ਕਿਸਾਨਾਂ ਦਾ ਕਹਿਣਾ ਪੰਜਾਬ ਸਰਕਾਰ ਬੋਨਸ ਦੇਣ ਬਾਰੇ ਅਜੇ ਤੱਕ ਸਪੱਸ਼ਟ ਕਿਉਂ ਨਹੀਂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਨੇ ਆਖਿਆ ਸੀ ਕਿ ਕਿਸਾਨ ਕਣਕ ਦੀ ਫਸਲ ਨੂੰ ਆਪਣੇ ਘਰਾਂ ‘ਚ ਸਾਂਭਣ ਅਤੇ ਲੇਟ ਮੰਡੀਆਂ ‘ਚ ਲਿਆਉਣ ਤਾਂ ਉਨ੍ਹਾਂ ਨੂੰ ਬੋਨਸ ਮਿਲੇਗਾ। ਪ੍ਰੰਤੂ ਘਰਾਂ ‘ਚ ਕਣਕ ਸਾਂਭਣ ਵਾਲੇ ਕਿਸਾਨਾਂ ਨੂੰ ਬੋਨਸ ਮਿਲਦਾ ਦਿਖਾਈ ਨਹੀਂ ਦੇ ਰਿਹਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦੀ ਸਾਰੀ ਜ਼ਿੰਮੇਵਾਰੀ ਮੋਦੀ ਸਰਕਾਰ ਸਿਰ ਪਾ ਦਿੱਤੀ ਹੈ ਪ੍ਰੰਤੂ ਕੇਂਦਰ ਨੇ ਅਜੇ ਤੱਕ ਕੋਈ ਹੁੰਗਾਰਾ ਨਹੀਂ ਭਰਿਆ। ਉਧਰ, ਕਿਸਾਨ ਦੋਚਿੱਤੀ ਵਿੱਚ ਹਨ ਕਿ ਆਖਰ ਸਰਕਾਰ ਨੇ ਇੱਕ ਵਾਰ ਪ੍ਰਚਾਰ ਕਰਕੇ ਇਸ ਬਾਰੇ ਅਜੇ ਤੱਕ ਕੋਈ ਫੈਸਲਾ ਕਿਉਂ ਨਹੀਂ ਲਿਆ। ਉਂਝ ਕੈਪਟਨ ਨੇ ਇੱਕ ਵਾਰ ਫਿਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਕਿਸਾਨ ਮਈ ਮਹੀਨੇ ਵਿੱਚ ਕਣਕ ਵੇਚਣਗੇ, ਉਨ੍ਹਾਂ ਨੂੰ ਪ੍ਰਤੀ ਕੁਇੰਟਲ ਸੌ ਰੁਪਏ ਬੋਨਸ ਦਿੱਤਾ ਜਾਵੇ। ਇਸ ਤੋਂ ਇਲਾਵਾ ਜਿਹੜੇ ਕਿਸਾਨ 31 ਮਈ ਤੋਂ ਬਾਅਦ ਕਣਕ ਵੇਚਣਗੇ ਉਨ੍ਹਾਂ ਨੂੰ ਪ੍ਰਤੀ ਕੁਇੰਟਲ 200 ਰੁਪਏ ਬੋਨਸ ਦਿੱਤਾ ਜਾਵੇ। ਉਧਰ, ਵਿਰੋਧੀ ਧਿਰਾਂ ਮੰਗ ਕਰ ਰਹੀਆਂ ਹਨ ਕਿ ਜੇਕਰ ਕੇਂਦਰ ਸਰਕਾਰ ਇਹ ਬੋਨਸ ਨਹੀਂ ਦਿੰਦੀ ਤਾਂ ਕੈਪਟਨ ਸਰਕਾਰ ਖੁਦ ਕਿਸਾਨਾਂ ਨੂੰ ਬੋਨਸ ਦੇਵੇ। ਸੂਬੇ ਅੰਦਰ ਅੱਜ ਕਣਕ ਦੀ ਖਰੀਦ ਸ਼ੁਰੂ ਹੋ ਗਈ ਹੈ ਪਰ ਕੈਪਟਨ ਸਰਕਾਰ ਨੇ ਇਸ ਬਾਰੇ ਕੁਝ ਅਜੇ ਕੁਝ ਵੀ ਸਪਸ਼ਟ ਨਹੀਂ ਕੀਤਾ।