Breaking News
Home / ਪੰਜਾਬ / ਮਾਂ ਬੋਲੀ ਪੰਜਾਬੀ ਦਾ ਨਾਹਰਾ ਗੂੰਜਿਆ ਚੰਡੀਗੜ੍ਹ ‘ਚ

ਮਾਂ ਬੋਲੀ ਪੰਜਾਬੀ ਦਾ ਨਾਹਰਾ ਗੂੰਜਿਆ ਚੰਡੀਗੜ੍ਹ ‘ਚ

1 ਨਵੰਬਰ ਨੂੰ ਚੰਡੀਗੜ੍ਹ ਪੰਜਾਬੀ ਮੰਚ ਨੇ ਮਨਾਇਆ ਕਾਲੇ ਦਿਵਸ ਵਜੋਂ
ਅੰਗਰੇਜ਼ੀ ਦੀ ਥਾਂ ਪੰਜਾਬੀ ਨੂੰ ਚੰਡੀਗੜ੍ਹ ਦੀ ਸਰਕਾਰੀ ਭਾਸ਼ਾ ਬਣਾਉਣ ਲਈ ਕੱਢਿਆ ਗਿਆ ਵਿਸ਼ਾਲ ਪੈਦਲ ਰੋਸ ਮਾਰਚ
ਜਦੋਂ ਤੱਕ ਪੰਜਾਬੀ ਨੂੰ ਚੰਡੀਗੜ੍ਹ ਵਿਚ ਉਸਦਾ ਤਾਜ ਨਹੀਂ ਮਿਲ ਜਾਂਦਾ ਜੰਗ ਜਾਰੀ ਰੱਖਾਂਗੇ : ਸੁਰਜੀਤ ਪਾਤਰ
ਚੰਡੀਗੜ੍ਹ : ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਆਪਣੇ ਸਮੂਹ ਸਹਿਯੋਗੀ ਸੰਗਠਨਾਂ ਨਾਲ ਮਿਲ ਕੇ ਮਾਂ ਬੋਲੀ ਪੰਜਾਬੀ ਦੇ ਸਨਮਾਨ ਦੀ ਖਾਤਰ ਵਿਸ਼ਾਲ ਪੈਦਲ ਰੋਸ ਮਾਰਚ ਕੱਢਿਆ ਗਿਆ। ਸੈਕਟਰ 19 ਦੇ ਗੁਰਦੁਆਰਾ ਸਾਹਿਬ ਦੇ ਬਾਹਰ ਤੋਂ ਸ਼ੁਰੂ ਹੋ ਕੇ ਪੰਜਾਬੀ ਦਰਦੀਆਂ ਦਾ ਇਹ ਪੈਦਲ ਰੋਸ ਮਾਰਚ ਸੈਕਟਰ 19, ਸੈਕਟਰ 18 ਤੇ ਫਿਰ ਸੈਕਟਰ 17 ਦੇ ਮੁੱਖ ਬਾਜ਼ਾਰਾਂ ਵਿਚੋਂ ਦੀ ਹੁੰਦਾ ਹੋਇਆ ਪਲਾਜ਼ੇ ਵਿਚ ਆ ਕੇ ਸੰਪਨ ਹੋਇਆ।
1 ਨਵੰਬਰ 1966 ਨੂੰ ਰਾਤੋ-ਰਾਤ ਚੰਡੀਗੜ੍ਹ ਦੀ ਸਥਾਨਕ ਬੋਲੀ ਪੰਜਾਬੀ ਨੂੰ ਲਾਂਭੇ ਕਰਕੇ ਅੰਗਰੇਜ਼ੀ ਨੂੰ ਸਰਕਾਰੀ ਭਾਸ਼ਾ ਤੇ ਦਫ਼ਤਰੀ ਭਾਸ਼ਾ ਦਾ ਰੁਤਬਾ ਦੇਣ ਦੇ ਖਿਲਾਫ਼ ਵਿੱਢੀ ਗਈ ਮੁਹਿੰਮ ਦੇ ਤਹਿਤ ਚੰਡੀਗੜ੍ਹ ਪੰਜਾਬੀ ਮੰਚ ਨੇ ਪੇਂਡੂ ਸੰਘਰਸ਼ ਕਮੇਟੀ, ਸਮੂਹ ਗੁਰਦੁਆਰਾ ਪ੍ਰਬੰਧਕ ਸੰਗਠਨ, ਪੰਜਾਬੀ ਲੇਖਕ ਸਭਾ ਸਣੇ ਹੋਰ ਵੱਖੋ-ਵੱਖ ਸੰਗਠਨਾਂ ਤੇ ਸ਼ਖਸੀਅਤਾਂ ਦੇ ਸਹਿਯੋਗ ਨਾਲ ਇਸ ਕਾਲੇ ਦਿਵਸ ਨੂੰ ਮਨਾਉਂਦਿਆਂ ਐਲਾਨ ਕੀਤਾ ਕਿ ਅਫ਼ਸਰਸ਼ਾਹੀ ਨੂੰ, ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਇਹ ਪੰਜਾਬੀਆਂ ਦਾ ਬਣਦਾ ਹੱਕ ਦੇਣਾ ਪਵੇਗਾ ਨਹੀਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਉਚੇਚੇ ਤੌਰ ‘ਤੇ ਪੈਦਲ ਰੋਸ ਮਾਰਚ ਵਿਚ ਸ਼ਾਮਲ ਹੋਣ ਲਈ ਪਹੁੰਚੇ ਪਦਮਸ੍ਰੀ ਡਾਕਟਰ ਸੁਰਜੀਤ ਪਾਤਰ ਹੁਰਾਂ ਨੇ ਆਖਿਆ ਕਿ ਚੰਡੀਗੜ੍ਹ ਪੰਜਾਬੀ ਮੰਚ ਜਿਸ ਜਜ਼ਬੇ ਨਾਲ ਲੜ ਰਿਹਾ, ਉਸ ਤੋਂ ਆਸ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਮਾਂ ਬੋਲੀ ਦਾ ਬਣਦਾ ਸਨਮਾਨ ਉਸ ਨੂੰ ਜ਼ਰੂਰ ਮਿਲੇਗਾ। ਪਰ ਉਨ੍ਹਾਂ ਨਾਲ ਹੀ ਇਹ ਵੀ ਐਲਾਨ ਕੀਤਾ ਕਿ ਜਦੋਂ ਤੱਕ ਮਾਂ ਬੋਲੀ ਦਾ ਰੁਤਬਾ ਬਹਾਲ ਨਹੀਂ ਹੁੰਦਾ ਤਦ ਤੱਕ ਇਹ ਜੰਗ ਜਾਰੀ ਰੱਖਾਂਗੇ। ਇਸੇ ਤਰ੍ਹਾਂ ਡਾ. ਲਖਵਿੰਦਰ ਜੌਹਲ, ਲੱਖਾ ਸਿਧਾਣਾ, ਮੰਚ ਦੇ ਪ੍ਰਧਾਨ ਸੁਖਜੀਤ ਸਿੰਘ ਸੁੱਖਾ, ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ, ਪੰਜਾਬੀ ਦਰਦੀ ਤਰਲੋਚਨ ਸਿੰਘ, ਬਾਬਾ ਸਾਧੂ ਸਿੰਘ ਸਾਰੰਗਪੁਰ, ਬਾਬਾ ਜੋਗਿੰਦਰ ਸਿੰਘ, ਗੁਰਪ੍ਰੀਤ ਸਿੰਘ ਸੋਮਲ, ਬਲਕਾਰ ਸਿੱਧੂ, ਦੀਪਕ ਸ਼ਰਮਾ ਚਨਾਰਥਲ, ਜੋਗਿੰਦਰ ਸਿੰਘ ਬੁੜੈਲ ਸਣੇ ਵੱਡੀ ਗਿਣਤੀ ਵਿਚ ਮੌਜੂਦ ਪੰਜਾਬੀ ਹਿਤੈਸ਼ੀਆਂ ਨੇ ਆਪੋ-ਆਪਣੀਆਂ ਤਕਰੀਰਾਂ ਨਾਲ, ਆਪੋ-ਆਪਣੀਆਂ ਦਲੀਲਾਂ ਨਾਲ ਇਹ ਪੱਖ ਸਾਹਮਣੇ ਲਿਆਂਦਾ ਕਿ ਚੰਡੀਗੜ੍ਹ ਵਿਚ ਅੰਗਰੇਜ਼ੀ ਦੀ ਥਾਂ ‘ਤੇ ਪੰਜਾਬੀ ਹੀ ਪਹਿਲੀ ਅਤੇ ਸਰਕਾਰੀ ਭਾਸ਼ਾ ਹੋਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਅੱਜ ਦੇ ਇਸ ਪੈਦਲ ਰੋਸ ਮੁਜ਼ਾਹਰੇ ਵਿਚ ਚੰਡੀਗੜ੍ਹ ਦੇ ਵੱਖੋ-ਵੱਖ ਪਿੰਡਾਂ ਦੇ ਵਾਸੀ ਜਿੱਥੇ ਮੌਜੂਦ ਸਨ, ਉਥੇ ਹੀ ਸੈਕਟਰਾਂ ਵਿਚੋਂ ਨਿਕਲ ਕੇ ਵੀ ਵੱਡੀ ਗਿਣਤੀ ਵਿਚ ਪੰਜਾਬੀ ਹਿਤੈਸ਼ੀ ਹੱਥਾਂ ‘ਚ ਕਾਲੇ ਝੰਡੇ ਲੈ ਕੇ, ਪੰਜਾਬੀ ਹੱਕਾਂ ਦੇ ਨਾਹਰਿਆਂ ਵਾਲੀਆਂ ਤਖਤੀਆਂ ਲੈ ਕੇ ਇਸ ਰੋਸ ਮਾਰਚ ਦਾ ਹਿੱਸਾ ਬਣੇ ਜਿਨ੍ਹਾਂ ਵਿਚ ਨੌਜਵਾਨਾਂ ਦੇ ਨਾਲ-ਨਾਲ ਬੀਬੀਆਂ ਤੇ ਬਜ਼ੁਰਗਾਂ ਦੀ ਗਿਣਤੀ ਵਿਚ ਬਾਕਮਾਲ ਸੀ। ਅੱਜ ਦੇ ਇਸ ਪੈਦਲ ਰੋਸ ਮਾਰਚ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨੌਜਵਾਨ ਵਿਦਿਆਰਥੀ ਆਗੂਆਂ ਨੇ ਵੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।

 

Check Also

ਨਾਗੇਸ਼ਵਰ ਰਾਓ ਹੋਣਗੇ ਪੰਜਾਬ ਵਿਜੀਲੈਂਸ ਬਿਊਰੋ ਦੇ ਨਵੇਂ ਮੁਖੀ

ਆਈਪੀਐਸ ਵਰਿੰਦਰ ਕੁਮਾਰ ਨੂੰ ਅਹੁਦੇ ਤੋਂ ਹਟਾਇਆ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ ਅੱਜ ਵੱਡਾ ਪ੍ਰਸ਼ਾਸਨਿਕ …