ਇਲੀ ਦਾ ਨਾਮ ਹੁਣ ਹੋਇਆ ਨਵਪ੍ਰੀਤ ਕੌਰ
ਜਲੰਧਰ/ਬਿਊਰੋ ਨਿਊਜ਼
ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਅੱਜ ਜਲੰਧਰ ‘ਚ ਵਿਆਹ ਦੇ ਬੰਧਨ ਵਿਚ ਬੱਝ ਗਏ। ਉਨ੍ਹਾਂ ਦਾ ਵਿਆਹ ਮਲੇਸ਼ੀਆ ਦੀ ਰਹਿਣ ਵਾਲੀ ਇਲੀ ਨਾਲ ਹੋਇਆ। ਮਨਪ੍ਰੀਤ ਅਤੇ ਇਲੀ ਦਾ ਅਨੰਦ ਕਾਰਜ ਗੁਰੂ ਤੇਗ ਬਹਾਦਰ ਨਗਰ ਦੇ ਗੁਰਦੁਆਰਾ ਸਾਹਿਬ ਵਿਚ ਹੋਇਆ। ਮਨਪ੍ਰੀਤ ਦਾ ਵਿਆਹ ਸਮਾਗਮ ਬਹੁਤ ਹੀ ਸਾਦਾ ਤੇ ਪ੍ਰਭਾਵਸ਼ਾਲੀ ਸੀ ਅਤੇ ਇਸ ਸਮਾਗਮ ਵਿਚ ਉਨ੍ਹਾਂ ਦੇ ਨੇੜਲੇ ਰਿਸ਼ਤੇਦਾਰ ਤੇ ਦੋਸਤ ਹੀ ਸ਼ਾਮਿਲ ਹੋਏ। ਮਨਪ੍ਰੀਤ ਦੇ ਘਰ ਵਾਲਿਆਂ ਨੇ ਆਪਣੀ ਨੂੰਹ ਦਾ ਨਾਮ ਹੁਣ ਨਵਪ੍ਰੀਤ ਕੌਰ ਰੱਖਿਆ ਹੈ। ਧਿਆਨ ਰਹੇ ਕਿ ਮਨਪ੍ਰੀਤ ਦੀ ਏਲੀ ਨਾਲ ਮੁਲਾਕਾਤ ਸਾਲ 2012 ਦੌਰਾਨ ਮਲੇਸ਼ੀਆ ‘ਚ ਹੋਈ ਸੀ। ਉਸ ਤੋਂ ਬਾਅਦ ਉਨ੍ਹਾਂ ਵਿਚ ਨੇੜਤਾ ਵਧੀ, ਜੋ ਹੁਣ ਵਿਆਹ ਦੇ ਬੰਧਨ ਵਿਚ ਬਦਲ ਗਈ।

