2.1 C
Toronto
Wednesday, November 12, 2025
spot_img
Homeਪੰਜਾਬਡਰੱਗ ਤਸਕਰੀ ਮਾਮਲੇ 'ਚ ਜਗਦੀਸ਼ ਭੋਲਾ ਸਣੇ 17 ਵਿਅਕਤੀਆਂ ਨੂੰ ਹੋਈ ਸਜ਼ਾ

ਡਰੱਗ ਤਸਕਰੀ ਮਾਮਲੇ ‘ਚ ਜਗਦੀਸ਼ ਭੋਲਾ ਸਣੇ 17 ਵਿਅਕਤੀਆਂ ਨੂੰ ਹੋਈ ਸਜ਼ਾ

ਮੁਹਾਲੀ ਦੀ ਅਦਾਲਤ ਨੇ ਸੁਣਾਇਆ ਫੈਸਲਾ
ਮੁਹਾਲੀ/ਬਿਊਰੋ ਨਿਊਜ਼ : ਛੇ ਹਜ਼ਾਰ ਕਰੋੜ ਰੁਪਏ ਦੀ ਇੰਟਰਨੈਸ਼ਨਲ ਡਰੱਗ ਤਸਕਰੀ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਅਦਾਲਤ ਨੇ ਪੰਜਾਬ ਪੁਲਿਸ ਦੇ ਬਰਖਾਸਤ ਡੀਐਸਪੀ ਜਗਦੀਸ਼ ਭੋਲਾ ਸਣੇ 17 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਸਜ਼ਾ ਸੁਣਾਈ ਹੈ। ਇਹ ਸਜ਼ਾ ਮੁਹਾਲੀ ਦੀ ਅਦਾਲਤ ਵਲੋਂ ਸੁਣਾਈ ਗਈ ਹੈ। ਜਗਦੀਸ਼ ਭੋਲਾ ਅਤੇ ਇਕ ਦੋਸ਼ੀ ਨੂੰ 10 – 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਜਿਨ੍ਹਾਂ ਵਿਅਕਤੀਆਂ ਨੂੰ ਸਜ਼ਾ ਸੁਣਾਈ ਗਈ ਹੈ, ਉਨ੍ਹਾਂ ਵਿਚ ਜਗਦੀਸ਼ ਭੋਲਾ ਦੀ ਪਤਨੀ ਅਤੇ ਸਹੁਰਾ ਵੀ ਸ਼ਾਮਲ ਹੈ, ਉਨ੍ਹਾਂ ਨੂੰ 3-3 ਸਾਲ ਦੀ ਸਜ਼ਾ ਹੋਈ ਹੈ। ਇਸੇ ਤਰ੍ਹਾਂ ਕੁਝ ਹੋਰ ਦੋਸ਼ੀ ਵਿਅਕਤੀਆਂ ਨੂੰ 5-5 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਮਾਮਲਾ ਸਾਲ 2013 ਵਿਚ ਸਾਹਮਣੇ ਆਇਆ ਸੀ, ਜਦੋਂ ਪੰਜਾਬ ਪੁਲਿਸ ਨੇ ਡਰੱਗ ਤਸਕਰੀ ਮਾਮਲੇ ਵਿਚ ਜਗਦੀਸ਼ ਭੋਲਾ ਨੂੰ ਗ੍ਰਿਫਤਾਰ ਕੀਤਾ ਸੀ। ਇਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿਚ ਵੀ ਭੂਚਾਲ ਆ ਗਿਆ ਸੀ ਅਤੇ ਸੂਬੇ ਦੇ ਕਈ ਆਗੂਆਂ ‘ਤੇ ਸਵਾਲ ਉਠੇ ਸਨ। ਜ਼ਿਕਰਯੋਗ ਹੈ ਕਿ ਸੰਘੀ ਜਾਂਚ ਏਜੰਸੀ ਨੇ 2015 ਵਿਚ 25 ਵਿਅਕਤੀਆਂ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਸੀ। ਇਸ ਮਾਮਲੇ ਵਿੱਚ ਚਾਰ ਮੁਲਜ਼ਮਾਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ ਦੋ ਮੁਲਜ਼ਮਾਂ ਨੂੰ ਭਗੌੜੇ ਕਰਾਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਸਾਲ 2013 ਵਿੱਚ ਪੰਜਾਬ ਦਾ ਬਹੁ-ਚਰਚਿਤ ਡਰੱਗ ਮਾਮਲਾ ਸਾਹਮਣੇ ਆਇਆ ਸੀ ਜਿਸ ਦੌਰਾਨ ਪੰਜਾਬ ਪੁਲਿਸ ਨੇ ਅਰਜੁਨ ਐਵਾਰਡੀ ਪਹਿਲਵਾਨ ਰੁਸਤਮ-ਏ-ਹਿੰਦ ਜਗਦੀਸ਼ ਭੋਲਾ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਇਸ ਮਗਰੋਂ ਉਸ ਨੂੰ ਡੀਐੱਸਪੀ ਦੇ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਸਾਲ 2019 ਵਿੱਚ ਮੁਹਾਲੀ ਦੀ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ ਐੱਨਡੀਪੀਐੱਸ ਐਕਟ ਤਹਿਤ 25 ਵਿਅਕਤੀਆਂ ਨੂੰ ਦੋਸ਼ੀ ਮੰਨਦਿਆਂ ਸਜ਼ਾ ਸੁਣਾਈ ਸੀ। ਹਾਲਾਂਕਿ ਪੰਜਾਬ ਪੁਲਿਸ ਨੇ ਜਗਦੀਸ਼ ਭੋਲਾ ਦੀ ਗ੍ਰਿਫ਼ਤਾਰੀ ਕੀਤੀ ਸੀ ਪ੍ਰੰਤੂ ਬਾਅਦ ਵਿੱਚ ਇਸ ਬਹੁ-ਚਰਚਿਤ ਮਾਮਲੇ ਵਿੱਚ ਨਿੱਤ ਨਵੇਂ ਖ਼ੁਲਾਸੇ ਹੁੰਦੇ ਗਏ। ਬਾਅਦ ਵਿੱਚ ਇਸ ਮਾਮਲੇ ਦੀ ਜਾਂਚ ਸੀਬੀਆਈ ਅਤੇ ਮਨੀ ਲਾਂਡਰਿੰਗ ਸਬੰਧੀ ਜਾਂਚ ਈਡੀ ਨੇ ਆਰੰਭੀ ਸੀ। ਈਡੀ ਨੇ ਜਗਦੀਸ਼ ਭੋਲਾ ਨੂੰ ਉਦੋਂ ਹਿਰਾਸਤ ਵਿੱਚ ਲੈ ਲਿਆ ਸੀ ਜਦੋਂ ਉਸ ਦੇ ਅਤੇ ਸਹਿਯੋਗੀਆਂ ਵਿਰੁੱਧ ਨਸ਼ਿਆਂ ਦੇ ਮਾਮਲਿਆਂ ਨਾਲ ਜੁੜੇ ਮਨੀ ਲਾਂਡਰਿੰਗ ਦੇ ਦੋਸ਼ਾਂ ਤਹਿਤ ਉਸ ਤੋਂ ਪੁੱਛਗਿੱਛ ਕੀਤੀ ਗਈ। ਮੁੱਢਲੀ ਪੜਤਾਲ ਤੋਂ ਬਾਅਦ ਈਡੀ ਨੇ ਸਬੰਧਤ ਮੁਲਜ਼ਮਾਂ ਦੀਆਂ ਜਾਇਦਾਦਾਂ ਵੀ ਕੁਰਕ ਕੀਤੀਆਂ ਸਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਜਗਦੀਸ਼ ਭੋਲਾ ਨੇ ਆਪਣੇ ਪਿਤਾ ਦੇ ਸਸਕਾਰ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਇਹ ਦਾਅਵਾ ਕੀਤਾ ਸੀ ਕਿ ਜੇ ਨਸ਼ਿਆਂ ਬਾਰੇ ਦੋਸ਼ ਸਾਬਤ ਹੋ ਜਾਣ ਤਾਂ ਫਿਰ ਭਾਵੇਂ ਫ਼ਾਂਸੀ ਦੇ ਦਿੱਤੀ ਜਾਵੇ, ਉਸ ਨੂੰ ਕੋਈ ਮਲਾਲ ਨਹੀਂ ਰਹੇਗਾ।

RELATED ARTICLES
POPULAR POSTS