Breaking News
Home / ਭਾਰਤ / ਚੋਣਾਂ ਜਿੱਤਣ ਤੋਂ ਪਹਿਲਾਂ ਲੋਕਾਂ ਦੇ ਦਿਲ ਜਿੱਤਣੇ ਜ਼ਰੂਰੀ : ਮੋਦੀ

ਚੋਣਾਂ ਜਿੱਤਣ ਤੋਂ ਪਹਿਲਾਂ ਲੋਕਾਂ ਦੇ ਦਿਲ ਜਿੱਤਣੇ ਜ਼ਰੂਰੀ : ਮੋਦੀ

ਮਹਿਲਾਵਾਂ ਨੂੰ ਵੱਡੀ ‘ਜਾਤੀ’ ਕਰਾਰ ਦਿੱਤਾ; ਵਿਰੋਧੀ ਪਾਰਟੀਆਂ ਤੋਂ ਸੁਚੇਤ ਰਹਿਣ ਲਈ ਕਿਹਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਮੋਦੀ ਦੀ ਗਾਰੰਟੀ ‘ਚ ਦਮ ਹੈ ਅਤੇ ਕੁਝ ਪਾਰਟੀਆਂ ਇਹ ਨਹੀਂ ਸਮਝਦੀਆਂ ਕਿ ‘ਝੂਠੇ ਐਲਾਨ’ ਕਰਨ ਨਾਲ ਉਨ੍ਹਾਂ ਨੂੰ ਕੁਝ ਵੀ ਹਾਸਲ ਨਹੀਂ ਹੋਵੇਗਾ। ‘ਵਿਕਸਤ ਭਾਰਤ ਸੰਕਲਪ ਯਾਤਰਾ’ ਦੇ ਲਾਭਪਾਤਰੀਆਂ ਨਾਲ ਗੱਲਬਾਤ ਦੌਰਾਨ ਮੋਦੀ ਨੇ ਕਿਹਾ ਕਿ ਚੋਣਾਂ ਜਿੱਤਣ ਤੋਂ ਪਹਿਲਾਂ ਲੋਕਾਂ ਦੇ ਦਿਲ ਜਿੱਤਣਾ ਜ਼ਰੂਰੀ ਹੈ ਅਤੇ ਲੋਕਾਂ ਨੂੰ ਅਕਲਮੰਦ ਨਾ ਸਮਝਣਾ ਸਹੀ ਨਹੀਂ ਹੈ। ਯਾਤਰਾ ਨੂੰ ਲੋੜਵੰਦਾਂ ਤੱਕ ਪਹੁੰਚਣ ਦਾ ਬਹੁਤ ਵੱਡਾ ਸਾਧਨ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਹੁਤ ਹੀ ਘੱਟ ਸਮੇਂ ‘ਚ ਹੁਣ ਤੱਕ ਸਵਾ ਕਰੋੜ ਤੋਂ ਵੱਧ ਲੋਕ ‘ਮੋਦੀ ਦੀ ਗਾਰੰਟੀ’ ਵਾਲੀ ਗੱਡੀ ਤੱਕ ਪਹੁੰਚੇ ਹਨ ਅਤੇ ਉਸ ਦਾ ਸਵਾਗਤ ਕੀਤਾ ਹੈ।
ਸਿਆਸੀ ਵਿਰੋਧੀ ਧਿਰਾਂ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਆਪਣੇ ਹਿੱਤਾਂ ਦੀ ਬਜਾਏ ਸੇਵਾ ਭਾਵਨਾ ਨੂੰ ਤਰਜੀਹ ਦਿੱਤੀ ਹੁੰਦੀ ਤਾਂ ਦੇਸ਼ ਦੀ ਬਹੁਤ ਵੱਡੀ ਆਬਾਦੀ ਸਮੱਸਿਆਵਾਂ ਨਾਲ ਘਿਰੀ ਨਾ ਰਹਿੰਦੀ। ‘ਸਾਡੀ ਸਰਕਾਰ ‘ਮਾਈ-ਬਾਪ’ ਸਰਕਾਰ ਨਹੀਂ ਹੈ ਸਗੋਂ ਮਾਪਿਆਂ ਦੀ ਸੇਵਾ ਕਰਨ ਵਾਲੀ ਸਰਕਾਰ ਹੈ। ਜਿਵੇਂ ਇਕ ਬੱਚਾ ਆਪਣੇ ਮਾਪਿਆਂ ਦੀ ਸੇਵਾ ਕਰਦਾ ਹੈ ਉਸੇ ਤਰ੍ਹਾਂ ਇਹ ਮੋਦੀ ਤੁਹਾਡੀ ਸੇਵਾ ਲਈ ਕੰਮ ਕਰਦਾ ਹੈ। ਮੋਦੀ ਗਰੀਬਾਂ ਤੇ ਹਾਸ਼ੀਏ ‘ਤੇ ਧੱਕੇ ਲੋਕਾਂ ਦੀ ਪਰਵਾਹ ਕਰਦਾ ਹੈ ਜਿਨ੍ਹਾਂ ਦੀ ਕਿਸੇ ਨੇ ਪਰਵਾਹ ਨਹੀਂ ਕੀਤੀ ਸੀ। ਜਿਨ੍ਹਾਂ ਲਈ ਦਫ਼ਤਰਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਸਨ, ਮੋਦੀ ਨਾ ਸਿਰਫ਼ ਉਨ੍ਹਾਂ ਦੀ ਦੇਖਭਾਲ ਕਰਦਾ ਹੈ ਸਗੋਂ ਉਹ ਉਨ੍ਹਾਂ ਦੀ ਪੂਜਾ ਵੀ ਕਰਦਾ ਹੈ। ਮੇਰੇ ਲਈ ਹਰ ਗਰੀਬ, ਮਾਂ, ਧੀ, ਭੈਣ, ਕਿਸਾਨ ਅਤੇ ਨੌਜਵਾਨ ਵੀਆਈਪੀ ਹਨ।’ ਮੋਦੀ ਨੇ ਕਿਹਾ ਕਿ ਸਵਾਲ ਇਹ ਹੈ ਕਿ ਦੇਸ਼ ਅਜਿਹੇ ਲੋਕਾਂ ‘ਤੇ ਭਰੋਸਾ ਕਿਉਂ ਨਹੀਂ ਕਰਦਾ ਜੋ ਉਨ੍ਹਾਂ ਦਾ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਕੁਝ ਪਾਰਟੀਆਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਐਲਾਨ ਕਰਕੇ ਕੁਝ ਹਾਸਲ ਨਹੀਂ ਕਰ ਸਕਣਗੇ ਕਿਉਂਕਿ ਚੋਣਾਂ ਸੋਸ਼ਲ ਮੀਡੀਆ ‘ਤੇ ਨਹੀਂ ਲੋਕਾਂ ਵਿਚਕਾਰ ਜਾ ਕੇ ਜਿੱਤੀਆਂ ਜਾਂਦੀਆਂ ਹਨ। ਪ੍ਰਧਾਨ ਮੰਤਰੀ ਨੇ ਔਰਤਾਂ ਨੂੰ ਵੰਡਪਾਊ ਸਿਆਸਤ ਤੋਂ ਖ਼ਬਰਦਾਰ ਕਰਦਿਆਂ ਕਿਹਾ ਕਿ ਉਹ ਇਕ ਵੱਡੀ ‘ਜਾਤੀ’ ਹਨ ਜੋ ਕਿਸੇ ਵੀ ਚੁਣੌਤੀ ਦਾ ਡਟ ਕੇ ਸਾਹਮਣਾ ਕਰ ਸਕਦੀਆਂ ਹਨ। ਮਹਿਲਾ ਲਾਭਪਾਤਰੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ,”ਸਾਰੀਆਂ ਔਰਤਾਂ ਨੂੰ ਇਕਜੁੱਟ ਰਹਿਣਾ ਚਾਹੀਦਾ ਹੈ।
ਚੰਡੀਗੜ੍ਹ ਵਿਚ ਚਾਹ ਦੀ ਦੁਕਾਨ ਚਲਾਉਣ ਵਾਲੀ ਕਿੰਨਰ ਨਾਲ ਪ੍ਰਧਾਨ ਮੰਤਰੀ ਨੇ ਕੀਤੀ ਗੱਲਬਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਹੋਰ ਲਾਭਪਾਤਰੀ ਮੋਨਾ ਨਾਲ ਵੀ ਗੱਲਬਾਤ ਕੀਤੀ ਜੋ ਕਿੰਨਰ ਹੈ। ਉਹ ਰਾਂਚੀ ਦੀ ਰਹਿਣ ਵਾਲੀ ਅਤੇ ‘ਪੀਐੱਮ ਸਵੈਨਿਧੀ ਯੋਜਨਾ’ ਰਾਹੀਂ 10 ਹਜ਼ਾਰ ਰੁਪਏ ਦਾ ਕਰਜ਼ਾ ਲੈਣ ਮਗਰੋਂ ਹੁਣ ਚੰਡੀਗੜ੍ਹ ‘ਚ ਇਕ ਚਾਹ ਦੀ ਦੁਕਾਨ ਦੀ ਮਾਲਕ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿੰਨਰ ਫਿਰਕੇ ਨੂੰ ਸਰਕਾਰੀ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ‘ਸਬਕਾ ਸਾਥ, ਸਬਕਾ ਵਿਕਾਸ’ ਤਹਿਤ ਵਿਕਾਸ ਦਾ ਲਾਭ ਸਮਾਜ ਦੇ ਹਰੇਕ ਤਬਕੇ ਤੱਕ ਪਹੁੰਚ ਰਿਹਾ ਹੈ।

ਅਕਤੂਬਰ 2025 ਤੋਂ ਟਰੱਕਾਂ ਦੇ ਕੈਬਿਨ ਵਿੱਚ ਏਅਰ-ਕੰਡੀਸ਼ਨਰ ਲਗਾਉਣਾ ਲਾਜ਼ਮੀ ਕਰਾਰ
ਨਵੀਂ ਦਿੱਲੀ : ਭਾਰਤ ਦੇ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਟਰੱਕ ਚਾਲਕਾਂ ਲਈ ਸਫ਼ਰ ਨੂੰ ਸੁਖਮਈ ਬਣਾਉਣ ਦੇ ਇਰਾਦੇ ਨਾਲ ਅਕਤੂਬਰ, 2025 ਤੋਂ ਬਣਨ ਵਾਲੇ ਟਰੱਕਾਂ ਦੇ ਕੈਬਿਨ ਵਿੱਚ ਏਅਰਕੰਡੀਸ਼ਨਰ ਲਾਜ਼ਮੀ ਕਰ ਦਿੱਤਾ ਹੈ।
ਮੰਤਰਾਲੇ ਨੇ ਇੱਕ ਗਜ਼ਟ ਨੋਟੀਫਿਕੇਸ਼ਨ ਜਾਰੀ ਕਰਦਿਆਂ ਕਿਹਾ, ”ਇੱਕ ਅਕਤੂਬਰ, 2025 ਜਾਂ ਇਸ ਮਗਰੋਂ ਬਣਨ ਵਾਲੇ ਐੱਨ-2 ਅਤੇ ਐੱਨ-3 ਸ਼੍ਰੇਣੀ ਦੇ ਵਾਹਨਾਂ ਦੇ ਕੈਬਿਨ ਵਿੱਚ ਏਅਰ-ਕੰਡੀਸ਼ਨਿੰਗ ਸਿਸਟਮ ਲਗਾਉਣਾ ਜ਼ਰੂਰੀ ਹੋਵੇਗਾ।” ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਜੁਲਾਈ ਵਿੱਚ ਹੀ ਟਰੱਕ ਚਾਲਕਾਂ ਲਈ ਕੈਬਿਨ ਵਿੱਚ ਏਸੀ ਲਗਾਉਣਾ ਲਾਜ਼ਮੀ ਕਰਨ ਦੇ ਸੁਝਾਅ ਨੂੰ ਮਨਜ਼ੂਰੀ ਦੇਣ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਹਾਲ ਹੀ ਵਿੱਚ ਕਿਹਾ ਸੀ ਕਿ ਮਾਲ ਦੀ ਢੋਆ-ਢੋਆਈ ਵਿੱਚ ਟਰੱਕ ਚਾਲਕ ਅਹਿਮ ਭੂਮਿਕਾ ਨਿਭਾਉਂਦੇ ਹਨ।

 

Check Also

ਕੇਜਰੀਵਾਲ ਦਾ ਵੱਡਾ ਦਾਅਵਾ – ‘ਇੰਡੀਆ’ ਗਠਜੋੜ ਦੀ ਬਣੇਗੀ ਸਰਕਾਰ

ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ …