Breaking News
Home / ਭਾਰਤ / ਰਾਹੁਲ ਦੀ ‘ਭਾਰਤ ਨਿਆਏ ਯਾਤਰਾ’ 14 ਜਨਵਰੀ ਤੋਂ

ਰਾਹੁਲ ਦੀ ‘ਭਾਰਤ ਨਿਆਏ ਯਾਤਰਾ’ 14 ਜਨਵਰੀ ਤੋਂ

ਮਨੀਪੁਰ ਤੋਂ ਮੁੰਬਈ ਤੱਕ 6200 ਕਿਲੋਮੀਟਰ ਦਾ ਫਾਸਲਾ 67 ਦਿਨਾਂ ‘ਚ ਪੂਰਾ ਕਰਨਗੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਆਗੂ ਰਾਹੁਲ ਗਾਂਧੀ 14 ਜਨਵਰੀ ਤੋਂ ‘ਭਾਰਤ ਨਿਆਏ ਯਾਤਰਾ’ ਸ਼ੁਰੂ ਕਰਨਗੇ। ਮਨੀਪੁਰ ਤੋਂ ਮੁੰਬਈ ਤੱਕ ਕੀਤੀ ਜਾਣ ਵਾਲੀ ਇਹ ਯਾਤਰਾ 14 ਰਾਜਾਂ ਤੇ 85 ਜ਼ਿਲ੍ਹਿਆਂ ਵਿਚੋਂ ਦੀ ਹੋ ਕੇ ਲੰਘੇਗੀ। ਪੂਰਬ ਤੋਂ ਪੱਛਮ ਤੱਕ ਦਾ ਇਹ ਪੈਂਡਾ 67 ਦਿਨਾਂ ਵਿੱਚ ਪੂਰਾ ਕੀਤਾ ਜਾਵੇਗਾ। ‘ਭਾਰਤ ਜੋੜੋ ਯਾਤਰਾ’ ਦੀ ਸਫ਼ਲਤਾ ਮਗਰੋਂ ਰਾਹੁਲ ਦੀ ਇਸ ਅਗਲੀ ਯਾਤਰਾ ਨੂੰ 2024 ਦੀਆਂ ਅਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਲਈ ਹਮਾਇਤ ਜੁਟਾਉਣ ਦੇ ਅਮਲ ਵਜੋਂ ਦੇਖਿਆ ਜਾ ਰਿਹਾ ਹੈ। ਨਿਆਏ ਯਾਤਰਾ, ਜੋ ਕਰੀਬ 6200 ਕਿਲੋਮੀਟਰ ਦਾ ਫਾਸਲਾ ਤੈਅ ਕਰੇਗੀ, ਬਹੁਤਾ ਕਰ ਕੇ ਬੱਸਾਂ ਤੇ ਕਿਤੇ ਕਿਤੇ ਤੁਰ ਕੇ ਪੂਰੀ ਕੀਤੀ ਜਾਣੀ ਹੈ। ਤਜਵੀਜ਼ਤ ਯਾਤਰਾ 20 ਮਾਰਚ ਨੂੰ ਮੁੰਬਈ ਵਿਚ ਖ਼ਤਮ ਹੋਵੇਗੀ। ਇਸ ਤੋਂ ਪਹਿਲਾਂ ਰਾਹੁਲ ਨੇ ਪਿਛਲੇ ਸਾਲ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਕੱਢੀ ‘ਭਾਰਤ ਜੋੜੋ ਯਾਤਰਾ’ ਦਾ 4000 ਕਿਲੋਮੀਟਰ ਤੋਂ ਵੱਧ ਦਾ ਫਾਸਲਾ 136 ਦਿਨਾਂ ‘ਚ ਪੂਰਾ ਕੀਤਾ ਸੀ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਰਾਹੁਲ ਗਾਂਧੀ ਨੇ ‘ਭਾਰਤ ਜੋੜੋ ਯਾਤਰਾ’ ਦੌਰਾਨ ਜਿੱਥੇ ‘ਆਰਥਿਕ ਅਸਮਾਨਤਾ, ਧਰੁਵੀਕਰਨ ਤੇ ਤਾਨਾਸ਼ਾਹੀ’ ਦੇ ਮੁੱਦਿਆਂ ਨੂੰ ਉਭਾਰਿਆ ਸੀ, ਉਥੇ ‘ਨਿਆਏ ਯਾਤਰਾ’ ਦੇਸ਼ ਦੇ ਲੋਕਾਂ ਲਈ ਸਮਾਜਿਕ, ਆਰਥਿਕ ਤੇ ਸਿਆਸੀ ਨਿਆਂ ‘ਤੇ ਕੇਂਦਰਤ ਹੋਵੇਗੀ। ਰਮੇਸ਼ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ 14 ਜਨਵਰੀ ਨੂੰ ਇੰਫਾਲ ਤੋਂ ਨਿਆਏ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਯਾਤਰਾ ਨਾਗਾਲੈਂਡ, ਅਸਾਮ, ਮੇਘਾਲਿਆ, ਪੱਛਮੀ ਬੰਗਾਲ, ਬਿਹਾਰ, ਝਾਰਖੰਡ, ਉੜੀਸਾ, ਛੱਤੀਸਗੜ੍ਹ, ਯੂਪੀ, ਮੱਧ ਪ੍ਰਦੇਸ਼, ਰਾਜਸਥਾਨ, ਗੁਜਰਾਤ ਤੇ ਮਹਾਰਾਸ਼ਟਰ ਵਿਚੋਂ ਦੀ ਲੰਘੇਗੀ। ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਦੇ ਇਸ ਮਾਰਚ ਨੂੰ ਸਿਆਸੀ ਤੌਰ ‘ਤੇ ਅਹਿਮ ਮੰਨਿਆ ਜਾ ਰਿਹਾ ਹੈ। ਲੋਕ ਸਭਾ ਚੋਣਾਂ ਅਪਰੈਲ-ਮਈ ਵਿਚ ਹੋਣੀਆਂ ਹਨ। ਚੋਣਾਂ ਦਾ ਐਲਾਨ ਯਾਤਰਾ ਦੇ ਆਖਰੀ ਪੜਾਅ ਮੌਕੇ ਕੀਤਾ ਜਾ ਸਕਦਾ ਹੈ।
ਭਾਰਤ ਜੋੜੋ ਯਾਤਰਾ, ਜੋ 7 ਸਤੰਬਰ 2022 ਨੂੰ ਸ਼ੁਰੂ ਹੋ ਕੇ ਜਨਵਰੀ 2023 ਵਿਚ ਖ਼ਤਮ ਹੋਈ ਸੀ, ਦਾ ਕਾਂਗਰਸ ਨੂੰ ਹਿਮਾਚਲ ਪ੍ਰਦੇਸ਼, ਕਰਨਾਟਕ ਤੇ ਤਿਲੰਗਾਨਾ ਦੀਆਂ ਅਸੈਂਬਲੀ ਚੋਣਾਂ ਵਿੱਚ ਖਾਸਾ ਲਾਹਾ ਮਿਲਿਆ ਸੀ। ਪਾਰਟੀ ਨੇ ਦਾਅਵਾ ਕੀਤਾ ਸੀ ਕਿ ਰਾਹੁਲ ਦੀ ਇਸ ਯਾਤਰਾ ਨਾਲ ਪਾਰਟੀ ਵਰਕਰਾਂ ਤੇ ਆਗੂਆਂ ਵਿਚ ਨਵੀਂ ਰੂਹ ਫੂਕੀ ਗਈ ਸੀ। ਰਮੇਸ਼ ਨੇ ਕਿਹਾ, ”ਭਾਰਤ ਜੋੜੋ ਯਾਤਰਾ ਮਗਰੋਂ ਕਾਂਗਰਸ ਹੁਣ ਰਾਹੁਲ ਗਾਂਧੀ ਦੀ ਅਗਵਾਈ ਵਿਚ ਭਾਰਤ ਨਿਆਏ ਯਾਤਰਾ ਕੱਢੇਗੀ।”
ਰਾਹੁਲ ਵੱਲੋਂ ਅਖਾੜੇ ‘ਚ ਬਜਰੰਗ ਪੂਨੀਆ ਨਾਲ ਮੁਕਾਬਲਾ
ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਨ ਸਿੰਘ ਦੇ ਕਰੀਬੀ ਸੰਜੈ ਸਿੰਘ ਨੂੰ ਨਵਾਂ ਪ੍ਰਧਾਨ ਚੁਣੇ ਜਾਣ ਨੂੰ ਲੈ ਕੇ ਪੈਦਾ ਹੋਏ ਵਿਵਾਦ ਦਰਮਿਆਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਹਰਿਆਣਾ ਦੇ ਝੱਜਰ ‘ਚ ਓਲੰਪਿਕ ਵਿੱਚ ਕਾਂਸੇ ਦਾ ਤਗਮਾ ਜੇਤੂ ਬਜਰੰਗ ਪੂਨੀਆ ਅਤੇ ਹੋਰ ਪਹਿਲਵਾਨਾਂ ਨਾਲ ਮੁਲਾਕਾਤ ਕੀਤੀ। ਬਜਰੰਗ ਨੇ ਪਿਛਲੇ ਹਫਤੇ ਡਬਲਿਊਐੱਫਆਈ ਚੋਣਾਂ ਵਿੱਚ ਸੰਜੈ ਸਿੰਘ ਦੀ ਜਿੱਤ ਦੇ ਵਿਰੋਧ ਵਿੱਚ ਆਪਣਾ ਪਦਮਸ੍ਰੀ ਪੁਰਸਕਾਰ ਵਾਪਸ ਕਰ ਦਿੱਤਾ ਸੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਰੇਂਦਰ ਅਖਾੜੇ ਵਿੱਚ ਪਹਿਲਵਾਨਾਂ ਨਾਲ ਮੁਲਾਕਾਤ ਕੀਤੀ। ਬਜਰੰਗ ਨੇ ਆਪਣੇ ਕੁਸ਼ਤੀ ਕਰੀਅਰ ਦੀ ਸ਼ੁਰੂਆਤ ਇਸੇ ਅਖਾੜੇ ਤੋਂ ਕੀਤੀ ਸੀ। ਇਸ ਦੌਰਾਨ ਬਜਰੰਗ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ਰਾਹੁਲ ਗਾਂਧੀ ਸਾਡੀ ਰੁਟੀਨ (ਸਿਖਲਾਈ) ਦੇਖਣ ਆਏ ਸਨ।

 

Check Also

ਪਿ੍ਅੰਕਾ ਗਾਂਧੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ

ਪਹਿਲੀ ਵਾਰ ਲੋਕ ਸਭਾ ਮੈਂਬਰ ਬਣੀ ਹੈ ਪਿ੍ਰਅੰਕਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਸੰਸਦ ਦੇ ਸਰਦ …