Breaking News
Home / ਹਫ਼ਤਾਵਾਰੀ ਫੇਰੀ / ਰਾਸ਼ਟਰਪਤੀ ਰਾਮ ਨਾਥ ਕੋਵਿੰਦ ਹਰਿਮੰਦਰ ਸਾਹਿਬ ਹੋਏ ਨਤਮਸਤਕ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਹਰਿਮੰਦਰ ਸਾਹਿਬ ਹੋਏ ਨਤਮਸਤਕ

ਅੰਮ੍ਰਿਤਸਰ/ਬਿਊਰੋ ਨਿਊਜ਼

ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀਰਵਾਰ ਨੂੰ ਪਰਿਵਾਰ ਸਮੇਤ ਨਿਮਾਣੇ ਸ਼ਰਧਾਲੂ ਵਜੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਕਿਹਾ ਕਿ ਇੱਥੇ ਨਤਮਸਤਕ ਹੋ ਕੇ ਸੰਗਤ, ਪੰਗਤ ਅਤੇ ਲੰਗਰ ਵਿੱਚ ਸਾਰੇ ਭੇਦ-ਭਾਵ ਮਿਟਾਉਣ ਦੀ ਸ਼ਕਤੀ ਦਾ ਅਨੁਭਵ ਹੋਇਆ ਹੈ। ਉਨ੍ਹਾਂ ਨੇ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿੱਚ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਵੀ ਛਕਿਆ। ਉਹ ਜਲ੍ਹਿਆਂਵਾਲਾ ਬਾਗ ਵੀ ਗਏ ਅਤੇ ਦੁਰਗਿਆਣਾ ਮੰਦਿਰ ਵਿੱਚ ਵੀ ਮੱਥਾ ਟੇਕਿਆ। ਰਾਸ਼ਟਰਪਤੀ ਨੇ ਸ਼ਹਿਰ ਵਿੱਚ ਦੋ ਘੰਟੇ ਦੇ ਠਹਿਰਾਅ ਦੌਰਾਨ ਇੱਕ ਘੰਟੇ ਤੋਂ ਵਧੇਰੇ ਸਮਾਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਬਿਤਾਇਆ। ਉਨ੍ਹਾਂ ਦਾ ਹਰਿਮੰਦਰ ਸਾਹਿਬ ਪੁੱਜਣ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਵਾਗਤ ਕੀਤਾ। ਉਹ ਪਹਿਲਾਂ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿੱਚ ਗਏ, ਜਿਥੇ ਉਨ੍ਹਾਂ ਪਰਿਵਾਰ ਸਮੇਤ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ। ਸੱਚਖੰਡ ਵਿਖੇ ਨਤਮਸਤਕ ਹੋਣ ਸਮੇਂ ਉਨ੍ਹਾਂ ਕੜਾਹ ਪ੍ਰਸਾਦਿ ਦੀ ਦੇਗ ਭੇਟ ਕੀਤੀ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਅਤੇ ਫੁੱਲਾਂ ਦਾ ਹਾਰ ਭੇਟ ਕੀਤਾ ਗਿਆ। ਉਹ ਅਕਾਲ ਤਖ਼ਤ ਸਾਹਿਬ ਵਿਖੇ ਵੀ ਮੱਥਾ ਟੇਕਣ ਲਈ ਗਏ। ਉਨ੍ਹਾਂ ਦੁਖ ਭੰਜਨੀ ਬੇਰੀ ਕੋਲੋਂ ਸਰੋਵਰ ਦੇ ਜਲ ਦਾ ਚੂਲਾ ਵੀ ਲਿਆ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਾਇਆ। ਮਗਰੋਂ ਸੂਚਨਾ ਕੇਂਦਰ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਬਡੂੰਗਰ ਵੱਲੋਂ ਰਾਸ਼ਟਰਪਤੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਮੇਤ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ, ਲੋਈ ਅਤੇ ਧਾਰਮਿਕ ਪੁਸਤਕਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ।

ਯਾਤਰੂ ਕਿਤਾਬ ਵਿੱਚ ਆਪਣੀਆਂ ਭਾਵਨਾਵਾਂ ਦਰਜ ਕਰਦਿਆਂ ਉਨ੍ਹਾਂ ਲਿਖਿਆ ਕਿ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇੱਥੇ ਆ ਕੇ ਸਿੱਖ ਧਰਮ ਦੀਆਂ ਮਹਾਨ ਪ੍ਰੰਪਰਾਵਾਂ, ਸੰਗਤ, ਪੰਗਤ ਅਤੇ ਲੰਗਰ ਵਿੱਚ ਸਾਰੇ ਭੇਦ-ਭਾਵ ਮਿਟਾਉਣ ਦੀ ਸ਼ਕਤੀ ਦਾ ਅਹਿਸਾਸ ਹੋਇਆ ਹੈ। ਇੱਥੇ ਸ਼ਰਧਾਲੂਆਂ ਵਿੱਚ ਸਰਬੱਤ ਦੇ ਭਲੇ ਲਈ ਕੰਮ ਕਰਨ ਦੀ ਭਾਵਨਾ ਨੂੰ ਦੇਖ ਕੇ ਆਪਣੇ ਦੇਸ਼ ਦੀਆਂ ਮਨੁੱਖਤਾਵਾਦੀ ਕਦਰਾਂ ਕੀਮਤਾਂ ‘ਤੇ ਮਾਣ ਮਹਿਸੂਸ ਹੋਇਆ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਨਾਲ ਮੱਥਾ ਟੇਕ ਕੇ ਜੋ ਅਨੁਭਵ ਹੋਇਆ ਹੈ, ਉਸ ਨੂੰ ਉਹ ਪ੍ਰਮਾਤਮਾ ਅਤੇ ਗੁਰੂ ਨਾਨਕ ਦੇਵ ਜੀ ਦੇ ਅਸ਼ੀਰਵਾਦ ਵਜੋਂ ਮਹਿਸੂਸ ਕਰਦੇ ਹਨ।

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਤੋਂ ਰਾਸ਼ਟਰਪਤੀ ਨਾਲ ਸਿੱਖ ਮੁੱਦਿਆਂ ਬਾਰੇ ਗੱਲਬਾਤ ਕਰਨ ਸਬੰਧੀ ਪੁੱਛੇ ਜਾਣ ‘ਤੇ ਉਨ੍ਹਾਂ ਆਖਿਆ ਕਿ ਉਹ ਮਹਿਮਾਨ ਵਜੋਂ ਆਏ ਸਨ, ਇਸ ਲਈ ਕਿਸੇ ਮੁੱਦੇ ਬਾਰੇ ਚਰਚਾ ਨਹੀਂ ਕੀਤੀ ਗਈ। ਇਸ ਸਬੰਧੀ ਭਵਿੱਖ ਵਿੱਚ ਵਿਸ਼ੇਸ਼ ਸਮਾਂ ਲੈ ਕੇ ਗੱਲ ਕੀਤੀ ਜਾਵੇਗੀ। ਰਾਸ਼ਟਰਪਤੀ ਦੀ ਆਮਦ ‘ਤੇ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪਲਾਜ਼ਾ ਵਿੱਚ ਹਰੇ ਰੰਗ ਦਾ ਗਲੀਚਾ ਅਤੇ ਪਰਿਕਰਮਾ ਵਿੱਚ ਵਿਛਾਏ ਲਾਲ ਗਲੀਚੇ ਬਾਰੇ ਉਨ੍ਹਾਂ ਆਖਿਆ ਕਿ ਇਹ ਗਲੀਚੇ ਆਮ ਦਿਨਾਂ ਵਿੱਚ ਸੰਗਤ ਲਈ ਵਿਛਾਏ ਜਾਂਦੇ ਹਨ। ਰਾਸ਼ਟਰਪਤੀ ਦੀ ਆਮਦ ‘ਤੇ ਕੋਈ ਉਚੇਚ ਨਹੀਂ ਕੀਤੀ ਗਈ।

ਰਾਸ਼ਟਰਪਤੀ ਨੇ ਜਲ੍ਹਿਆਂਵਾਲਾ ਬਾਗ ਵਿੱਚ ਸ਼ਹੀਦੀ ਸਮਾਰਕ ‘ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਯਾਤਰੂ ਕਿਤਾਬ ਵਿੱਚ ਲਿਖਿਆ ਕਿ ਇੱਥੇ ਸ਼ਹੀਦਾਂ ਨੂੰ ਯਾਦ ਕਰਕੇ ਉਨ੍ਹਾਂ ਦੀਆਂ ਅੱਖਾਂ ਭਰ ਆਈਆਂ ਹਨ। ਉਨ੍ਹਾਂ ਦੁਰਗਿਆਣਾ ਮੰਦਿਰ ਵਿੱਚ ਵੀ ਮੱਥਾ ਟੇਕਿਆ, ਜਿਥੇ ਮੰਦਿਰ ਕਮੇਟੀ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ।

ਰਾਸ਼ਟਰਪਤੀ ਨਾਲ ਉਨ੍ਹਾਂ ਦੀ ਪਤਨੀ ਸਵਿਤਾ ਕੋਵਿੰਦ, ਪੁੱਤਰ ਪ੍ਰਸ਼ਾਂਤ ਕੁਮਾਰ, ਧੀ ਸਵਾਤੀ, ਨੂੰਹ ਗੌਰੀ ਕੁਮਾਰ, ਪੋਤਰਾ ਅਭਿਵਰਿਆ ਕੁਮਾਰ, ਪੋਤਰੀ ਅਨੱਨਿਆ ਕੁਮਾਰ ਅਤੇ ਨਜ਼ਦੀਕੀ ਰਿਸ਼ਤੇਦਾਰ ਹਾਜ਼ਰ ਸਨ।

6 ਰਾਸ਼ਟਰਪਤੀ ਝੁਕਾ ਚੁੱਕੇ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਸੀਸ

ਅੰਮ੍ਰਿਤਸਰ: ਰੂਹਾਨੀਅਤ ਦੇ ਘਰ ਸੱਚਖੰਡ ਸ੍ਰੀ ਦਰਬਾਰ ਸਾਹਿਬ ‘ਚ ਨਤਮਸਤਕ ਹੋ ਕੇ ਮਨੁੱਖਾ ਜੀਵਨ ਸਫਲਾ ਹੋ ਜਾਂਦਾ ਹੈ । ਮਾਨਵਤਾ ਨੂੰ ਪਿਆਰ ਕਰਨ ਵਾਲੇ ਹਰ ਇਨਸਾਨ ਦੀ ਜੀਵਨ ‘ਚ ਇਹ ਇੱਛਾ ਜ਼ਰੂਰ ਹੁੰਦੀ ਹੈ ਕਿ ਮੈਂ ਇੱਕ ਵਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੀਸ ਝੁਕਾ ਆਵਾਂ । ਰੂਹ ਦੀ ਸ਼ਾਂਤੀ ਲਈ, ਮਨ ਦੇ ਸਕੂਨ ਲਈ ਤੇ ਸਾਂਝੀਵਾਲਤਾ ਦਾ ਸਮਾਜ ਨੂੰ ਸੁਨੇਹਾ ਦੇਣ ਲਈ ਸਮੇਂ-ਸਮੇਂ ਦੇ ਬਾਦਸ਼ਾਹ ਵੀ ਦਰਬਾਰ ਵਿਖੇ ਆ ਕੇ ਝੁਕਦੇ ਰਹੇ ਹਨ। ਇਸੇ ਪਿਰਤ ਨੂੰ ਕਾਇਮ ਰੱਖਦਿਆਂ ਅਜ਼ਾਦ ਭਾਰਤ ਦੇ 6 ਰਾਸ਼ਟਰਪਤੀ ਵੀ ਅੰਮ੍ਰਿਤਸਰ ਵਿਖੇ ਪਹੁੰਚ ਕੇ ਦਰਬਾਰ ‘ਚ ਮੱਥਾ ਟੇਕ ਚੁੱਕੇ ਹਨ। ਸੰਨ 1950 ਤੋਂ ਲੈ ਕੇ 2017 ਤੱਕ ਭਾਰਤ ਅੰਦਰ 14 ਰਾਸ਼ਟਰਪਤੀ ਬਣੇ। ਰਾਮ ਨਾਥ ਕੋਵਿੰਦ 25 ਜੁਲਾਈ 2017 ਨੂੰ ਰਾਸ਼ਟਰਪਤੀ ਦਾ ਅਹੁਦਾ ਸਾਂਭਣ ਵਾਲੇ ਭਾਰਤ ਦੇ 14ਵੇਂ ਰਾਸ਼ਟਰਪਤੀ ਹਨ। ਉਨ੍ਹਾਂ 16 ਨਵੰਬਰ 2017 ਵੀਰਵਾਰ ਵਾਲੇ ਦਿਨ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਆਖਿਆ ਕਿ ਇਸ ਗੁਰੂਘਰ ਆ ਕੇ ਜੀਵਨ ਦੀ ਭੁੱਖ ਮਿਟ ਗਈ ਤੇ ਮਨ ਨੂੰ ਬਹੁਤ ਸਕੂਨ ਮਿਲਿਆ। ਬਤੌਰ ਰਾਸ਼ਟਰਪਤੀ ਸ੍ਰੀ ਦਰਬਾਰ ਸਾਹਿਬ ਵਿਖੇ ਆਉਣ ਵਾਲੇ ਰਾਮ ਨਾਥ ਕੋਵਿੰਦ ਛੇਵੀਂ ਹਸਤੀ ਹਨ। ਇਸ ਚੰਗੀ ਪਿਰਤ ਦੀ ਸ਼ੁਰੂਆਤ ਭਾਰਤ ਦੇ ਚੌਥੇ ਰਾਸ਼ਟਰਪਤੀ ਵੀ.ਵੀ. ਗਿਰੀ ਨੇ ਕੀਤੀ ਜੋ ਰਾਸ਼ਟਰਪਤੀ ਬਣਨ ਤੋਂ ਬਾਅਦ 1969 ‘ਚ ਦਰਬਾਰ ਸਾਹਿਬ ਵਿਖੇ ਸੀਸ ਝੁਕਾਉਣ ਆਏ। ਉਨ੍ਹਾਂ ਤੋਂ ਬਾਅਦ ਭਾਰਤ ਦੇ ਛੇਵੇਂ ਰਾਸ਼ਟਰਪਤੀ ਨੀਲਮਾ ਸੰਜੀਵ ਰੈੱਡੀ ਵੀ ਰਾਸ਼ਟਰਪਤੀ ਹੁੰਦਿਆਂ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ।ਫਿਰ ਭਾਰਤ ਦੇ ਪਹਿਲੇ ਸਿੱਖ ਰਾਸ਼ਟਰਪਤੀ ਬਣੇ ਗਿਆਨੀ ਜੈਲ ਸਿੰਘ ਨੇ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਆ ਕੇ ਮੱਥਾ ਟੇਕਿਆ। ਗਿਆਨੀ ਜੈਲ ਸਿੰਘ ਦੇ ਕਾਰਜਕਾਲ ਦੌਰਾਨ ਹੀ 1984 ਦਾ ਘੱਲੂਘਾਰਾ ਵਾਪਰਿਆ, ਸ੍ਰੀ ਅਕਾਲ ਤਖ਼ਤ ਸਾਹਿਬ ਢਹਿ-ਢੇਰੀ ਹੋਇਆ, ਖਾੜਕੂ ਸਿੰਘਾਂ ਦੇ ਨਾਲ-ਨਾਲ ਆਮ ਸ਼ਰਧਾਲੂ ਵੀ ਮਾਰੇ ਗਏ। ਜਿਸਦਾ ਪਛਤਾਵਾ ਲੈ ਕੇ ਮੁਆਫ਼ੀ ਮੰਗਣ ਲਈ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਇੱਕ ਵਾਰ ਫਿਰ ਸ੍ਰੀ ਦਰਬਾਰ ਸਾਹਿਬ ਪਹੁੰਚੇ, ਢਹਿ-ਢੇਰੀ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੇਖ ਕੇ ਗਿਆਨੀ ਜੈਲ ਸਿੰਘ ਦੀਆਂ ਅੱਖਾਂ ਨਮ ਵੀ ਹੋਈਆ। ਪਰ ਗਿਆਨੀ ਜੈਲ ਸਿੰਘ ਨੂੰ ਖਾੜਕੂ ਜਥੇਬੰਦੀਆਂ ਤੇ ਸਿੱਖ ਭਾਈਚਾਰੇ ਦੇ ਰੋਸੇ ਦਾ ਵੀ ਸਾਹਮਣਾ ਕਰਨਾ ਪਿਆ ਤੇ ਪਰਿਕਰਮਾ ‘ਚ ਉਨ੍ਹਾਂ ‘ਤੇ ਗੋਲੀ ਵੀ ਚੱਲੀ। ਇੰਝ ਬਤੌਰ ਰਾਸ਼ਟਰਪਤੀ ਦਰਬਾਰ ਸਾਹਿਬ ਮੱਥਾ ਟੇਕਣ ਆਉਣ ਵਾਲੇ ਗਿਆਨੀ ਜੈਲ ਸਿੰਘ ਜਿੱਥੇ ਤੀਸਰੇ ਵਿਅਕਤੀ ਸਨ ਉੱਥੇ ਉਸ ਤੋਂ ਬਾਅਦ ਇਹ ਸੁਭਾਗ ਡਾ: ਏ.ਪੀ.ਜੇ. ਅਬਦੁੱਲ ਕਲਾਮ ਨੂੰ ਪ੍ਰਾਪਤ ਹੋਇਆ। ਜਦੋਂ 23 ਮਾਰਚ 2003 ਨੂੰ ਏ.ਪੀ.ਜੇ. ਅਬਦੁੱਲ ਕਲਾਮ ਅੰਮ੍ਰਿਤਸਰ ਵਿਖੇ ਆਏ ਸਨ ਤਦ ਕਾਂਗਰਸ ਨੇ ਵੀ ਤੇ ਅਕਾਲੀ ਦਲ ਨੇ ਵੀ ਉਨ੍ਹਾਂ ਦਾ ਖਿੜੇ ਮੱਥੇ ਸਵਾਗਤ ਕੀਤਾ ਸੀ। ਉਸ ਸਮੇਂ ਪੰਜਾਬ ‘ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਤੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ‘ਚ ਅਕਾਲੀ ਦਲ ਵਿਰੋਧੀ ਧਿਰ ‘ਚ ਸੀ। ਇਸਦੇ ਬਾਅਦ ਭਾਰਤ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਹੋਣ ਦਾ ਮਾਣ ਹਾਸਲ ਕਰਨ ਵਾਲੀ ਪ੍ਰਤਿਭਾ ਦੇਵੀ ਸਿੰਘ ਪਾਟਿਲ 2008 ‘ਚ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਆਏ ਸਨ ਅਤੇ 25 ਜੁਲਾਈ 2017 ਨੂੰ ਭਾਰਤ ਦੇ 14ਵੇਂ ਰਾਸ਼ਟਰਪਤੀ ਬਣੇ ਕੋਵਿੰਦ ਨੇ ਦਰਬਾਰ ਸਾਹਿਬ ਵਿਖੇ ਸੀਸ ਝੁਕਾ ਕੇ ਛੇਵੇਂ ਰਾਸ਼ਟਰਪਤੀ ਵਜੋਂ ਮੱਥਾ ਟੇਕਿਆ।

 

 

 

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …