ਜ਼ਹਿਰੀਲੀ ਗੈਸ ਚੜ੍ਹਨ ਕਾਰਨ 25 ਵਿਅਕਤੀਆਂ ਦੀ ਹਾਲਤ ਬਹੁਤ ਨਾਜ਼ੁਕ
ਵਿਸਾਖਾਪਟਨਮ/ਬਿਊਰੋ ਨਿਊਜ਼
ਆਂਧਰਾ ਪ੍ਰਦੇਸ਼ ਦੇ ਵਿਸਾਖਾਪਟਨਮ ‘ਚ ਅੱਜ ਸਵੇਰੇ ਇਕ ਕੈਮੀਕਲ ਪਲਾਂਟ ਤੋਂ ਗੈਸ ਲੀਕ ਹੋ ਗਈ। ਇਸ ਜ਼ਹਿਰੀਲੀ ਗੈਸ ਦੀ ਲਪੇਟ ‘ਚ ਆਉਣ ਕਰਕੇ 2 ਬੱਚਿਆਂ ਸਮੇਤ 11 ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਾਦਸਾ ਸਵੇਰੇ 2: 30 ਵਜੇ ਐਲ ਜੀ ਦੇ ਪਾਲੀਮਰਜ਼ ਇੰਡਸਟਰੀ ਦੇ ਪਲਾਂਟ ‘ਚ ਵਾਪਰਿਆ। ਜਦੋਂ ਤੱਕ ਗੈਸ ਦੀ ਲੀਕੇਜ਼ ਨੂੰ ਕਾਬੂ ਕੀਤਾ ਗਿਆ ਉਦੋਂ ਤੱਕ ਇਹ ਜ਼ਹਿਰੀਲੀ ਗੈਸ ਲਗਭਗ 4 ਕਿਲੋਮੀਟਰ ਦੇ ਏਰੀਏ ‘ਚ ਆਉਣ ਵਾਲੇ 5 ਪਿੰਡਾਂ ‘ਚ ਫੈਲ ਚੁੱਕੀ ਸੀ। ਇਹ ਹਾਦਸਾ ਵਿਸ਼ਾਖਾਪਟਨਮ ਤੋਂ 30 ਕਿਲੋਮੀਟਰ ਦੂਰ ਵੇਂਕਟਪੁਰਮ ਪਿੰਡ ‘ਚ ਵਾਪਰਿਆ। ਪੰਜ ਪਿੰਡਾਂ ‘ਚ ਫੈਲੀ ਇਸ ਜ਼ਹਿਰੀਲੀ ਗੈਸ ਨੇ 1000 ਹਜ਼ਾਰ ਵਿਅਕਤੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਜਿਨ੍ਹਾਂ ਵਿਚੋਂ 300 ਵਿਅਕਤੀਆਂ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਹਸਪਤਾਲ ‘ਚ ਦਾਖਲ ਇਨ੍ਹਾਂ ਵਿਅਕਤੀਆਂ ਵਿਚੋਂ 25 ਵਿਅਕਤੀ ਵੈਂਟੀਲੇਟਰ ‘ਤੇ ਹਨ ਜਿਨ੍ਹਾਂ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ ਐਸ ਜਗਨਮੋਹਨ ਰੈਡੀ ਨੇ ਇਸ ਹਾਦਸੇ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਹਾਦਸੇ ‘ਚ ਮਾਰੇ ਗਏ ਵਿਅਕਤੀਆਂ ਨੂੰ 1-1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ।