32 ਸਾਲ ਪਹਿਲਾਂ ਰਸਤਾ ਭੁੱਲ ਕੇ ਪਾਕਿ ਪਹੁੰਚਿਆ ਨਾਨਕ ਜੇਲ੍ਹ ‘ਚ ਹੈ ਬੰਦ
ਅੰਮ੍ਰਿਤਸਰ/ਬਿਊਰੋ ਨਿਊਜ਼
ਸਲਮਾਨ ਖਾਨ ਦੀ ਬਜਰੰਗੀ ਭਾਈਜਾਨ ਭਲੇ ਹੀ ਰੀਅਲ ਸਟੋਰੀ ਸੀ, ਪਰ ਉਸ ਨਾਲ ਮਿਲਦੀ-ਜੁਲਦੀ ਅਸਲ ਕਹਾਣੀ ਅੰਮ੍ਰਿਤਸਰ ਦੇ ਨਾਨਕ ਸਿੰਘ ਦੀ ਹੈ। ਉਹ 32 ਸਾਲ ਤੋਂ ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ਵਿਚ ਕੈਦ ਹੈ। ਪਰ ਹੁਣ ਉਸਦੇ ਪਰਿਵਾਰ ਵਾਲਿਆਂ ਨੂੰ ਨਾਨਕ ਦੀ ਰਿਹਾਈ ਦੀ ਆਸ ਹੈ। ਪਾਕਿਸਤਾਨ ਦੇ ਸਾਬਕਾ ਸੰਸਦ ਮੈਂਬਰ ਅਤੇ ਇਮਰਾਨ ਖਾਨ ਦੀ ਤਹਿਰੀਕ-ਏ-ਇਨਸਾਫ ਪਾਰਟੀ ਦੇ ਨੇਤਾ ਰਾਏ ਅਜ਼ੀਜ਼ ਉਲਾ ਖਾਂ ਨੇ ਇਸ ਪਰਿਵਾਰ ਕੋਲੋਂ ਨਾਨਕ ਦੀ ਰਿਹਾਈ ਸਬੰਧੀ ਦਸਤਾਵੇਜ਼ ਮੰਗਵਾਏ ਹਨ। ਅਜ਼ੀਜ਼ ਨੇ ਦਾਅਵਾ ਕੀਤਾ ਕਿ ਉਹ ਨਾਨਕ ਲਈ ਹਰ ਲੜਾਈ ਲੜਨਗੇ। ਪਰਿਵਾਰ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੋਲ ਵੀ ਨਾਨਕ ਦੀ ਰਿਹਾਈ ਦੀ ਗੁਹਾਰ ਲਗਾਈ ਹੈ। ਗੱਲ 1985 ਦੀ ਹੈ। ਅਜਨਾਲਾ ਸੈਕਟਰ ਵਿਚ ਰਾਵੀ ਦਰਿਆ ਨਾਲ ਲੱਗਦੇ ਪਿੰਡ ਬੇਦੀ ਛੰਨਾ ਵਿਚ ਰਹਿਣ ਵਾਲਾ 7 ਸਾਲ ਦਾ ਨਾਨਕ ਮੱਝਾਂ ਚਾਰਦੇ ਸਮੇਂ ਪਾਕਿਸਤਾਨ ਦੀ ਹੱਦ ਵਿਚ ਚਲਾ ਗਿਆ ਸੀ। ਪਾਕਿਸਤਾਨੀ ਰੇਂਜਰਾਂ ਨੇ ਨਾਨਕ ਦੇ ਨਾਲ-ਨਾਲ ਉਸਦੀਆਂ ਮੱਝਾਂ ਨੂੰ ਵੀ ਜ਼ਬਤ ਕਰ ਲਿਆ। ਮੱਝਾਂ ਵਾਪਸ ਨਾ ਕਰਨੀਆਂ ਪੈਣ, ਇਸ ਕਾਰਨ ਪਾਕਿ ਰੇਂਜਰਜ਼ ਨਾਨਕ ਸਿੰਘ ਬਾਰੇ ਵੀ ਮੁੱਕਰ ਗਏ। ਬੀਐਸਐਫ ਨੇ ਪਾਕਿ ਰੇਂਜਰਾਂ ਕੋਲ ਸ਼ਿਕਾਇਤ ਵੀ ਕੀਤੀ, ਪਰ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ। ਪਾਕਿਸਤਾਨ ਦੇ ਪਿੰਡਾਂ ਵਿਚ ਵੀ ਨਾਨਕ ਦੀ ਗੁੰਮਸ਼ੁਦਗੀ ਦੀ ਮੁਨਿਆਦੀ ਹੋਈ ਸੀ।
ਲਿਸਟ ਵਿਚ ਲਿਖਿਆ ਸੀ ਗਲਤ ਨਾਂ : ਸੰਨ 1999 ਵਿਚ ਥਾਣਾ ਰਮਦਾਸ ਪੁਲਿਸ ਨੂੰ ਪਾਕਿਸਤਾਨ ਜੇਲ੍ਹਾਂ ਵਿਚ ਬੰਦ 145 ਭਾਰਤੀ ਕੈਦੀਆਂ ਦੀ ਸੂਚੀ ਮਿਲੀ। ਇਸ ਵਿਚ ਨਾਨਕ ਸਿੰਘ ਦਾ ਨਾਂ ਕਾਨਕ ਲਿਖਿਆ ਸੀ ਅਤੇ ਇਹ 71ਵੇਂ ਨੰਬਰ ‘ਤੇ ਸੀ। ਲਿਸਟ ਵਿਚ ਕਾਨਕ ਲਿਖਿਆ ਹੋਣ ਨਾਲ, ਉਸਦੀ ਤਸਦੀਕ ਪਾਕਿਸਤਾਨ ਨੇ ਨਹੀਂ ਕੀਤੀ। ਨਾਨਕ ਦੇ ਪਾਕਿਸਤਾਨ ਵਿਚ ਹੋਣ ਦੀਆਂ ਖਬਰਾਂ ਕਈ ਵਾਰ ਪਾਕਿਸਤਾਨ ਤੋਂ ਛੁੱਟ ਕੇ ਆਏ ਭਾਰਤੀ ਕੈਦੀਆਂ ਰਾਹੀਂ ਵੀ ਮਿਲੀਆਂ।
ਨਾਨਕ ਦੀ ਰਿਹਾਈ ਯਕੀਨੀ ਬਣਾਵਾਂਗੇ : ਰਾਏ ਅਜ਼ੀਜ਼ ਉਲਾ ਖਾਂ ਨੇ ਨਾਨਕ ਬਾਰੇ ਦਸਤਾਵੇਜ਼ ਮੰਗਵਾਏ ਹਨ। ਉਨ੍ਹਾਂ ਵਾਅਦਾ ਕੀਤਾ ਕਿ ਉਹ ਪਾਕਿਸਤਾਨ ਦੀ ਜੇਲ੍ਹ ਵਿਚੋਂ ਨਾਨਕ ਦੀ ਰਿਹਾਈ ਜ਼ਰੂਰ ਕਰਵਾਉਣਗੇ।
ਸੁਰਿੰਦਰ ਕੋਛੜ , ਇਤਿਹਾਸਕਾਰ
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …