Breaking News
Home / ਹਫ਼ਤਾਵਾਰੀ ਫੇਰੀ / ਵਿਸ਼ਵ ਪੰਜਾਬੀ ਸਭਾ ਵੱਲੋਂ ਟੋਰਾਂਟੋ ਵਿਖੇ ਵਰਲਡ ਪੰਜਾਬੀ ਕਾਨਫਰੰਸ 16,17 ਤੇ 18 ਅਗਸਤ ਨੂੰ : ਡਾ. ਕਥੂਰੀਆ, ਪ੍ਰੋ. ਗੁਰਭਜਨ ਸਿੰਘ ਗਿੱਲ

ਵਿਸ਼ਵ ਪੰਜਾਬੀ ਸਭਾ ਵੱਲੋਂ ਟੋਰਾਂਟੋ ਵਿਖੇ ਵਰਲਡ ਪੰਜਾਬੀ ਕਾਨਫਰੰਸ 16,17 ਤੇ 18 ਅਗਸਤ ਨੂੰ : ਡਾ. ਕਥੂਰੀਆ, ਪ੍ਰੋ. ਗੁਰਭਜਨ ਸਿੰਘ ਗਿੱਲ

ਟੋਰਾਂਟੋ, ਲੁਧਿਆਣਾ/ਬਿਊਰੋ ਨਿਊਜ਼ : ਵਿਸ਼ਵ ‘ਚ ਵੱਸਦੇ ਸਮੂਹ ਪੰਜਾਬੀਆਂ ਲਈ ਇਹ ਬੜੇ ਮਾਣ ਦੀ ਗੱਲ ਹੈ ਕਿ ਵਿਸ਼ਵ ਪੰਜਾਬੀ ਸਭਾ ਟੋਰਾਂਟੋ (ਕੈਨੇਡਾ) ਵੱਲੋਂ 16-17-18 ਅਗਸਤ 2024 ਨੂੰ ਵਿਸ਼ਵ ਪੰਜਾਬੀ ਭਵਨ ਟੋਰਾਂਟੋ ਵਿਖੇ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਈ ਜਾ ਰਹੀ ਹੈ। ਇਸ ਸੰਸਥਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਨੇ ਇੱਕ ਲਿਖਤੀ ਸੰਦੇਸ਼ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਇੱਕ ਸਾਲ ਵਿੱਚ ਜਿਸ ਅੰਦਾਜ਼ ਨਾਲ ਸਿਲਸਿਲੇਵਾਰ ਵਿਸ਼ਵ ਪੰਜਾਬੀ ਸਭਾ ਦਾ ਡਾ. ਸ ਪ ਸਿੰਘ, ਸ. ਇੰਦਰਜੀਤ ਸਿੰਘ ਬੱਲ, ਡਾ. ਬਲਵਿੰਦਰ ਸਿੰਘ ਤੇ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਸਰਪ੍ਰਸਤੀ ਅਧੀਨ ਪਿਛਲੇ ਇੱਕ ਸਾਲ ਵਿੱਚ ਦੇਸ਼ ਵਿਦੇਸ਼ ਵਿੱਚ ਵੱਖ-ਵੱਖ ਦੇਸ਼ਾਂ ਤੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਇਕਾਈਆਂ ਦਾ ਗਠਨ ਕੀਤਾ ਗਿਆ ਹੈ ਉਸਦੀ ਸ਼ਲਾਘਾ ਪੂਰੇ ਵਿਸ਼ਵ ਵਿੱਚ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਪੰਜਾਬੀ ਸਭਾ ਵੱਲੋਂ ਪਹਿਲਾਂ ਦੁਬਈ ਅਤੇ ਬਾਅਦ ਵਿੱਚ ਇਸੇ ਸਾਲ ਦੇ ਮਾਰਚ ਮਹੀਨੇ ਲਾਹੌਰ ਵਿੱਚ ਵਿਸ਼ਵ ਪੰਜਾਬੀ ਕਾਨਫਰੰਸ ਕਰਕੇ ਅਸੀਂ ਸਾਬਤ ਕਰ ਦਿੱਤਾ ਹੈ ਕਿ ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਦੇ ਭਾਸ਼ਾ, ਸਾਹਿੱਤ, ਸਭਿਆਚਾਰ ਤੇ ਜੀਵਨ ਤੋਰ ਨਾਲ ਸਬੰਧਿਤ ਮਸਲਿਆਂ ਨੂੰ ਕਿਵੇਂ ਸਿਲਸਿਲੇਵਾਰ ਨਜਿੱਠਿਆ ਜਾਣਾ ਚਾਹੀਦਾ ਹੈ। ਇਸ ਕਾਨਫਰੰਸ ਬਾਰੇ ਆਪਣੇ ਸੰਦੇਸ਼ ਵਿੱਚ ਵਿਸ਼ਵ ਪੰਜਾਬੀ ਸਭਾ ਦੇ ਸਰਪ੍ਰਸਤ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਟੋਰਾਂਟੋ ਵਿਚ ਹੋ ਰਹੀ ਵਿਸ਼ਵ ਪੰਜਾਬੀ ਕਾਨਫਰੰਸ ਲਈ ਭਾਰਤ ਪਾਕਿਸਤਾਨ, ਕੈਨੇਡਾ, ਅਮਰੀਕਾ, ਅਫਰੀਕਾ ਤੇ ਯੋਰਪੀਨ ਮੁਲਕਾਂ ਤੋਂ ਲੇਖਕਾਂ, ਵਪਾਰੀਆਂ, ਤਕਨੀਕੀ ਤੇ ਮੈਡੀਕਲ ਖੇਤਰ ਦੀਆਂ ਸਿਰਮੌਰ ਸ਼ਖਸੀਅਤਾਂ ਨੂੰ ਜਿਵੇਂ ਡੈਲੀਗੇਟਸ ਵਜੋਂ ਸੱਦਾ ਪੱਤਰ ਦਿੱਤਾ ਹੈ, ਇਹ ਸ਼ੁਭ ਸ਼ਗਨ ਹੈ। ਪਰ ਮੇਰੀ ਨਿਜੀ ਰਾਏ ਵੀ ਇਹੀ ਹੈ ਕਿ ਭਾਸ਼ਾ ਤੇ ਸਾਹਿੱਤ ਸੱਭਿਆਚਾਰ ਨਾਲ ਸਬੰਧਿਤ ਮਸਲੇ ਜੋ ਇਸ ਵੇਲੇ ਦੇਸ਼ ਵਿਦੇਸ਼ ਵਿੱਚ ਸਾਨੂੰ ਦਰਪੇਸ਼ ਹਨ, ਉਨ੍ਹਾਂ ਨਾਲ ਸਿੱਝਣ ਲਈ ਸਮੂਹ ਪੰਜਾਬੀਆਂ ਦੀ ਸਾਂਝੀ ਲਿਆਕਤ ਵਰਤਣ ਦੀ ਲੋੜ ਹੈ।
ਉਨ੍ਹਾਂ ਕਿਹਾ ਹੈ ਕਿ ਵਿਸ਼ਵ ਪੱਧਰ ਦੇ ਅਰਥ ਸ਼ਾਸਤਰੀ, ਸਮਾਜ ਸ਼ਾਸਤਰੀ ਅਤੇ ਮਨੋਵਿਗਿਆਨੀ ਸਾਡੀ ਭਵਿੱਖ ਮੁਖੀ ਸੋਚ ਨੂੰ ਸਹੀ ਦਿਸ਼ਾ ਦੇ ਸਕਦੇ ਹਨ। ਪ੍ਰੋ. ਗਿੱਲ ਨੇ ਕਿਹਾ ਹੈ ਕਿ ਮੈਨੂੰ ਮਾਣ ਹੈ ਕਿ ਮੈਂ ਆਪਣੇ ਮਿੱਤਰ ਡਾ. ਦਲਬੀਰ ਸਿੰਘ ਕਥੂਰੀਆ ਕਾਰਨ ਮੈਂ ਲਾਹੌਰ ਵਾਲੀ ਅੰਤਰ ਰਾਸ਼ਟਰੀ ਕਾਨਫਰੰਸ ਵਿੱਚ ਵੀ ਭਾਗ ਲਿਆ ਸੀ। ਪ੍ਰੋ. ਗਿੱਲ ਨੇ ਕਿਹਾ ਕਿ ਟੋਰਾਂਟੋ ਵਿੱਚ ਵੱਸਦੇ ਪੰਜਾਬੀ ਲੇਖਕਾਂ, ਮੀਡੀਆ ਕਰਮੀਆਂ, ਸਿਰਮੌਰ ਸਮਾਜਿਕ ਸ਼ਖਸੀਅਤਾਂ ਅਤੇ ਨੌਜਵਾਨਾਂ ਨੂੰ ਜਿਸ ਅੰਦਾਜ਼ ਨਾਲ ਵਿਸ਼ਵ ਪੰਜਾਬੀ ਸਭਾ ਨੇ ਆਪਣੇ ਨਾਲ ਜੋੜਿਆ ਹੈ, ਇਹ ਵੀ ਕਾਮਯਾਬੀ ਦੀ ਗਵਾਹੀ ਦੇਂਦਾ ਹੈ। ਭਾਰਤੀ ਪੰਜਾਬ ਤੋਂ ਪਿਛਲੇ ਸਮੇਂ ਵਿੱਚ ਜਿੰਨੇ ਮਿੱਤਰ ਪਿਆਰੇ ਵਿਸ਼ਵ ਪੰਜਾਬੀ ਭਵਨ ਦੀਆਂ ਸਰਗਰਮੀਆਂ ਵਿੱਚ ਸ਼ਾਮਿਲ ਹੋ ਕੇ ਪਰਤੇ ਹਨ, ਉਹ ਸਭ ਮੁਕਤ ਕੰਠ ਪ੍ਰਸ਼ੰਸਾ ਕਰਦੇ ਹਨ ਕਿ ਇਸ ਭਵਨ ਦੀਆਂ ਸਰਗਰਮੀਆਂ ਵਿੱਚ ਗੂੜ੍ਹ ਗੰਭੀਰਤਾ ਹੈ।
ਮੈਂ ਮਾਂ ਬੋਲੀ ਪੰਜਾਬੀ ਦੇ ਸਮੂਹ ਸੇਵਕਾਂ, ਹਿਤ ਚਿੰਤਕਾਂ ਤੇ ਵਿਕਾਸ ਯੋਜਨਾਕਾਰਾਂ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਜਿੰਨੇ ਵੀ ਕਾਰਗਰ ਸੁਝਾਅ ਪੇਸ਼ ਕਰਨੇ ਹਨ, ਉਹ ਜ਼ਬਾਨੀ ਕਲਾਮੀ ਕਰਨ ਦੀ ਥਾਂ ਲਿਖਤੀ ਰੂਪ ਵਿੱਚ ਦਿੱਤੇ ਜਾਣ ਤਾਂ ਜੋ ਭਵਿੱਖ ਲਈ ਨਿਸ਼ਚਤ ਏਜੰਡਾ ਵਿਕਸਤ ਕੀਤਾ ਜਾ ਸਕੇ।
ਨਕਲੀ ਬੁੱਧ (artificial intelligence) ਬਾਰੇ ਵੀ ਚੰਗੇ ਭਾਸ਼ਾ ਵਿਗਿਆਨੀਆਂ ਤੇ ਲੇਖਕਾਂ ਪਾਸੋਂ ਇੱਕ ਵਿਸ਼ੇਸ਼ ਸੈਸ਼ਨ ਲਾ ਕੇ ਗਿਆਨ ਹਾਸਲ ਕਰਨ ਦੀ ਕੋਸ਼ਿਸ਼ ਕਰਨਾ। ਸਬੱਬ ਨਾਲ ਇਸ ਵੇਲੇ ਟੋਰਾਂਟੋ ਖੇਤਰ ਵਿੱਚ ਹੀ ਡਾ. ਜੋਗਾ ਸਿੰਘ ਵਿਰਕ, ਡਾ. ਨਾਹਰ ਸਿੰਘ, ਸ. ਕ੍ਰਿਪਾਲ ਸਿੰਘ ਪੰਨੂ, ਸਿਰਜਕਾਂ ਵਿੱਚੋਂ ਸਿਰਮੌਰ ਲੇਖਕ ਡਾ. ਵਰਿਆਮ ਸਿੰਘ ਸੰਧੂ, ਪ੍ਰਿੰ. ਸਰਵਣ ਸਿੰਘ, ਡਾ. ਰੂਪ ਸਿੰਘ, ਪ੍ਰੋ. ਜਾਗੀਰ ਸਿੰਘ ਕਾਹਲੋਂ ਸਮੇਤ ਨੌਜਵਾਨ ਪੀੜ੍ਹੀ ਵਿੱਚੋਂ ਵੀ ਬਹੁਤ ਚੇਤਨ ਬੁੱਧ ਲੋਕ ਹਨ ਜੋ ਇਸ ਵਿਸ਼ੇ ਦੀ ਨਿੱਤਰੀ ਸੋਚ ਪੇਸ਼ ਕਰਨ ਦੇ ਕਾਬਲ ਹਨ। ਕਿਰਪਾ ਕਰਕੇ ਸਭ ਗਿਆਨਵਾਨ ਸੱਜਣਾਂ ਨਾਲ ਸੰਪਰਕ ਕਰਕੇ ਇੱਕ ਸ਼ੈਸ਼ਨ ਇਸ ਗਿਆਨ ਨੂੰ ਸਮਰਪਿਤ ਕਰ ਲੈਣਾ।
ਮੇਰਾ ਵਿਸ਼ਵਾਸ ਹੈ ਕਿ ਮਾਂ ਬੋਲੀ, ਮਾਂ ਧਰਤੀ ਤੇ ਮਾਂ ਜਣਨੀ ਕੋਲੋਂ, ਟੁੱਟ ਕੇ ਬੰਦਾ ਮਰਦਾ ਮਰਦਾ ਮਰ ਜਾਂਦਾ ਹੈ। ਪਰਦੇਸ ਵਾਸ ਦੇ ਬਾਵਜੂਦ ਤੁਸੀਂ ਤਿੰਨਾਂ ਮਾਵਾਂ ਨਾਲ ਰਿਸ਼ਤਾ ਨਿਭਾ ਰਹੇ ਹੋ, ਇਹ ਚੰਗੀ ਗੱਲ ਹੈ। ਇਹ ਰਿਸ਼ਤਾ ਵਿਸ਼ਵ ਪੰਜਾਬੀ ਕਾਨਫਰੰਸ ਰਾਹੀਂ ਹੋਰ ਮਜ਼ਬੂਤ ਹੋਵੇ, ਇਸੇ ਆਸ ਤੇ ਅਰਦਾਸ ਨਾਲ ਮੈਂ ਆਪਣੀਆਂ ਸ਼ੁਭ ਕਾਮਨਾਵਾਂ ਭੇਂਟ ਕਰਦਾ ਹਾਂ।

 

Check Also

ਸਮੇਂ ਤੋਂ ਪਹਿਲਾਂ ਡਿੱਗ ਸਕਦੀ ਹੈ ਟਰੂਡੋ ਸਰਕਾਰ

ਕੰਸਰਵੇਟਿਵ ਲਿਆਉਣਗੇ ਟਰੂਡੋ ਸਰਕਾਰ ਖਿਲਾਫ ਬੇਭਰੋਸਗੀ ਦਾ ਮਤਾ ਸਹਿਯੋਗੀ ਦਲ ਐਨਡੀਪੀ ਨੇ ਸਮਰਥਨ ਲਿਆ ਵਾਪਸ …