ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਮਤੇ ਦੌਰਾਨ ਰਾਜ ਸਭਾ ‘ਚ ਹਾਰੀ ਸਰਕਾਰ, ਆਜ਼ਾਦ ਦੀ ਸੋਧ ਨੂੰ ਮਿਲੀ ਪ੍ਰਵਾਨਗੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਮਤੇ ਨੂੰ ਸਰਬਸੰਮਤੀ ਨਾਲ ਪਾਸ ਕਰਨ ਦੀ ਅਪੀਲ ਦਾ ਰਾਜ ਸਭਾ ਵਿਚ ਕਾਂਗਰਸ ਅਤੇ ਵਿਰੋਧੀ ਧਿਰ ‘ਤੇ ਕੋਈ ਅਸਰ ਨਹੀਂ ਪਿਆ। ਕੇਂਦਰ ਸਰਕਾਰ ਨੂੰ ਉਸ ਸਮੇਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਸਦਨ ਨੇ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਦੀ ਸੋਧ ਨੂੰ ਸਵੀਕਾਰ ਕਰ ਲਿਆ। ਸੋਧ ਦੇ ਹੱਕ ਵਿਚ 94 ਜਦਕਿ ਵਿਰੋਧ ‘ਚ 61 ਮੈਂਬਰਾਂ ਨੇ ਵੋਟਾਂ ਪਾਈਆਂ। ਸੋਧ ਵਿਚ ਕਿਹਾ ਗਿਆ ਸੀ ਕਿ ਰਾਸ਼ਟਰਪਤੀ ਦੇ ਭਾਸ਼ਣ ‘ਚ ਪੰਚਾਇਤੀ ਚੋਣਾਂ ਦੌਰਾਨ ਸਾਰੇ ਨਾਗਰਿਕਾਂ ਨੂੰ ਚੋਣ ਲੜਨ ਦਾ ਅਧਿਕਾਰ ਦੇਣ ਸਬੰਧੀ ਕੋਈ ਵਚਨਬੱਧਤਾ ਨਹੀਂ ਦੁਹਰਾਈ ਗਈ। ਆਜ਼ਾਦ ਦਾ ਕਹਿਣਾ ਸੀ ਕਿ ਹਰਿਆਣਾ ਅਤੇ ਰਾਜਸਥਾਨ ਵਿਚ ਚੋਣ ਲੜਨ ਲਈ ਉਮੀਦਵਾਰ ਦਾ ਮੈਟ੍ਰਿਕ ਪਾਸ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਜਿਸ ਨਾਲ ਘੱਟ ਪੜ੍ਹੇ-ਲਿਖੇ ਅਤੇ ਦੱਬੇ ਕੁਚਲਿਆਂ ਦੇ ਚੋਣ ਲੜਨ ‘ਤੇ ਰੋਕ ਲੱਗ ਗਈ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਹਫ਼ਤੇ ਲੋਕ ਸਭਾ ਵਾਂਗ ਹੀ ਰਾਜ ਸਭਾ ਵਿਚ ਵੀ ਕਾਂਗਰਸ ਸਮੇਤ ਵਿਰੋਧੀ ਧਿਰ ਨੂੰ ਸੈਨਤਾਂ ਮਾਰਦਿਆਂ ਸੁਲ੍ਹਾ-ਸਫ਼ਾਈ ਦਾ ਹੱਥ ਵਧਾਇਆ। ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਮਤੇ ਦਾ ਕਰੀਬ ਘੰਟਾ ਭਰ ਜਵਾਬ ਦਿੰਦਿਆਂ ਮੋਦੀ ਨੇ 300 ਕੁ ਸੋਧਾਂ ਦਾ ਹਵਾਲਾ ਦਿੰਦਿਆਂ ਪਾਰਟੀਆਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਨੂੰ ਵਾਪਸ ਲੈ ਕੇ ਮਤੇ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਜਾਵੇ ਤਾਂ ਜੋ ਰਾਸ਼ਟਰਪਤੀ ਦੇ ਅਹੁਦੇ ਦੀ ਮਰਿਆਦਾ ਅਤੇ ਸਦਨ ਦੀਆਂ ਉੱਚੀਆਂ ਕਦਰਾਂ ਕੀਮਤਾਂ ਬਰਕਰਾਰ ਰਹਿਣ। ਆਪਣੇ ਭਾਸ਼ਣ ਦੌਰਾਨ ਮੋਦੀ ਨੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੇ ਸ਼ਬਦਾਂ ਨੂੰ ਦੁਹਰਾਉਂਦਿਆਂ ਕਿਹਾ ਕਿ ਰਾਜ ਸਭਾ ਵਿਚਾਰਾਂ ਵਾਲਾ ਸਦਨ ਹੈ ਅਤੇ ਇਸ ਦੇ ਤੇ ਲੋਕ ਸਭਾ ਵਿਚਕਾਰ ਤਾਲਮੇਲ ਦੀ ਲੋੜ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਪੰਡਤ ਨਹਿਰੂ ਦੇ ਵਿਚਾਰਾਂ ਨੂੰ ਮਹੱਤਤਾ ਦਿੱਤੀ ਜਾਏਗੀ ਤੇ ਮੌਜੂਦਾ ਇਜਲਾਸ ‘ਚ ਸਾਰੇ ਲੰਬਿਤ ਬਿੱਲਾਂ ਨੂੰ ਪਾਸ ਕਰ ਦਿੱਤਾ ਜਾਏਗਾ। ਉਨ੍ਹਾਂ ਜੀਐਸਟੀ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਬਿੱਲਾਂ ਨੂੰ ਜਨ ਪ੍ਰਤੀਨਿਧੀਆਂ (ਲੋਕ ਸਭਾ) ਨੇ ਪਾਸ ਕਰ ਦਿੱਤਾ ਪਰ ਰਾਜਾਂ ਦੇ ਨੁਮਾਇੰਦਿਆਂ (ਰਾਜ ਸਭਾ) ਵੱਲੋਂ ਅਜਿਹਾ ਨਹੀਂ ਕੀਤਾ ਗਿਆ। ਰਾਸ਼ਟਰਪਤੀ ਦੇ ਭਾਸ਼ਣ ਦੇ ਬਹਾਨੇ ਉਨ੍ਹਾਂ ਸੁਲ੍ਹਾ-ਸਫ਼ਾਈ ਵਾਲੇ ਸੁਰ ਅਲਾਪਦਿਆਂ ਕਿਹਾ, ”ਅਸੀਂ ਸੰਸਦ ਦਾ ਮੌਜੂਦਾ ਇਜਲਾਸ ਸੁਚਾਰੂ ਢੰਗ ਨਾਲ ਚਲਾ ਰਹੇ ਹਾਂ ਤੇ ਰਾਸ਼ਟਰਪਤੀ ਦੇ ਸੁਨੇਹੇ ‘ਤੇ ਅਮਲ ਕਰਨ ਲਈ ਮੈਂ ਵਿਰੋਧੀ ਧਿਰ ਦਾ ਧੰਨਵਾਦ ਕਰਦਾ ਹਾਂ।
Check Also
ਪਿ੍ਅੰਕਾ ਗਾਂਧੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ
ਪਹਿਲੀ ਵਾਰ ਲੋਕ ਸਭਾ ਮੈਂਬਰ ਬਣੀ ਹੈ ਪਿ੍ਰਅੰਕਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਸੰਸਦ ਦੇ ਸਰਦ …