‘ਮੈਡੀਕੋ ਲੀਗਲ ਰੀਵਿਊ’ ਰਿਪੋਰਟ ਤੋਂ ਹੋਇਆ ਖੁਲਾਸਾ, ਡਾਕਟਰੀ ਇਲਾਜ ਪੱਖੋਂ ਸਭ ਤੋਂ ਵੱਧ ਚੌਕਸੀ ਵੀ ਪੰਜਾਬ ‘ਚ
ਚੰਡੀਗੜ੍ਹ/ਬਿਊਰੋ ਨਿਊਜ਼
ਦੇਸ਼ ਵਿੱਚੋਂ ਮੈਡੀਕਲ ਅਲਗਰਜ਼ੀ ਅਤੇ ਇਲਾਜ ਦੌਰਾਨ ਡਾਕਟਰੀ ਅਣਗਹਿਲੀ ਦੇ ਸਭ ਤੋਂ ਜ਼ਿਆਦਾ ਕੇਸ ਪੰਜਾਬ ਵਿੱਚੋਂ ਸਾਹਮਣੇ ਆ ਰਹੇ ਹਨ। ਬੀਤੇ ਸਾਲਾਂ ਦੇ ਮੁਕਾਬਲੇ ਸਾਲ 2015 ਵਿੱਚ ਅਜਿਹੇ ਕੇਸ ਕਰੀਬ ਦੁੱਗਣੇ ઠਹੋਏ ਸਨ। ਮਰੀਜ਼ਾਂ ਨੇ ઠਵਧੇਰੇ ਕਰਕੇ ਡਾਕਟਰਾਂ ਦੀ ਥਾਂ ਹਸਪਤਾਲਾਂ ਨੂੰ ਅਦਾਲਤਾਂ ਵਿੱਚ ઠਖਿੱਚਣਾ ਸ਼ੁਰੂ ਕੀਤਾ ਹੈ। ਇਸ ਸਬੰਧੀ ਅੰਕੜੇ ਅੱਠਵੀਂ ਸਾਲਾਨਾ ‘ਮੈਡੀਕੋ ਲੀਗਲ ਰੀਵਿਊ’ ઠਰਿਪੋਰਟ ਤੋਂ ਸਾਹਮਣੇ ਆਏ ਹਨ। ਕੌਮੀ ਉਪਭੋਗਤਾ ਕਮਿਸ਼ਨ ਕੋਲ ਦਾਇਰ ਹੋਏ ਕੇਸਾਂ ਦੀ ਗਿਣਤੀ ਦੇ ਆਧਾਰ ‘ਤੇ ਇਹ ਰਿਪੋਰਟ ਤਿਆਰ ਕੀਤੀ ਗਈ ਹੈ।
ਰਿਪੋਰਟ ਵਿੱਚ ਦੇਸ਼ ਭਰ ਵਿੱਚੋਂ ਅਣਗਹਿਲੀ ਦੀ ਕਤਾਰ ਵਿਚਲੇ ਸਭ ਤੋਂ ਉਪਰਲੇ ਸੱਤ ਰਾਜਾਂ ਦਾ ਵੇਰਵਾ ਦਿੱਤਾ ਗਿਆ ਹੈ।
ਸਾਲ 2015 ਵਿੱਚ ਡਾਕਟਰੀ ਅਣਗਹਿਲੀ ਦੇ ਸਾਹਮਣੇ ਆਏ ਕੁੱਲ ਕੇਸਾਂ ਵਿੱਚੋਂ 24 ਫ਼ੀਸਦੀ ਕੇਵਲ ਪੰਜਾਬ ਵਿਚੋਂ ਸਨ। ਪੱਛਮੀ ਬੰਗਾਲ ਵਿੱਚੋਂ 17 ਫ਼ੀਸਦੀ ਕੇਸ ਆਏ, ਮਹਾਰਾਸ਼ਟਰ ਵਿੱਚੋਂ 16 ਅਤੇ ਤਾਮਿਲਨਾਡੂ ਤੋਂ 11 ਫ਼ੀਸਦੀ ਕੇਸ ਦਾਇਰ ਹੋਏ। ਹਰਿਆਣਾ 10.7 ਫ਼ੀਸਦੀ ਨਾਲ ਪੰਜਵੇਂ ਅਤੇ ਉੱਤਰ ਪ੍ਰਦੇਸ਼ 10.4 ਫ਼ੀਸਦੀ ਨਾਲ ਛੇਵੇਂ ਸਥਾਨ ‘ਤੇ ਹੈ। ਰਾਜਧਾਨੀ ਚੰਡੀਗੜ੍ਹ ਤੋਂ ਕਮਿਸ਼ਨ ਕੋਲ ਸੱਤ ਫ਼ੀਸਦੀ ਕੇਸ ਦਾਇਰ ਕੀਤੇ ਗਏ। ਪੰਜਾਬ ਵਿੱਚੋਂ ਡਾਕਟਰੀ ਇਲਾਜ ਦੌਰਾਨ ਅਣਗਹਿਲੀ ਸਬੰਧੀ ਆਏ ਕੇਸਾਂ ਵਿੱਚ ਮੌਤ ਦਰ ਸਭ ਤੋਂ ਵੱਧ ਹੈ। ਚੰਡੀਗੜ੍ਹ ਵਿੱਚੋਂ ਦਾਇਰ ਕੇਸਾਂ ਵਿੱਚੋਂ 33 ਫ਼ੀਸਦੀ ਨਿਰਆਧਾਰ ਨਿਕਲੇ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ਵਿੱਚ ਹਰ ਹਜ਼ਾਰ ਮਰੀਜ਼ਾਂ ਪਿੱਛੇ 57 ਜਣੇ ਡਾਕਟਰਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਜਦਕਿ ਪੰਜਾਬ ਵਿੱਚ 19 ਫ਼ੀਸਦੀ ਅਤੇ ਹਰਿਆਣਾ ਵਿੱਚ 13 ਫ਼ੀਸਦੀ ਲੋਕ ਅਜਿਹਾ ਕਰਦੇ ਹਨ। ਸਾਲ 2015 ਦੌਰਾਨ 142 ਕੇਸ ਕਮਿਸ਼ਨ ਕੋਲ ਦਾਇਰ ਕੀਤੇ ਗਏ ਸਨ ਅਤੇ ਇਨ੍ਹਾਂ ਵਿੱਚੋਂ 74 ਦਾ ਫ਼ੈਸਲਾ ਡਾਕਟਰਾਂ ਖ਼ਿਲਾਫ਼ ਗਿਆ ਜਦਕਿ 42 ਵਿਚ ਡਾਕਟਰ ਬਰੀ ਹੋ ਗਏ। ਹੋਰ 27 ਕੇਸਾਂ ਵਿੱਚ ਸਮਝੌਤਾ ਹੋ ਗਿਆ।
ਸਰਕਾਰੀ ਹਸਪਤਾਲਾਂ ਦੀ ਨਿਸਬਤ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨੂੰ ਅਦਾਲਤਾਂ ਦੇ ਵਧੇਰੇ ਗੇੜੇ ਮਾਰਨੇ ਪੈ ਰਹੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਡਾਕਟਰਾਂ ਅਤੇ ਮਰੀਜ਼ਾਂ ਵਿਚਲਾ ਤਿੜਕ ਰਿਹਾ ਭਰੋਸਾ ਅਦਾਲਤੀ ਕੇਸਾਂ ਦਾ ਕਾਰਨ ਬਣ ਰਿਹਾ ਹੈ। ਹਸਪਤਾਲਾਂ ਵਿੱਚ ਕਥਿਤ ਤੌਰ ‘ਤੇ ਘੱਟ ਤਨਖ਼ਾਹ ‘ਤੇ ਗ਼ੈਰ ਤਜਰਬੇਕਾਰ ਡਾਕਟਰਾਂ ਨੂੰ ਗੰਭੀਰ ਮਰੀਜ਼ਾਂ ਦੇ ਇਲਾਜ ਦੀ ਜ਼ਿੰਮੇਵਾਰੀ ਦੇਣ ਉੱਤੇ ਵੀ ਸਵਾਲ ਉਠਾਏ ਗਏ ਹਨ।
ਕਈ ਅਜਿਹੇ ਕੇਸਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਐਮਬੀਬੀਐਸ ਡਾਕਟਰਾਂ ਨੂੰ ਜਣੇਪੇ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਇੱਕ ਅਹਿਮ ਪੱਖ ਇਹ ਵੀ ਸਾਹਮਣੇ ਆਇਆ ਹੈ ਕਿ ਕਈ ਕੇਸਾਂ ਵਿੱਚ ਮਰੀਜ਼ ਦੇ ਨਾ ਬਚਣ ‘ਤੇ ਸਬੰਧਤ ਧਿਰ ਅਣਗਹਿਲੀ ਦਾ ਦੋਸ਼ ਲਾ ਕੇ ਇਲਾਜ ਦਾ ਖਰਚਾ ਦੋਣ ਤੋਂ ਟਾਲਾ ਵੱਟ ਲੈਂਦੀ ਹੈ। ਕਮਿਸ਼ਨ ਨੇ ਜ਼ਿਆਦਾਤਰ ਕੇਸਾਂ ਵਿੱਚ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿਚ ਰੈਫ਼ਰ ਕਰਨ ਨੂੰ ਗੰਭੀਰਤਾ ਨਾਲ ਲਿਆ ਹੈ। ਰਿਪੋਰਟ ਰਿਲੀਜ਼ ਸਮਾਗਮ ਦੌਰਾਨ ਮੁੱਖ ਬੁਲਾਰੇ ਐਮ.ਕੇ. ਬਾਜਪਾਈ ਨੇ ਕਿਹਾ ਕਿ ઠਸਰਜਨਾਂ ਵਿਰੁੱਧ ਲਾਹਪ੍ਰਵਾਹੀ ਦੀਆਂ ਸ਼ਿਕਾਇਤਾਂ ਵਧਣ ਲੱਗੀਆਂ ਹਨ। ਡਾਕਟਰ ਵਧੇਰੇ ਵਪਾਰੀ ਬਣਨ ਲੱਗੇ ਹਨ ਤੇ ਦੂਜੇ ਪਾਸੇ ਮਰੀਜ਼ਾਂ ਵਿੱਚ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਵੀ ਵਧੀ ਹੈ।
ਉਨ੍ਹਾਂ ਦੱਸਿਆ ਕਿ ਸਾਲ 2015 ਵਿੱਚ ਰੋਗ ਦੀ ઠਗ਼ਲਤ ਪਛਾਣ ਅਤੇ ਇਲਾਜ ਦੀ ਅਸਫ਼ਲਤਾ ਦੇ ਕੇਸ ਵਧੇ ਹਨ। ਸਮਾਗਮ ਨੂੰ ਫੋਰਟਿਸ ਦੇ ਮੈਡੀਕਲ ਡਾਇਰੈਕਟਰ ਗਰਵੀਰ ਸਿੰਘ ਅਤੇ ਹੋਪ ਹਸਪਤਾਲ ਦੇ ਡਾਕਟਰ ਨੀਰਜ ਨਾਗਪਾਲ ਨੇ ਵੀ ਸੰਬੋਧਨ ਕੀਤਾ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …