜਿਹਨਾਂ ਦੀ ਤਹਿ ਉਤੇ “ਮਮਤਾ ਦੀ ਤੜ੍ਹਪ ਤੇ ਖਿੱਚ” ਹਮੇਸ਼ਾ ਇਕਸਾਰ ਤਰਦੀਆਂ ਹੋਈਆਂ ਪ੍ਰੇਮ ਦੇ ਅ-ਮੁੱਕ ਸਫਰ ਨੂੰ ਗਲਵੱਕੜੀ ਪਾਈ ਰੱਖਦੀਆਂ ਹਨ। ਮਾਂ ਦੀਆਂ ਬੱਤੀ ਧਾਰਾਂ ਵਿਚ ਕੁਦਰਤ ਨੇ ਅਨੁਭੱਵਤਾ ਦੀ ਅਜਿਹੀ ਵਿਲੱਖਣ ਖਿੱਚ ਅਤੇ ਸ਼ਕਤੀ ਭਰੀ ਹੋਈ ਹੈ ਕਿ ਪੁੱਤਾਂ-ਧੀਆਂ ਦੇ ਮਨਾ ਅੰਦਰ ਭਾਵੇਂ ਜਿੰਨੀਆਂ ਵੀ ਪੀੜਾਂ ਤੇ ਦਰਦ, ਲਕੋ ਦੀ ਛਾਉਣੀ ਪਾਈ ਬੈਠੇ ਹੋਣ, ਉਹ ਫੌਰਨ ਮਾਵਾਂ ਦੇ ਨਹੁੰਆਂ ਵਿਚ ਹੋਣ ਦੀ ਸਾਖੀ ਭਰ ਦਿੰਦੀਆਂ ਹਨ। ਮੁਸੀਬਤਾਂ ਅਤੇ ਮਾਯੂਸੀ ਦੇ ਪ੍ਰਛਾਵਿਆਂ ਨੂੰ ਧੀ-ਪੁੱਤ ਕਿੰਨਾ ਵੀ ਮਰਜ਼ੀ ਛੁਪਾ ਲੈਣ, ਮੁਰਝਾਏ ਚਿਹਰਿਆਂ ਦੀ ਇਬਾਰਤ ਮਾਵਾਂ ਝੱਟ-ਪੱਟ ਪੜ੍ਹ ਲੈਂਦੀਆਂ ਹਨ ਕਿ ਮਾਜਰਾ ਕੀ ਹੈ। ਅਕਸਰ ਹੀ ਧੀਆਂ-ਪੁੱਤਾਂ ਦੇ ਦੁੱਖ ਮਾਵਾਂ ਦੀਆਂ ਆਤਮਾਂਵਾਂ ਨੂੰ ਛੱਲਣੀ ਕਰਕੇ ਕੀਚਰਾਂ-ਕੀਚਰਾਂ ਕਰ ਦਿੰਦੇ ਹਨ।
ਮਾਂ ਦੇ ਪਿਆਰ ਅਤੇ ਮਮਤਾ ਦੇ ਮਹਿਲ ਨੂੰ ਕਦੇ ਵੀ ਲਫ਼ਜ਼ਾਂ ਦੀ ਕਰੰਡੀ ਨਾਲ਼ ਉਸਾਰਿਆ ਨਹੀਂ ਜਾ ਸਕਦਾ। ਮੰਨਣਾ ਪਵੇਗਾ ਕਿ ਮਾਂ ਦੇ ਹੱਥਾਂ ਵਿਚ ਔਲ਼ਾਦ ਦੇ ਪਾਲਣ-ਪੋਸਣ ਦੀ ਧੁੱਸੀ ਹੋਈ ਮੈਲ਼ ਦੀ ਅਦ-ਭੁੱਤ ਸੁਗੰਧ ਨਾਲ਼ੋਂ ਇਸ ਜਗਤ ਦਾ ਕੋਈ ਵੀ ਤੀਰਥ ਵੱਡਾ ਨਹੀਂ ਹੈ। ਧੀਆਂ-ਪੁੱਤਾਂ ਦੇ ਸੰਸਾਰੀ ਓਹੜ-ਪੋਹੜ ਕਰਦਿਆਂ-ਕਰਦਿਆਂ, ਮਾਂ ਦੇ ਹੱਥਾਂ-ਪੈਰਾਂ ਵਿਚ ਪਈਆਂ ਅੱਟਣੀਆਂ ਅਤੇ ਪਾਟੀਆਂ ਬਿਆਈਆਂ ਨੂੰ ਧੋਣ, ਮਾਲਿਸ਼ ਕਰਨ, ਅਤੇ ਮਰ੍ਹਮ ਲਾਉਣ ਨਾਲ਼, ਘਰ ਬੈਠਿਆਂ-ਬੈਠਿਆਂ ਹੀ ਅਰਬਾਂ ਅੱਠ-ਸੱਠ ਤੀਰਥਾਂ ਦਾ ਨਹਾਉਣ ਅਤੇ ਦਰਸ਼ਨ ਹੋ ਜਾਂਦੇ ਹਨ, ਤੇ ਸਿੱਟੇ ਵਜੋਂ ਲੱਖਾਂ-ਕਰੋੜਾਂ ਸਰੋਵਰਾਂ ਵਿਚ ਟੁੱਬੀਆਂ ਮਾਰਨ ਦੀ ਮਨੁੱਖੀ-ਸ਼ਰਧਾ ਬੌਨੀ ਹੋ ਜਾਂਦੀ ਹੈ।ઠ
ਹਰ ਮਾਂ ਵੱਲੋਂ ਮਣਾ-ਮੂੰਹੀਂ ਮਲਾਰਾਂ ਦੀਆਂ ਛਹਿਬਰਾਂ ਲਾਉਣਾ, ਉਹਦੀ ਮੁਹੱਬਤ ਦੀ ਮਾਖਿਓਂ-ਮਿੱਠੀ “ਮੇਰ” ਦੇ ਮੇਘ ਦਾ ਮਧ-ਹੋਸ਼ ਹੋ ਕੇ ਵਰ੍ਹਨਾ, ਮਾਂ ਦੇ ਮੁਖੜੇ ‘ਤੇ ਮੁਜ਼ਾਹਰਾ ਕਰਦੀ ਮਹਿੰਦੀ-ਰੰਗੀ ਮੁਸਕਾਨ ਦਾ ਖਿੜਨਾ, ਉਹਦੇ ਮੁਖਾਰਬੰਦ ਵਿਚੋਂ ਮੁਗਧ ਕਰ ਦੇਣ ਵਾਲ਼ੇ ਮਿਹਰਾਂ-ਰੂਪੀ ਬੋਲਾਂ ਦੇ ਬੱਦਲ਼ਾਂ ਵਿਚੋਂ ਮੂਕ ਦੁਆਵਾਂ ਦੇ ਮੋਲੇਧਾਰ-ਮੀਂਹ ਦਾ ਬਰਸਣਾ, ਉਹ ਦੇ ਸਾਹਾਂ ‘ਚੋਂ ਮਾਤਰੀ-ਮੋਹ ਦੀ ਮਹਿਕ ਦੇ ਮੋਰਾਂ ਦਾ ਝੂੰਮ-ਝੂੰਮ ਕੇ ਪੈਲਾਂ ਪਾਉਣਾ, ਅਤੇ ਮਮਤਾ ਦੀ ਮਾਸੂਮੀਅਤ ਵਿੱਚੋਂ ਮਿਠਾਸ ਦੀ “ਮੁਕੱਦਸ-ਮਿਸ਼ਰੀ” ਰੂਪੀ ਝੱੜੀ ਦੇ ਝਰਨਿਆਂ ਦਾ ਆਪ-ਮੁਹਾਰੇ ਵਹਿ ਤੁਰਨਾ, ਹਕੀਕਤ ਵਿੱਚ ਇਹ ਸਾਡੀਆਂ ਮਾਵਾਂ ਨੂੰ ਕੁਦਰਤ ਵੱਲੋਂ ਮਿਲ਼ਿਆ ਇੱਕ “ਮਹਾਨ ਵਰਦਾਨ” ਹੈ।
ਕੁਦਰਤ ਦਾ ਇਹ ਵਰਤਾਰਾ ਬੱਚਿਆਂ ਲਈ ਮਾਨਸਿਕ-ਖੁਸ਼ੀਆਂ ਦਾ ਅੰਬਾਰ ਬਣ ਕੇ ਉਹਨਾਂ ਨੂੰ ਜ਼ਹਿਨੀ ਤੌਰ ‘ਤੇ ਮਜ਼ਬੂਤ ਅਤੇ ਮਾਲਾ-ਮਾਲ ਕਰ ਦਿੰਦਾ ਹੈ। ਨਿਰਸੰਦੇਹ, ਉਪ੍ਰੋਕਤ ਵਲ-ਵਲਿਆਂ ਦੀ ਗਹਿਰਾਈ ਨੂੰ ਅਨੁਭਵ ਤਾਂ ਭਾਵੇਂ ਆਪਾਂ ਕਰ ਲਈਏ, ਪਰ “ਮਾਂ ਦੇ ਮੋਹ ਰੂਪੀ” ਮਾਪ-ਦੰਡ ਨੂੰ ਮਾਪਣਾ ਅਤੇ ਮੁਕੱਰਰ ਕਰਨਾ ਅਸਲੋਂ ਹੀ ਨਾ-ਮੁਮਕਿਨ ਹੈ।
ਬੇਬੇ ਅਤੇ “ਪਾਰਸ ਬਾਪੂ ਜੀ” ਸਤੰਬਰ, 1977 ਵਿਚ ਪਹਿਲੀ ਵਾਰ ਕੈਨੇਡਾ ਆਏ। ਨੂੰਹਾਂ/ਪੁੱਤਾਂ/ਧੀਆਂ, ਪੋਤੇ/ਪੋਤੀਆਂ, ਧੋਤੇ/ਧੋਤੀਆਂ, ਅਣ-ਗਿਣਤ ਸੁਹਿਰਦ ਸਨੇਹੀਆਂ, ਅਤੇ ਵਿਸ਼ਾਲ ਕੁੜਮ-ਕਬੀਲੇ ਵੱਲੋਂ ਮਿਲ਼ੇ ਲੋਹੜਿਆਂ ਦੇ ਮੋਹ, ਆਦਰ-ਸਤਿਕਾਰ ਤੇ ਅਪਣੱਤ ਦੇ ਗੱਫਿਆਂ ਦਾ 28 ਵਰ੍ਹੇ ਆਨੰਦ ਮਾਣਦੇ ਹੋਏ, ਅੰਤ ਉਹ ਅਕਤੂਬਰ 2005 ਵਿਚ ਵਾਪਿਸ ਭਾਰਤ ਚਲੇ ਗਏ। ਬੇਬੇ ਨੇ ਅਪਰੈਲ 29, 2007 ਵਾਲ਼ੇ ਦਿਨ ਇਸ ਰੰਗੀਂ ਵਸਦੇ ਜਹਾਨ ਦੇ ਭਰੇ ਮੇਲੇ ਨੂੰ ਆਖ਼ਰੀ ਅਲਵਿਦਾ ਕਹਿ ਦਿਤੀ।ઠ
ਬੇਬੇ ਮੇਰੇ ਲਈ ਖੁਦਾਈ-ਨੂਰ ਦਾ ਅ-ਮੁੱਕ ਖ਼ਜ਼ਾਨਾ ਅਤੇ ਇਲਾਹੀ-ਲੋਰੀਆਂ ਦੀ ਦੁਰਲੱਭ-ਥਾਪਨਾ ਸੀ। ਜਿਸ ਦੇ ਅੰਮ੍ਰਿਤੀ-ਨਿਘਾਸ ਨੂੰ ਅਨੁਭਵ ਕਰਦਿਆਂ, ਹੁਣ ਵੀ ਮੈਂ ਹਰ ਰੋਜ਼ ਰਾਤ ਨੂੰ ਗੜੂੰਦ ਨੀਂਦ ਨਾਲ਼ ਅੱਠ-ਖੇਲੀਆਂ ਕਰਨ ਦਾ ਆਦੀ ਹੋ ਗਿਆ ਹਾਂ। ਅੱਜ ਮੈਂ ਮੇਰੀ ਮਾਤਾ ਨੂੰ ਯਾਦ ਕਰਦਿਆਂ ਦੁਨੀਆ ਦੀ ਹਰ ਮਾਂ ਨੂੰ ਸਲਾਮ ਕਰਦਾ ਹਾਂ ਅਤੇ ਇਸ ਹਕੀਕਤ ਨੂੰ ਸਵੀਕਾਰ ਕਰਦਿਆਂ ਗੁਣ-ਗੁਣਾਉਣ ਵਿਚ ਫਖ਼ਰ ਮਹਿਸੂਸ ਕਰਦਾ ਹਾਂ ਕਿ ….
“ਦੂਜੀ ਗਿਣਤ ‘ਚ ਆਉਂਦੇ ਰਿਸ਼ਤੇ ਦੂਰ ਨੇੜ ਦੇ ਸੱਭੇ,ઠ
ਧਰਤੀ ਛਾਣ ਸਮੁੰਦਰ ਪੁਣਿਆਂ ਮਾਂ ਦਾ ਬਦਲ ਨਾ ਲੱਭੇ,ઠ
ਪਿੱਪਲ਼ ਬੋਹੜ ਕਰੋੜਾਂ ਰਲ਼ਕੇ ਮੱਲ ਨਾ ਸੱਕਣ ਥਾਵਾਂ,ઠ
ਮਰੀ ਜਿਊਂਦੀ ઠ”ਮਾਂ” ਨੂੰ “ਪਾਰਸ” ਸੌ ਸੌ ਸੀਸ ਝੁਕਾਵਾਂ,ઠ
ਹੁੰਦੀਆਂ ਨੇ ਜਨਤ ਦੀ ਮੂਰਤ ਮਾਵਾਂ ਠੰਡੀਆਂ ਛਾਵਾਂ”
(ਬਾਪੂ ਪਾਰਸ ਜੀ)

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …