Breaking News
Home / ਪੰਜਾਬ / ਅਕਾਲੀ ਦਲ ਚਮਚਿਆਂ ਤੇ ਦਲਾਲਾਂ ਦੀ ਪਾਰਟੀ: ਪਰਗਟ ਸਿੰਘ

ਅਕਾਲੀ ਦਲ ਚਮਚਿਆਂ ਤੇ ਦਲਾਲਾਂ ਦੀ ਪਾਰਟੀ: ਪਰਗਟ ਸਿੰਘ

1ਮੁੱਖ ਮੰਤਰੀ ‘ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਲਾਇਆ ਦੋਸ਼; ਚਾਰ ਸਾਲਾਂ ‘ਚ ਕਦੇ ਨਹੀਂ ਹੋਈ ਸੁਣਵਾਈ
ਜਲੰਧਰ/ਬਿਊਰੋ ਨਿਊਜ਼ : ਮੁਅੱਤਲ ਕੀਤੇ ਜਾਣ ਦੇ ਇੱਕ ਦਿਨ ਬਾਅਦ ਹੀ ਜਲੰਧਰ ਛਾਉਣੀ ਦੇ ਵਿਧਾਇਕ ਤੇ ਸਾਬਕਾ ਓਲੰਪੀਅਨ ਪਰਗਟ ਸਿੰਘ ਨੇ ਪਾਰਟੀ ‘ਤੇ ਜ਼ੋਰਦਾਰ ਹੱਲਾ ਬੋਲਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਚਮਚਿਆਂ ਤੇ ਦਲਾਲਾਂ ਦੀ ਪਾਰਟੀ ਬਣ ਕੇ ਰਹਿ ਗਈ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਤਿੱਖੀ ਸੁਰ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਮਾਨਸਿਕ ਤੌਰ ‘ਤੇ ਦਿਵਾਲੀਆਪਣ ਨਿਕਲ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਵਿੱਚੋਂ ਆਪਣੀ ਮੁਅੱਤਲੀ ‘ਤੇ ਟਿੱਪਣੀ ਕਰਦਿਆਂ ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ 20 ਦਿਨਾਂ ਵਿੱਚ ਹਲਕੇ ਦੇ ਲੋਕਾਂ ਨੇ ਵਿਧਾਇਕ ਬਣਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜੇ ਲੋਕਾਂ ਦੇ ਹੱਕ ਵਿੱਚ ਖੜ੍ਹਨ ਨੂੰ ਪਾਰਟੀ ਅਨੁਸ਼ਾਸਨ ਦੀ ਉਲੰਘਣਾ ਮੰਨਦੀ ਹੈ ਤਾਂ ਉਹ ਅਜਿਹੀ ‘ਗਲਤੀ’ ਵਾਰ-ਵਾਰ ਕਰਨਗੇ। ਆਮ ਆਦਮੀ ਪਾਰਟੀ ਵਿਚ ਜਾਣ ਬਾਰੇ ਸਵਾਲ ਨੂੰ ਉਹ ਇਹ ਕਹਿ ਕੇ ਟਾਲ ਗਏ ਕਿ ਅਜੇ ਉਨ੍ਹਾਂ ਨੂੰ ਫੈਸਲਾ ਕਰਨ ਲਈ ਸਮਾਂ ਚਾਹੀਦਾ ਹੈ। ਪਰ ਉਨ੍ਹਾਂ ਕਿਹਾ ਕਿ ਹੁਣ ਅਕਾਲੀ ਦਲ ਵਿੱਚ ਵਾਪਸ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਹਲਕੇ ਦੀਆਂ ਹੋਰ ਬਹੁਤ ਸਾਰੀਆਂ ਮੰਗਾਂ ਦੀਆਂ ਫਾਈਲਾਂ ਉਹ ਮੁੱਖ ਮੰਤਰੀ ਤੇ ਹੋਰ ਵਿਭਾਗਾਂ ਦੇ ਮੰਤਰੀਆਂ ਨੂੰ ਦੇ ਦਿੰਦੇ ਆ ਰਹੇ ਸਨ ਪਰ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਸਿੱਧੂ ਨਾਲ ਹੁੰਦੀ ਰਹਿੰਦੀ ਹੈ ਗੱਲਬਾਤ : ਪਰਗਟ ਸਿੰਘ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨਾਲ ਤਾਂ ਅਕਸਰ ਹੀ ਉਨ੍ਹਾਂ ਦੀ ਗੱਲ ਹੁੰਦੀ ਰਹਿੰਦੀ ਹੈ। ਸਿੱਧੂ ਵੱਲੋਂ ਭਾਜਪਾ ਛੱਡਣ ਤੋਂ ਬਾਅਦ ਵੀ ਗੱਲਬਾਤ ਹੋਣ ਦੀ ਪੁਸ਼ਟੀ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੇ ਗੂੜ੍ਹੇ ਮਿੱਤਰ ਹਨ ਤੇ ਇਕੱਠੇ ਖੇਡਦੇ ਰਹੇ ਹਨ। ਪਰਗਟ ਸਿੰਘ ਨੇ ਖੁਲਾਸਾ ਕੀਤਾ ਕਿ ਸਾਰੀਆਂ ਰਾਜਨੀਤਕ ਪਾਰਟੀਆਂ ਨਾਲ ਉਨ੍ਹਾਂ ਦੇ ਚੰਗੇ ਸਬੰਧ ਹਨ।

Check Also

ਪੰਜਾਬ, ਚੰਡੀਗੜ੍ਹ ਤੇ ਹਿਮਾਚਲ ’ਚ ਨਾਮਜ਼ਦਗੀਆਂ ਭਰਨ ਦਾ ਕੰਮ ਹੋਇਆ ਮੁਕੰਮਲ

ਲੋਕ ਸਭਾ ਚੋਣਾਂ ਦੇ 7ਵੇਂ ਗੇੜ ਦੌਰਾਨ 1 ਜੂਨ ਨੂੰ ਪੈਣੀਆਂ ਹਨ ਵੋਟਾਂ ਚੰਡੀਗੜ੍ਹ/ਬਿਊਰੋ ਨਿਊਜ਼ …