Breaking News
Home / ਪੰਜਾਬ / ਚੰਨੀ ਵਲੋਂ ਕੈਪਟਨ ਹਮਾਇਤੀਆਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ

ਚੰਨੀ ਵਲੋਂ ਕੈਪਟਨ ਹਮਾਇਤੀਆਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ

ਜਲੰਧਰ ਦੇ ਤਿੰਨ ਵਿਧਾਇਕਾਂ ਤੇ ਸੰਸਦ ਮੈਂਬਰਾਂ ਘਰ ਪਹੁੰਚੇ ਮੁੱਖ ਮੰਤਰੀ
ਜਲੰਧਰ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਦੇ ਤਿੰਨ ਕਾਂਗਰਸੀ ਵਿਧਾਇਕਾਂ, ਇੱਕ ਸੰਸਦ ਮੈਂਬਰ ਤੇ ਇੱਕ ਸਾਬਕਾ ਸੰਸਦ ਮੈਂਬਰ ਦੇ ਘਰ ਫੇਰੀ ਪਾਈ। ਜਲੰਧਰ ਦੇ ਇਸ ਤੂਫ਼ਾਨੀ ਦੌਰੇ ਦੌਰਾਨ ਮੁੱਖ ਮੰਤਰੀ ਚੰਨੀ 9 ਥਾਵਾਂ ‘ਤੇ ਗਏ। ਉਨ੍ਹਾਂ ਦੀ ਇਸ ਫੇਰੀ ਨੂੰ ਕਾਂਗਰਸੀ ਵਿਧਾਇਕਾਂ ਅਤੇ ਆਗੂਆਂ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਬਣਾਈ ਜਾ ਰਹੀ ਪਾਰਟੀ ਵਿੱਚ ਜਾਣ ਤੋਂ ਰੋਕਣ ਦੇ ਯਤਨ ਵਜੋਂ ਵੀ ਦੇਖਿਆ ਜਾ ਰਿਹਾ। ਹਾਲਾਂਕਿ ਉਨ੍ਹਾਂ ਆਪਣੀ ਇਸ ਫੇਰੀ ਦੌਰਾਨ ਜਲੰਧਰ ਸ਼ਹਿਰ ਲਈ ਕੋਈ ਵੱਡਾ ਐਲਾਨ ਨਹੀਂ ਕੀਤਾ।
ਇੱਕ ਕਾਂਗਰਸੀ ਵਿਧਾਇਕ ਨੇ ਦੱਸਿਆ ਕਿ ਮੁੱਖ ਮੰਤਰੀ ਹੁੰਦਿਆਂ ਹੋਇਆਂ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਾ ਹੀ ਸਭ ਤੋਂ ਵੱਡੀ ਚਣੌਤੀ ਹੁੰਦੀ ਸੀ ਜਦ ਕਿ ਇਸ ਦੇ ਉਲਟ ਚਰਨਜੀਤ ਸਿੰਘ ਚੰਨੀ ਉਨ੍ਹਾਂ ਦੇ ਘਰ ਆ ਰਹੇ ਹਨ, ਉਨ੍ਹਾਂ ਦੇ ਰਿਸ਼ਤੇਦਾਰਾਂ, ਸਾਕ ਸਬੰਧੀਆਂ ਨੂੰ ਮਿਲ ਰਹੇ ਹਨ। ਇੱਕ ਹੋਰ ਕਾਂਗਰਸੀ ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਹੋਰਾਂ ਦੀ ਫੇਰੀ ਨਾਲ ਜਿੱਥੇ ਕੌਂਸਲਰ ਪੱਧਰ ਦੇ ਕਾਂਗਰਸੀ ਆਗੂਆਂ ਨਾਲ ਸਿੱਧਾ ਰਾਬਤਾ ਹੋਇਆ ਹੈ ਉੱਥੇ ਆਉਂਦੀਆਂ 2022 ਦੀਆਂ ਚੋਣਾਂ ਲਈ ਜੋਸ਼ ਭਰਿਆ ਗਿਆ ਹੈ। ਚੰਨੀ ਇੱਥੋਂ ਦੇ ਸ੍ਰੀ ਦੇਵੀ ਤਾਲਾਬ ਮੰਦਿਰ ਵਿਖੇ ਮੱਥਾ ਟੇਕਣ ਤੋਂ ਬਾਅਦ ਸਿੱਧਾ ਜਲੰਧਰ ਕੇਂਦਰੀ ਦੇ ਵਿਧਾਇਕ ਰਜਿੰਦਰ ਬੇਰੀ ਦੇ ਘਰ ਗਏ, ਜਿੱਥੇ ਉਨ੍ਹਾਂ ਹਲਕੇ ਦੇ ਸਥਾਨਕ ਕੌਂਸਲਰਾਂ ਨਾਲ ਵੀ ਮੁਲਾਕਾਤ ਕੀਤੀ, ਫਿਰ ਉਹ ਜਲੰਧਰ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੇ ਘਰ ਗਏ। ਬਾਅਦ ਵਿੱਚ ਉਨ੍ਹਾਂ ਨੇ ਜਲੰਧਰ ਪੱਛਮੀ ਦੇ ਵਿਧਾਇਕ ਸੁਸ਼ੀਲ ਰਿੰਕੂ ਦੇ ਘਰ ਫੇਰੀ ਪਾਈ। ਇੱਕ ਸਥਾਨਕ ਕਾਂਗਰਸੀ ਆਗੂ ਨੇ ਕਿਹਾ, ਮੁੱਖ ਮੰਤਰੀ ਨੇ ਵਿਧਾਇਕ ਰਾਜਿੰਦਰ ਬੇਰੀ ਦੀ ਮਾਂ ਦੇ ਪੈਰੀਂ ਹੱਥ ਲਾਇਆ ਤੇ ਪਿਆਰ ਨਾਲ ਉਨ੍ਹਾਂ ਨੂੰ ਕਲਾਵੇ ਵਿੱਚ ਲਿਆ। ਅਜਿਹਾ ਕਰਕੇ ਚੰਨੀ ਵਿਧਾਇਕਾਂ ਨਾਲ ਨਿੱਜੀ ਤੌਰ ‘ਤੇ ਨਿੱਘ ਵੀ ਵਧਾ ਰਹੇ ਹਨ। ਇਸੇ ਕਾਂਗਰਸੀ ਆਗੂ ਦਾ ਕਹਿਣਾ ਸੀ ਜਦੋਂ ਨਵਜੋਤ ਸਿੰਘ ਸਿੱਧੂ 18 ਜੁਲਾਈ ਨੂੰ ਜਲੰਧਰ ਆਏ ਸਨ ਤਾਂ ਉਨ੍ਹਾਂ ਦੋ ਵਿਧਾਇਕ ਰਾਜਿੰਦਰ ਬੇਰੀ ਤੇ ਸੁਸ਼ੀਲ ਰਿੰਕੂ ਨਾਲ ਮੁਲਾਕਾਤ ਨਹੀਂ ਕੀਤੀ ਸੀ। ਇਹ ਦੋਵੇਂ ਵਿਧਾਇਕ ਕੈਪਟਨ ਖੇਮੇ ਦੇ ਮੰਨੇ ਜਾਂਦੇ ਸਨ ਪਰ ਹੁਣ ਚੰਨੀ ਨੇ ਇਨ੍ਹਾਂ ਨੂੰ ਆਪਣੇ ਨਾਲ ਤੋਰਨ ਦਾ ਯਤਨ ਕੀਤਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਰਿਸ਼ਤੇਦਾਰ ਤੇ ਸੀਨੀਅਰ ਕਾਂਗਰਸੀ ਆਗੂ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਦੇ ਘਰ ਵੀ ਗਏ ਅਤੇ ਉਸ ਤੋਂ ਬਾਅਦ ਉਹ ਜਲੰਧਰ ਉੱਤਰੀ ਦੇ ਵਿਧਾਇਕ ਬਾਵਾ ਹੈਨਰੀ ਦੇ ਘਰ ਵੀ ਗਏ।

ਸ੍ਰੀ ਦੇਵੀ ਤਾਲਾਬ ਮੰਦਿਰ ‘ਚ ਲੰਗਰ ਉਤੇ ਲੱਗੇ ਜੀਐੱਸਟੀ ਨੂੰ ਮੁਆਫ਼ ਕਰਨ ਦਾ ਐਲਾਨ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਤਵਾਰ ਨੂੰ ਜਲੰਧਰ ਦੇ ਸ੍ਰੀ ਦੇਵੀ ਤਾਲਾਬ ਮੰਦਿਰ ‘ਚ ਲੰਗਰ ਉਤੇ ਲੱਗੀ ਜੀਐੱਸਟੀ ਨੂੰ ਮੁਆਫ਼ ਕਰਨ ਦਾ ਐਲਾਨ ਕੀਤਾ। ਇਸ ਦੌਰਾਨ ਉਨ੍ਹਾਂ ਮੰਦਰ ‘ਚ ਮੱਥਾ ਵੀ ਟੇਕਿਆ।

 

Check Also

ਪੰਜਾਬ ਭਾਜਪਾ ਦੇ ਵਫਦ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਦੇ ਚੋਣ ਕਮਿਸ਼ਨ ਨੂੰ ਦਿੱਤਾ ਮੰਗ ਪੱਤਰ

ਚੋਣ ਕਮਿਸ਼ਨ ਨੇ ਡੀ.ਜੀ.ਪੀ. ਪੰਜਾਬ ਤੋਂ ਮੰਗਿਆ ਜਵਾਬ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ …