Breaking News
Home / ਭਾਰਤ / ਭਾਰਤ ਚਾਹੁੰਦਾ ਹੈ ਸਰਹੱਦੀ ਮਸਲੇ ਦਾ ਸ਼ਾਂਤੀਪੂਰਨ ਹੱਲ

ਭਾਰਤ ਚਾਹੁੰਦਾ ਹੈ ਸਰਹੱਦੀ ਮਸਲੇ ਦਾ ਸ਼ਾਂਤੀਪੂਰਨ ਹੱਲ

ਰਾਜਨਾਥ ਸਿੰਘ ਬੋਲੇ – ਭਾਰਤੀ ਫੌਜ ਦਾ ਹੌਸਲਾ ਬੁਲੰਦ
ਨਵੀਂ ਦਿੱਲੀ/ਬਿਊਰੋ ਨਿਊਜ਼ : ਪੂਰਬੀ ਲੱਦਾਖ ਵਿਚ ਚੀਨੀ ਫੌਜ ਨਾਲ ਵਿਵਾਦ ਵਿਚਾਲੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੋਕ ਸਭਾ ਵਿਚ ਕਿਹਾ ਕਿ ਭਾਰਤ ਅਮਨ-ਅਮਾਨ ਨਾਲ ਸਰਹੱਦੀ ਮਸਲੇ ਨੂੰ ਹੱਲ ਕਰਨ ਲਈ ਵਚਨਬੱਧ ਹੈ ਪਰ ਗੁਆਂਢੀ ਮੁਲਕ ਵੱਲੋਂ ਮੌਜੂਦਾ ਸਥਿਤੀ ਵਿਚ ਇੱਕਪਾਸੜ ਬਦਲਾਓ ਦੀ ਕੋਈ ਵੀ ਕੋਸ਼ਿਸ਼ ਸਵੀਕਾਰ ਨਹੀਂ ਕੀਤੀ ਜਾਵੇਗੀ। ਰਾਜਨਾਥ ਹੋਰਾਂ ਨੇ ਕਿਹਾ ਕਿ ਭਾਰਤੀ ਜਵਾਨਾਂ ਦਾ ਹੌਸਲਾ ਬੁਲੰਦ ਹੈ ਤੇ ਇਸ ਬਾਰੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਚੀਨ ਦਾ ਅਸਲ ਕੰਟਰੋਲ ਰੇਖਾ ‘ਤੇ ਹਿੰਸਕ ਰਵੱਈਆ ਦੋਵਾਂ ਦੇਸ਼ਾਂ ਵਿਚਾਲੇ ਸਮਝੌਤਿਆਂ ਦੀ ਉਲੰਘਣਾ ਹੈ।
ਭਾਰਤੀ ਫੌਜ ਸਰਹੱਦ ‘ਤੇ ਚੀਨ ਦੀ ਕਿਸੇ ਵੀ ਹਰਕਤ ਦਾ ਮੂੰਹ ਤੋੜ ਜੁਆਬ ਦੇਣ ਦੇ ਸਮਰਥ ਹੈ, ਪਰ ਭਾਰਤ ਸਾਰੇ ਮਸਲੇ ਦਾ ਸ਼ਾਂਤੀਪੂਰਨ ਹੱਲ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪੂਰਬੀ ਲੱਦਾਖ ਵਿਚ ਚੁਣੌਤੀ ਦਾ ਸਾਹਮਣਾ ਕਰ ਰਹੇ ਹਾਂ। ਅਸੀਂ ਮੁੱਦੇ ਦਾ ਸ਼ਾਂਤੀ ਪੂਰਨ ਢੰਗ ਨਾਲ ਹੱਲ ਕਰਨਾ ਚਾਹੁੰਦੇ ਹਾਂ ਅਤੇ ਸਾਡੇ ਹਥਿਆਰਬੰਦ ਦਸਤੇ ਦੇਸ਼ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦੀ ਰਾਖੀ ਲਈ ਡੱਟ ਕੇ ਖੜ੍ਹੇ ਹਨ।
ਰੱਖਿਆ ਮੰਤਰੀ ਦੇ ਜਵਾਬ ਤੋਂ ਬਾਅਦ ਕਾਂਗਰਸ ਦੇ ਮੈਂਬਰ ਇਸ ਮੁੱਦੇ ‘ਤੇ ਆਪਣੀ ਗੱਲ ਰੱਖਣਾ ਚਾਹੁੰਦੇ ਸੀ ਪਰ ਪ੍ਰਧਾਨ ਓਮ ਬਿਰਲਾ ਨੇ ਨਿਯਮਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ ਜਿਸ ਦੇ ਰੋਸ ਵਜੋਂ ਕਾਂਗਰਸ ਮੈਂਬਰਾਂ ਨੇ ਸਦਨ ‘ਚੋਂ ਵਾਕਆਊਟ ਕਰ ਦਿੱਤਾ। ਰੱਖਿਆ ਮੰਤਰੀ ਨੇ ਕਿਹਾ ਕਿ ਮੈਂ ਇਸ ਸਦਨ ਨੂੰ ਇਹ ਅਪੀਲ ਕਰਨਾ ਚਾਹੁੰਦਾ ਹਾਂ ਕਿ ਸਾਨੂੰ ਇੱਕ ਮਤਾ ਪਾਸ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੇ ਫੌਜੀ ਜਵਾਨਾਂ ਨਾਲ ਕਦਮ ਮਿਲਾ ਕੇ ਖੜ੍ਹੇ ਹਾਂ ਜੋ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਦੇਸ਼ ਦੀਆਂ ਉੱਚੀਆਂ ਚੋਟੀਆਂ ‘ਤੇ ਸਖਤ ਹਾਲਾਤ ਦੇ ਬਾਵਜੂਦ ਭਾਰਤ ਮਾਤਾ ਦੀ ਰਾਖੀ ਕਰ ਰਹੇ ਹਨ।
ਉਨ੍ਹਾਂ ਚੀਨ ਦੇ ਰੱਖਿਆ ਮੰਤਰੀ ਵੇਈ ਫੇਂਗ ਨਾਲ ਮਾਸਕੋ ਵਿਚ ਆਪਣੀ ਗੱਲਬਾਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਹ ਇਸ ਮੁੱਦੇ ਦਾ ਹੱਲ ਅਮਾਨ-ਅਮਾਨ ਨਾਲ ਚਾਹੁੰਦੇ ਹਾਂ ਤੇ ਉਹ ਚਾਹੁੰਦੇ ਹਨ ਕਿ ਚੀਨ ਵੀ ਉਨ੍ਹਾਂ ਨਾਲ ਮਿਲ ਕੇ ਕੰਮ ਕਰੇ।

Check Also

ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ

ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …