Breaking News
Home / ਹਫ਼ਤਾਵਾਰੀ ਫੇਰੀ / ‘ਆਪ’ ਵਿਧਾਇਕਾ ਬੀਬੀ ਬਲਜਿੰਦਰ ਕੌਰ ਕੋਲ ਦੋ ਵੋਟਰ ਕਾਰਡ!

‘ਆਪ’ ਵਿਧਾਇਕਾ ਬੀਬੀ ਬਲਜਿੰਦਰ ਕੌਰ ਕੋਲ ਦੋ ਵੋਟਰ ਕਾਰਡ!

ਤਲਵੰਡੀ ਸਾਬੋ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੀ ਤਲਵੰਡੀ ਸਾਬੋ ਹਲਕੇ ਤੋਂ ਵਿਧਾਇਕ ਬੀਬੀ ਬਲਜਿੰਦਰ ਕੌਰ ਦੋ ਵੋਟਰ ਕਾਰਡ ਬਣਾਉਣ ਦੇ ਮਾਮਲੇ ਵਿਚ ਘਿਰਦੀ ਨਜ਼ਰ ਆ ਰਹੀ ਹੈ। ਬੇਸ਼ੱਕ ਇਸ ਮਾਮਲੇ ਨੂੰ ਉਜਾਗਰ ਕਰਨ ਪਿੱਛੇ ਸਿਆਸੀ ਮਸਲਾ ਵੀ ਮੰਨਿਆ ਜਾ ਰਿਹਾ ਹੈ, ਪਰ ਮਾਮਲਾ ਉਸ ਵੇਲੇ ਮੁੜ ਚਰਚਾ ਵਿਚ ਆਇਆ ਜਦੋਂ ਤਲਵੰਡੀ ਸਾਬੋ ਦੇ ਐਸਡੀਐਮ ਦੀ ਅਦਾਲਤ ਵਿਚ ਸ਼ਿਕਾਇਤ ਕਰਤਾ ਹਰਮਿਲਾਪ ਗਰੇਵਾਲ ਦੇ ਬਿਆਨ ਦਰਜ ਕੀਤੇ ਗਏ। ਐਸਡੀਐਮ ਵਰਿੰਦਰ ਸਿੰਘ ਦਾ ਕਹਿਣਾ ਹੈ ਕਿ ਸਾਡੇ ਕੋਲ ਸ਼ਿਕਾਇਤ ਆਈ ਹੈ ਕਿ ਬੀਬੀ ਨੇ ਦੋ ਥਾਂ ਵੋਟ ਬਣਾਈ ਹੋਈ ਹੈ ਅਤੇ ਅਸੀਂ ਉਸਦੀ ਜਾਂਚ ਕਰ ਰਹੇ ਹਾਂ। ਸ਼ਿਕਾਇਤ ਕਰਤਾ ਨੇ ਕਿਹਾ ਕਿ 2014 ਦੀ ਜ਼ਿਮਨੀ ਚੋਣ ਮੌਕੇ ਵੀ ਰਿਟਰਨਿੰਗ ਅਫਸਰ ਨੂੰ ਪੱਤਰ ਲਿਖਿਆ ਸੀ, ਪਰ ਉਨ੍ਹਾਂ ਬਿਨਾ ਇਸਦੀ ਜਾਂਚ ਕੀਤਿਆਂ ਹੀ ਚੋਣ ਕਰਵਾ ਦਿੱਤੀ। ਸ਼ਿਕਾਇਤ ਕਰਤਾ ਦੀ ਮੰਨੀਏ ਤਾਂ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਉਸਦੇ ਹੀ ਪਿੰਡ ਦੇ ਅਮਰਜੀਤ ਸਿੰਘ ਪੁੱਤਰ ਸੋਹਣ ਸਿੰਘ ਨੇ 1997 ਵਿਚ ਗੋਦ ਲਿਆ ਸੀ। ਰਾਸ਼ਨ ਕਾਰਡ ਵਿਚ ਵੀ ਪ੍ਰੋ. ਬਲਜਿੰਦਰ ਕੌਰ ਦਾ ਨਾਂ ਸਪੁੱਤਰੀ ਅਮਰਜੀਤ ਸਿੰਘ ਦੇ ਨਾਂ ਨਾਲ ਦਰਜ ਹੈ। ਸਾਲ 2005 ਵਿਚ ਬੀਬੀ ਬਲਜਿੰਦਰ ਕੌਰ ਦੀ ਜੋ ਵੋਟ ਬਣੀ, ਉਸ ਵਿਚ ਵੀ ਉਸਦੇ ਪਿਤਾ ਦਾ ਨਾਂ ਅਮਰਜੀਤ ਸਿੰਘ ਹੀ ਦਰਜ ਹੈ। ਸ਼ਿਕਾਇਤ ਕਰਤਾ ਨੇ ਦਾਅਵਾ ਕੀਤਾ ਕਿ ਸਾਲ 2012 ਵਿਚ ਬਲਜਿੰਦਰ ਕੌਰ ਨੇ ਪੁਰਾਣੇ ਮਕਾਨ ਨੰਬਰ 272 ‘ਤੇ ਹੀ ਨਵਾਂ ਵੋਟਰ ਕਾਰਡ ਬਣਵਾਇਆ , ਜਿਸ ਵਿਚ ਪਿਤਾ ਦਾ ਨਾਂ ਦਰਸ਼ਨ ਸਿੰਘ ਲਿਖਵਾਇਆ ਗਿਆ ਹੈ। ਉਸ ਨੇ ਬਕਾਇਦਾ ਵੋਟਰ ਸੂਚੀ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਕਿ ਉਸਦੀ ਪਹਿਲੀ ਵੋਟ ਦਾ ਨੰਬਰ 354 ਅਤੇ ਦੂਜੀ ਦਾ 252 ਹੈ। ਹਰਮਿਲਾਪ ਨੇ ਵੀ ਦਾਅਵਾ ਕੀਤਾ ਕਿ ਬਿਨਾ ਕਾਗਜ਼ੀ ਕਾਰਵਾਈ ਤੋਂ ਬਲਜਿੰਦਰ ਕੌਰ ਨੇ 354 ਨੰਬਰ ਵਾਲੀ ਵੋਟ ਅੰਦਰਖਾਤੇ ਕਟਵਾ ਲਈ, ਜਿਸ ਵਿਚ ਉਸਦੇ ਪਿਤਾ ਦਾ ਨਾਂ ਅਮਰਜੀਤ ਸਿੰਘ ਸੀ। ਪਰ ਇਸ ਗੋਦ ਲੈਣ ਵਾਲੇ ਪਿਤਾ ਅਮਰਜੀਤ ਸਿੰਘ ਦੀ ਜਾਇਦਾਦ ‘ਤੇ ਆਪਣਾ ਹੱਕ ਜਤਾਉਂਦਿਆਂ ਬਲਜਿੰਦਰ ਕੌਰ ਨੇ ਅਦਾਲਤ ਵਿਚ ਕੇਸ ਵੀ ਕੀਤਾ ਹੋਇਆ ਹੈ ਤੇ ਦੂਜੇ ਪਾਸੇ ਜਦੋਂ ਹੁਣ ਵਿਧਾਨ ਸਭਾ ਦੀ ਚੋਣ ਲੜੀ ਤਾਂ ਉਸ ਵਿਚ ਪਿਤਾ ਦਾ ਨਾਂ ਦਰਸ਼ਨ ਸਿੰਘ ਦੱਸਿਆ ਹੈ। ਇੰਝ ਸ਼ਿਕਾਇਤ ਕਰਤਾ ਨੇ ਜਿੱਥੇ ਬਲਜਿੰਦਰ ਕੌਰ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ, ਉਥੇ ਇਸ ਮਾਮਲੇ ਬਾਰੇ ਕੋਈ ਜ਼ਿਆਦਾ ਟਿੱਪਣੀ ਕਰਨ ਤੋਂ ਬਚਦਿਆਂ ਪ੍ਰੋ. ਬਲਜਿੰਦਰ ਕੌਰ ਨੇ ਏਨਾ ਹੀ ਆਖਿਆ ਕਿ ਮੈਂ ਦੋ ਚੋਣਾਂ ਲੜ ਚੁੱਕੀ ਹਾਂ, ਚੋਣ ਕਮਿਸ਼ਨ ਨੇ ਮਾਮਲੇ ਦੀ ਜਾਂਚ ਪੜਤਾਲ ਤੋਂ ਬਾਅਦ ਹੀ ਚੋਣ ਲੜਨ ਦੀ ਆਗਿਆ ਦਿੱਤੀ ਸੀ। ਉਨ੍ਹਾਂ ਉਕਤ ਸ਼ਿਕਾਇਤ ਬਾਰੇ ਕਿਸੇ ਤਰ੍ਹਾਂ ਦੀ ਜਾਣਕਾਰੀ ਹੋਣ ਤੋਂ ਫਿਲਹਾਲ ਇਨਕਾਰ ਕੀਤਾ।

 

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …