Breaking News
Home / ਭਾਰਤ / ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਵਿੱਚ ਪਈ ਫੁੱਟ

ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਵਿੱਚ ਪਈ ਫੁੱਟ

ਮਹਿੰਦਰ ਸਿੰਘ ਟਿਕੈਤ ਦੇ ਬਰਸੀ ਸਮਾਗਮ ਦੌਰਾਨ ਰਾਜੇਸ਼ ਸਿੰਘ ਚੌਹਾਨ ਨੂੰ ਨਵੇਂ ਧੜੇ ਦਾ ਪ੍ਰਧਾਨ ਥਾਪਿਆ
ਪਾਣੀਪਤ/ਬਿਊਰੋ ਨਿਊਜ਼ : ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਵਿੱਚ ਫੁੱਟ ਪੈ ਗਈ ਹੈ ਤੇ ਰਾਜੇਸ਼ ਚੌਹਾਨ ਨੂੰ ਨਵੇਂ ਧੜੇ ਦਾ ਪ੍ਰਧਾਨ ਥਾਪ ਦਿੱਤਾ ਗਿਆ ਹੈ। ਚੌਹਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਧੜਾ ਬੀਕੇਯੂ (ਅਰਾਜਨੀਤਕ) ਹੀ ‘ਅਸਲੀ’ ਸੰਗਠਨ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨਰੇਸ਼ ਟਿਕੈਤ ਨੂੰ ਪ੍ਰਧਾਨ ਦੇ ਅਹੁਦੇ ਤੋਂ ਅਤੇ ਰਾਕੇਸ਼ ਟਿਕੈਤ ਨੂੰ ਜਥੇਬੰਦੀ ਦੇ ਮੁੱਖ ਬੁਲਾਰੇ ਵਜੋਂ ਲਾਂਭੇ ਕਰ ਦਿੱਤਾ ਹੈ। ਇਹ ਫੁੱਟ ਲਖਨਊ ਵਿੱਚ ਬੀਕੇਯੂ ਦੇ ਸੰਸਥਾਪਕ ਮਹਿੰਦਰ ਸਿੰਘ ਟਿਕੈਤ ਦੀ ਬਰਸੀ ਮੌਕੇ ਪਈ।
ਰਾਜੇਸ਼ ਚੌਹਾਨ ਨੇ ਮੀਡੀਆ ਨੂੰ ਦੱਸਿਆ ਕਿ ਟਿਕੈਤ ਭਰਾ ਸੰਗਠਨ ਦਾ ਸਿਆਸੀਕਰਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਕਿਸਾਨਾਂ ਨੂੰ ਮਨਜ਼ੂਰ ਨਹੀਂ ਹੈ। ਉਨ੍ਹਾਂ ਕਿਹਾ, ‘ਅਸੀਂ ਗੈਰ-ਸਿਆਸੀ ਸੰਗਠਨ ਹਾਂ ਅਤੇ ਰਹਾਂਗੇ।’ ਚੌਹਾਨ ਨੇ ਕਿਹਾ ਕਿ ਜਥੇਬੰਦੀ ਵੱਲੋਂ ਨਿਰਾਦਰ ਕੀਤੇ ਜਾਣ ਮਗਰੋਂ ਉਨ੍ਹਾਂ ਬੀਕੇਯੂ ਨਾਲੋਂ ਵੱਖ ਹੋ ਕੇ ਨਵਾਂ ਧੜਾ ਬਣਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਦੀਆਂ ਯੂਪੀ ਚੋਣਾਂ ਵਿੱਚ ਜਥੇਬੰਦੀ ਨੇ ਕਥਿਤ ਸਿਆਸੀ ਪਾਰਟੀਆਂ ਦਾ ਸਾਥ ਦਿੱਤਾ ਸੀ। ਉਨ੍ਹਾਂ ਕਿਹਾ ਕਿ ਨਵੀਂ ਜਥੇਬੰਦੀ ਦਾ ਨਾਮ ਭਾਰਤੀ ਕਿਸਾਨ ਯੂਨੀਅਨ (ਅਰਾਜਨੀਤਕ) ਹੋਵੇਗਾ। ਅਰਾਜਨੀਤਕ ਦਾ ਮਤਲਬ ‘ਗੈਰਸਿਆਸੀ’ ਹੁੰਦਾ ਹੈ। ਨਵੀਂ ਜਥੇਬੰਦੀ ਦੇ ਸੀਨੀਅਰ ਅਹੁਦੇਦਾਰ ਹਰਿਨਾਮ ਸਿੰਘ ਨੇ ਕਿਹਾ ਕਿ ਰਾਜੇਸ਼ ਚੌਹਾਨ ਬੀਕੇਯੂ (ਏ) ਦੀ ਅਗਵਾਈ ਕਰਨਗੇ।
ਇਥੇ ਬਰਸੀ ਸਮਾਗਮ ਦੌਰਾਨ ਚੌਹਾਨ ਨੇ ਕਿਹਾ ਕਿ ਉਨ੍ਹਾਂ ਕਈ ਮੌਕਿਆਂ ‘ਤੇ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ, ਪਰ ਹਰ ਵਾਰ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਚੌਹਾਨ ਨੇ ਕਿਹਾ ਕਿ ਸੀਨੀਅਰ ਬੀਕੇਯੂ ਆਗੂ ਨਰੇਸ਼ ਟਿਕੈਤ ਤੇ ਰਾਕੇਸ਼ ਟਿਕੈਤ ਨਾ ਵਰਕਰਾਂ ਦੀ ਸੁਣਦੇ ਹਨ ਤੇ ਨਾ ਹੀ ਕਿਸਾਨਾਂ ਦੀਆਂ ਮੁਸ਼ਕਲਾਂ ਵੱਲ ਕੋਈ ਧਿਆਨ ਦਿੰਦੇ ਹਨ। ਉਹ ਮਾੜੀ ਸੰਗਤ ਵਿੱਚ ਪੈ ਕੇ ਆਨੇ-ਬਹਾਨੇ ਸਾਡਾ ਨਿਰਾਦਰ ਕਰਦੇ ਰਹੇ ਹਨ। ਮੈਂ ਖੁੱਲ੍ਹ ਕੇ ਨਰੇਸ਼ ਟਿਕੈਤ ਤੇ ਰਾਕੇਸ਼ ਟਿਕੈਤ ਦੀ ਹਮਾਇਤ ਕੀਤੀ, ਪਰ ਜਦੋਂ ਚੋਣਾਂ ਆਈਆਂ, ਉਹ ਮਹਿੰਦਰ ਸਿੰਘ ਟਿਕੈਤ ਦੇ ਆਦਰਸ਼ਾਂ ਤੋਂ ਥਿੜਕ ਗਏ। ਉਨ੍ਹਾਂ ਜਥੇਬੰਦੀ ਨੂੰ ਸਿਆਸੀ ਪਾਰਟੀਆਂ ਦੀ ਕਠਪੁਤਲੀ ਬਣਾ ਛੱਡਿਆ।
ਮੈਨੂੰ ਇਸ ਨਾਲ ਵੱਡਾ ਦੁੱਖ ਤੇ ਪੀੜ ਹੋਈ। ਚੌਹਾਨ ਨੇ ਕਿਹਾ, ”ਰਾਕੇਸ਼ ਟਿਕੈਤ, ਸਿਆਸੀ ਪਾਰਟੀਆਂ ਦੇ ਦਬਾਅ ਹੇਠ ਸਨ। ਉਨ੍ਹਾਂ ਇਕ ਪਾਰਟੀ ਲਈ ਪ੍ਰਚਾਰ ਜਦੋਂਕਿ ਦੂਜੀ ਪਾਰਟੀ ਦਾ ਵਿਰੋਧ ਕੀਤਾ।” ਚੌਹਾਨ ਨੇ ਹਾਲਾਂਕਿ ਕਿਸੇ ਸਿਆਸੀ ਪਾਰਟੀ ਦਾ ਨਾਂ ਨਹੀਂ ਲਿਆ। ਚੌਹਾਨ ਨੇ ਦਾਅਵਾ ਕੀਤਾ ਕਿ ਉਹ ਨਰੇਸ਼ ਟਿਕੈਤ ਤੇ ਰਾਕੇਸ਼ ਟਿਕੈਤ ਨਾਲੋਂ ਬੀਕੇਯੂ ਦੇ ‘ਸੀਨੀਅਰ ਸਿਪਾਹੀ’ ਹਨ। ਉਨ੍ਹਾਂ ਕਿਹਾ, ”ਟਿਕੈਤ ਭਰਾਵਾਂ ਦਾ ਸਬੰਧ ਬੀਕੇਯੂ ਨਾਲ ਹੈ ਜਦੋਂਕਿ ਮੇਰੀ ਜਥੇਬੰਦੀ ਬੀਕੇਯੂ (ਏ) ਹੈ। ਇਹ ਨਵੀਂ ਜਥੇਬੰਦੀ ਹੈ ਤੇ ਅਸੀਂ ਕੋਈ ਵਿਵਾਦ ਨਹੀਂ ਚਾਹੁੰਦੇ।”
ਕਿਸੇ ਨੂੰ ਕੱਢਣ ਦਾ ਅਧਿਕਾਰ ਸਿਰਫ਼ ਜਨਤਾ ਕੋਲ: ਟਿਕੈਤ ਭਰਾ
ਬੀਕੇਯੂ ਵਿਚੋਂ ਕੱਢਣ ਦੇ ਸਵਾਲ ‘ਤੇ ਨਰੇਸ਼ ਟਿਕੈਤ ਅਤੇ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸੇ ਨੂੰ ਵੀ ਕੱਢਣ ਦਾ ਅਧਿਕਾਰ ਸਿਰਫ ਜਨਤਾ ਕੋਲ ਹੈ। ਲਖਨਊ ਵਿਚ ਹੋਈ ਬੈਠਕ ਬਾਰੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਕੋਈ ਵੀ ਖ਼ੁਦ ਨੂੰ ਪ੍ਰਧਾਨ ਮੰਤਰੀ ਐਲਾਨ ਸਕਦਾ ਹੈ। ਇਸ ਦੌਰਾਨ ਬੀਕੇਯੂ ਦੇ ਕੌਮੀ ਜਨਰਲ ਸਕੱਤਰ ਯੁੱਧਵੀਰ ਸਿੰਘ ਨੇ ਕਿਹਾ ਕਿ ਕੋਈ ਵੀ ਫੈਸਲਾ ਕੌਮੀ ਬਾਡੀ ਦੀ ਮੀਟਿੰਗ ਵਿੱਚ ਹੀ ਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਲਖਨਊ ਵਿੱਚ ਮੀਟਿੰਗ ਕਰਨ ਵਾਲੇ ਰਾਜੇਸ਼ ਸਿੰਘ ਚੌਹਾਨ ਵੀ ਉਨ੍ਹਾਂ ਦੀ ਜਥੇਬੰਦੀ ਦੇ ਮੈਂਬਰ ਹਨ। ਉਹ ਸੰਗਠਨ ਵਿੱਚ ਰਾਸ਼ਟਰੀ ਪੱਧਰ ਦੇ ਅਹੁਦੇ ਬਾਰੇ ਫੈਸਲਾ ਆਪ ਨਹੀਂ ਕਰ ਸਕਦਾ। ਇਸ ਦੀ ਪ੍ਰਕਿਰਿਆ ਹੁੰਦੀ ਹੈ। ਉਨ੍ਹਾਂ ਆਰੋਪ ਲਾਇਆ ਕਿ ਸਰਕਾਰ ਜਥੇਬੰਦੀ ਅਤੇ ਇਸ ਦੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ।

 

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …