Breaking News
Home / ਪੰਜਾਬ / ਖੇਤੀ ਕਾਨੂੰਨਾਂ ਦਾ ਮਾੜਾ ਪ੍ਰਭਾਵ ਭਾਰਤ ਤੋਂ ਇਲਾਵਾ ਹੋਰ ਮੁਲਕਾਂ ‘ਤੇ ਵੀ ਪਵੇਗਾ : ਪੀ.ਸਾਈਨਾਥ

ਖੇਤੀ ਕਾਨੂੰਨਾਂ ਦਾ ਮਾੜਾ ਪ੍ਰਭਾਵ ਭਾਰਤ ਤੋਂ ਇਲਾਵਾ ਹੋਰ ਮੁਲਕਾਂ ‘ਤੇ ਵੀ ਪਵੇਗਾ : ਪੀ.ਸਾਈਨਾਥ

ਅਜੋਕੇ ਕਿਸਾਨ ਅੰਦੋਲਨ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਸ਼ਾਂਤਮਈ ਅੰਦੋਲਨ ਦੱਸਿਆ
ਜਲੰਧਰ : ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਵਿਹੜੇ ਵਿੱਚ 30ਵੇਂ ‘ਮੇਲਾ ਗ਼ਦਰੀ ਬਾਬਿਆਂ ਦਾ’ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰੇ ਵਜੋਂ ਪਹੁੰਚੇ ਖੇਤੀ ਮਾਮਲਿਆਂ ਦੇ ਮਾਹਿਰ ਪੀ. ਸਾਈਨਾਥ ਨੇ ਕਿਸਾਨ ਕਮਿਸ਼ਨ ਸਥਾਪਤ ਕਰਨ ਲਈ ਕਿਹਾ, ਜਿਹੜਾ ਪੂਰੀ ਤਰ੍ਹਾਂ ਕਿਸਾਨਾਂ ਦੇ ਕੰਟਰੋਲ ‘ਚ ਹੋਵੇ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਥੋਪੇ ਗਏ ਤਿੰਨ ਖੇਤੀ ਕਾਨੂੰਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਕਾਨੂੰਨ ਸਿਰਫ ਕਿਸਾਨਾਂ ਨੂੰ ਹੀ ਤਬਾਹ ਨਹੀਂ ਕਰਨਗੇ ਸਗੋਂ ਇਸ ਦਾ ਮਾੜਾ ਪ੍ਰਭਾਵ ਮੁਲਕ ਦੇ ਬਾਕੀ ਵਰਗਾਂ ‘ਤੇ ਵੀ ਪਵੇਗਾ। ਉਨ੍ਹਾਂ ਮੁਲਕ ਵਿੱਚ ਆਰਥਿਕ ਨਾਬਰਾਬਰੀ ਦੇ ਅੰਕੜੇ ਦਿੰਦਿਆਂ ਕਿਸਾਨਾਂ ਦੇ ਹਾਲਾਤ ਬਿਆਨ ਕੀਤੇ। ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨ ਪਹਿਲਾਂ ਹੀ ਤਬਾਹ ਹੋ ਰਹੀ ਕਿਸਾਨੀ ਨੂੰ ਮੂਲੋਂ ਖ਼ਤਮ ਕਰਨ ਵਾਲੇ ਹਨ। ਅਜੋਕਾ ਕਿਸਾਨ ਅੰਦੋਲਨ ਦੁਨੀਆਂ ਦਾ ਸਭ ਤੋਂ ਵੱਡਾ ਸ਼ਾਂਤਮਈ ਅੰਦੋਲਨ ਹੈ, ਜਿਸ ਵਿੱਚ ਕਿਸਾਨ ਸਾਡੇ ਸਾਰਿਆਂ ਲਈ ਲੜਾਈ ਲੜ ਰਹੇ ਹਨ। ਉਨ੍ਹਾਂ ਦੇਸ਼ ਭਗਤ ਯਾਦਗਾਰ ਹਾਲ ਨੂੰ ਸੁਤੰਤਰਤਾ ਸੰਗਰਾਮ ਨਾਲ ਜੁੜੀ ਵਿਰਾਸਤ ਆਖਦਿਆਂ ਇਸ ਨੂੰ ਸਿਜਦਾ ਕੀਤਾ। ਇਹ ਮੇਲਾ ਬੱਬਰ ਅਕਾਲੀ ਲਹਿਰ ਦੀ ਸ਼ਤਾਬਦੀ ਨੂੰ ਯਾਦ ਕਰਦਿਆਂ ਕਿਸਾਨ ਅੰਦੋਲਨ ਨੂੰ ਸਮਰਪਿਤ ਕੀਤਾ ਗਿਆ ਸੀ। ਪੀ. ਸਾਈਨਾਥ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ 2022 ਵਿਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਹੋਇਆ ਹੈ ਪਰ ਹੋ ਇਸ ਤੋਂ ਉਲਟ ਰਿਹਾ ਹੈ। ਕਿਸਾਨਾਂ ਦੀ ਆਮਦਨ ਘਟ ਰਹੀ ਹੈ ਤੇ ਵੱਡੇ ਕਾਰਪੋਰੇਟ ਘਰਾਣਿਆਂ ਦੀ ਆਮਦਨ ਤੇਜ਼ੀ ਨਾਲ ਦੁੱਗਣੀ ਹੋ ਰਹੀ ਹੈ। ਇਸ ਦੌਰਾਨ ਉਨ੍ਹਾਂ ਹਿੰਦੂਤਵ ਦੇ ਮੋਢੀ ਸਾਵਰਕਰ ਬਾਰੇ ਟਿੱਪਣੀਆਂ ਕਰਦਿਆਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉਨ੍ਹਾਂ ਨੂੰ ਸਭ ਤੋਂ ਵੱਡੇ ਦੇਸ਼ ਭਗਤ ਦੱਸਦੇ ਹਨ ਜਦਕਿ ਭਾਜਪਾ ਸਾਵਰਕਰ ਦੀ ਇਕ ਵੀ ਪ੍ਰਾਪਤੀ ਨਹੀਂ ਦੱਸ ਸਕਦੀ, ਜਿਸ ਤੋਂ ਦੇਸ਼ ਦੇ ਲੋਕ ਪ੍ਰੇਰਨਾ ਲੈ ਸਕਣ। ਸ਼ਹੀਦ ਭਗਤ ਸਿੰਘ ਤੇ ਕਰਤਾਰ ਸਿੰਘ ਸਰਾਭਾ ਵਰਗੇ ਨੌਜਵਾਨ ਅੱਜ ਵੀ ਦੇਸ਼ ਅਤੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਆਜ਼ਾਦੀ ਸੰਗਰਾਮ ਦੇ ਸਮੇਂ ਦੀਆਂ ਦੋ ਵਿਰਾਸਤਾਂ ਦੀ ਤੁਲਨਾ ਕਰਦਿਆਂ ਕਿਹਾ ਕਿ ਸਾਵਰਕਰ ਉਸ ਧਾਰਾ ਦਾ ਪ੍ਰਤੀਨਿੱਧ ਸੀ, ਜੋ ਆਪਣੀ ਮੁਆਫ਼ੀ ਬਦਲੇ ਅੰਗਰੇਜ਼ਾਂ ਲਈ ਕੁਝ ਵੀ ਕਰਨ ਨੂੰ ਤਿਆਰ ਸੀ, ਜਦਕਿ ‘ਭਗਤ-ਸਰਾਭੇ’ ਵਾਲੀ ਵਿਰਾਸਤ ਵਿੱਚ ਨੌਜਵਾਨ ਇਨਕਲਾਬੀ ਗੀਤ ਗਾਉਂਦੇ ਫਾਂਸੀ ਦੇ ਰੱਸੇ ਚੁੰਮਦੇ ਸਨ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …