Breaking News
Home / ਭਾਰਤ / ਲਤਾ ਮੰਗੇਸ਼ਕਰ ਨੂੰ ਸੰਸਦ ਵਿੱਚ ਸ਼ਰਧਾਂਜਲੀ ਭੇਟ

ਲਤਾ ਮੰਗੇਸ਼ਕਰ ਨੂੰ ਸੰਸਦ ਵਿੱਚ ਸ਼ਰਧਾਂਜਲੀ ਭੇਟ

ਲੋਕ ਸਭਾ ‘ਚ ਸਪੀਕਰ ਨੇ ਸ਼ੋਕ ਸੁਨੇਹਾ ਪੜ੍ਹਿਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਲੋਕ ਸਭਾ ਤੇ ਰਾਜ ਸਭਾ ਵਿਚ ‘ਭਾਰਤ ਰਤਨ’ ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ ਦਿੱਤੀ ਗਈ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਇਸ ਮੌਕੇ ਸ਼ੋਕ ਸੁਨੇਹਾ ਪੜ੍ਹਿਆ। ਇਸ ਤੋਂ ਬਾਅਦ ਵਿਛੜੀ ਹਸਤੀ ਦੀ ਯਾਦ ਵਿਚ ਸੰਸਦ ਮੈਂਬਰ ਸਤਿਕਾਰ ਵਜੋਂ ਖੜ੍ਹੇ ਹੋ ਗਏ। ਬਿਰਲਾ ਨੇ ਕਿਹਾ ਕਿ ਮੰਗੇਸ਼ਕਰ ਦੇ ਜਾਣ ਨਾਲ ਨਾ ਪੂਰਿਆ ਜਾਣਾ ਵਾਲਾ ਘਾਟਾ ਪਿਆ ਹੈ। ਸਪੀਕਰ ਬਿਰਲਾ ਨੇ ਕਿਹਾ ਕਿ ਮੰਗੇਸ਼ਕਰ ਦੇਸ਼ ਤੇ ਦੇਸ਼ ਤੋਂ ਬਾਹਰ ‘ਸੁਰਾਂ ਦੀ ਮਲਿਕਾ’ ਵਜੋਂ ਜਾਣੇ ਜਾਂਦੇ ਸਨ। ਫਰਾਂਸ ਨੇ ਵੀ 2009 ਵਿਚ ਉਨ੍ਹਾਂ ਨੂੰ ਉੱਥੋਂ ਦਾ ਸਭ ਤੋਂ ਵੱਡਾ ਸਨਮਾਨ ਦਿੱਤਾ ਸੀ। ਸਪੀਕਰ ਨੇ ਕਿਹਾ ਕਿ ਸੰਸਦ ਦੇ ਕੇਂਦਰੀ ਹਾਲ ਵਿਚ 1997 ‘ਚ ਆਜ਼ਾਦੀ ਮਿਲਣ ਦੇ 50 ਸਾਲ ਮੁਕੰਮਲ ਹੋਣ ‘ਤੇ ਮੰਗੇਸ਼ਕਰ ਨੇ ਪੇਸ਼ਕਾਰੀ ਦਿੱਤੀ ਸੀ। ਬਿਰਲਾ ਨੇ ਲੋਕ ਸਭਾ ਦੇ ਦੋ ਸਾਬਕਾ ਮੈਂਬਰਾਂ ਗਜਾਨਨ ਡੀ. ਬਾਬਰ ਤੇ ਸੀ. ਗੰਗਾ ਰੈੱਡੀ ਬਾਰੇ ਵੀ ਸ਼ੋਕ ਸੁਨੇਹੇ ਪੜ੍ਹੇ। ਰਾਜ ਸਭਾ ਵਿਚ ਵੀ ਚੇਅਰਮੈਨ ਐਮ. ਵੈਂਕਈਆ ਨਾਇਡੂ ਨੇ ਕਿਹਾ ਕਿ ਮਹਾਨ ਗਾਇਕਾ ਦੇ ਦੇਹਾਂਤ ਉਤੇ ਭਾਰਤ ਨਿਸ਼ਬਦ ਹੈ। ਨਾਇਡੂ ਨੇ ਸਦਨ ਵਿਚ ਗਾਇਕਾ ਦੀ ਮੌਤ ਦੇ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ, ‘ਲਤਾ ਜੀ ਕੋਲ ਖ਼ੁਦ ਨੂੰ ਗੀਤਾਂ ਨਾਲ ਜੋੜ ਲੈਣ ਦਾ ਵਿਸ਼ੇਸ਼ ਗੁਣ ਸੀ।’ ਨਾਇਡੂ ਨੇ ਕਿਹਾ ਕਿ ਲਤਾ ਦੀ ਗਾਇਕੀ ਦਾ ਸਫ਼ਰ ਭਾਰਤ ਦੀ ਆਜ਼ਾਦੀ ਦੇ 75 ਵਰ੍ਹਿਆਂ ਦੇ ਨਾਲੋ-ਨਾਲ ਚੱਲਿਆ। ਉਨ੍ਹਾਂ ਆਪਣੇ ਗੀਤਾਂ ਰਾਹੀਂ ਭਾਰਤ ਨੂੰ ਜੋੜਿਆ, ਸੱਤ ਦਹਾਕਿਆਂ ਤੱਕ ਦੇਸ਼ ਦੇ ਇਤਿਹਾਸ ਨਾਲ ਸਬੰਧਤ ਹਰ ਭਾਵਨਾ, ਪਲ ਨੂੰ ਆਪਣੀ ਆਵਾਜ਼ ਰਾਹੀਂ ਪ੍ਰਗਟ ਕੀਤਾ। ਚੇਅਰਮੈਨ ਨੇ ਕਿਹਾ ਕਿ ਲਤਾ ਜੀ ਵੱਲੋਂ ਸਥਾਪਿਤ ਲਤਾ ਮੰਗੇਸ਼ਕਰ ਮੈਡੀਕਲ ਫਾਊਂਡੇਸ਼ਨ ਲੋੜਵੰਦ ਮਰੀਜ਼ਾਂ ਦੀ ਮਦਦ ਕਰਦੀ ਹੈ।
ਹੋਰ ਕਈ ਸਮਾਜ ਭਲਾਈ ਕਾਰਜ ਵੀ ਉਹ ਕਰਦੇ ਰਹੇ। ਇਸ ਤੋਂ ਇਲਾਵਾ ਉਨ੍ਹਾਂ ਨੂੰ ਨਵੰਬਰ 1999 ਵਿਚ ਰਾਜ ਸਭਾ ਲਈ ਵੀ ਨਾਮਜ਼ਦ ਕੀਤਾ ਗਿਆ ਸੀ ਤੇ ਉਹ ਨਵੰਬਰ 2005 ਤੱਕ ਰਾਜ ਸਭਾ ਦੇ ਮੈਂਬਰ ਰਹੇ। ਰਾਜ ਸਭਾ ਵਿਚ ਵੀ ਮੈਂਬਰਾਂ ਨੇ ਖੜ੍ਹੇ ਹੋ ਕੇ ਵਿਛੜੀ ਸ਼ਖ਼ਸੀਅਤ ਨੂੰ ਸਤਿਕਾਰ ਦਿੱਤਾ।
ਮਹਾਭਾਰਤ ਦੇ ‘ਭੀਮ’ ਪ੍ਰਵੀਨ ਕੁਮਾਰ ਸੋਬਤੀ ਦਾ ਦਿਹਾਂਤ
ਖੇਡਾਂ ਦੇ ਖੇਤਰ ਵਿਚ ਵੀ ਪ੍ਰਵੀਨ ਨੇ ਖੱਟਿਆ ਸੀ ਨਾਮਣਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਟੀਵੀ ਲੜੀਵਾਰ ‘ਮਹਾਭਾਰਤ’ ਵਿਚ ‘ਭੀਮ’ ਦਾ ਕਿਰਦਾਰ ਨਿਭਾਅ ਕੇ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਪ੍ਰਵੀਨ ਕੁਮਾਰ ਸੋਬਤੀ (74) ਦਾ ਦਿਲ ਦਾ ਦੌਰਾ ਪੈਣ ਕਾਰਨ ਨਵੀਂ ਦਿੱਲੀ ‘ਚ ਦਿਹਾਂਤ ਹੋ ਗਿਆ। ਪ੍ਰਵੀਨ ਕੁਮਾਰ ਰਾਸ਼ਟਰਮੰਡਲ ਖੇਡਾਂ ‘ਚ ਹੈਮਰ ਥਰੋਅ ‘ਚ ਭਾਰਤ ਦੇ ਪਹਿਲੇ ਅਤੇ ਇਕਲੌਤੇ ਤਗਮਾ ਜੇਤੂ ਅਥਲੀਟ ਵੀ ਸਨ। ਪੰਜਾਬ ਦੇ ਕਸਬੇ ਸਰਹਾਲੀ ਕਲਾਂ ‘ਚ ਜਨਮੇ, ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿਦਿਆਰਥੀ ਅਤੇ ਬੀਐਸਐਫ ਵਿਚ ਸਿਪਾਹੀ ਵਜੋਂ ਸੇਵਾਵਾਂ ਨਿਭਾਉਣ ਵਾਲੇ ਪ੍ਰਵੀਨ ਕੁਮਾਰ ਸੋਬਤੀ ਨੇ ਭਾਰਤ ਲਈ ਏਸ਼ੀਆਈ ਖੇਡਾਂ ‘ਚ ਦੋ ਸੋਨੇ ਸਮੇਤ ਚਾਰ ਤਗਮੇ ਵੀ ਜਿੱਤੇ ਸਨ। ਸੋਬਤੀ ਨੇ 60ਵੇਂ ਅਤੇ 70ਵੇਂ ਦੇ ਦਹਾਕੇ ਦੌਰਾਨ ਕਈ ਸਾਲਾਂ ਤੱਕ ਡਿਸਕਸ ਅਤੇ ਹੈਮਰ ਥਰੋਅ ‘ਚ ਆਪਣਾ ਦਬਦਬਾ ਬਣਾ ਕੇ ਰੱਖਿਆ। ਉਨ੍ਹਾਂ ਨੇ ਤਿੰਨ ਏਸ਼ੀਆਈ ਖੇਡਾਂ, ਇੱਕ ਰਾਸ਼ਟਰਮੰਡਲ ਖੇਡ ‘ਚ ਤਗਮੇ ਜਿੱਤੇ, ਜਦੋਂਕਿ ਦੋ ਓਲੰਪਿਕ ਖੇਡਾਂ ਮੈਕਸੀਕੋ (1968) ਅਤੇ ਮਿਊਨਿਖ (1972) ‘ਚ ਵੀ ਹਿੱਸਾ ਲਿਆ। ਪ੍ਰਵੀਨ ਕੁਮਾਰ ਨੇ ਹੈਮਰ ਥਰੋਅ ‘ਚ ਮੈਕਸੀਕੋ ਉਲੰਪਿਕ ‘ਚ 60.84 ਮੀਟਰ ਅਤੇ ਮਿਊਨਿਖ ਉਲੰਪਿਕ ‘ਚ ਡਿਸਕਸ ਥਰੋਅ ‘ਚ 53.12 ਮੀਟਰ ਨਾਲ ਆਪਣੇ ਖੇਡ ਜੀਵਨ ਦਾ ਸਰਵੋਤਮ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੇ 1966 ਤੇ 1970 ਦੀਆਂ ਏਸ਼ੀਆਈ ਖੇਡਾਂ ‘ਚ ਡਿਸਕਸ ਥਰੋਅ ‘ਚ ਸੋਨ ਤਗਮੇ ਆਪਣੇ ਨਾਂਅ ਕੀਤੇ। 1966 ਦੀਆਂ ਏਸ਼ੀਆਈ ਖੇਡਾਂ ‘ਚ ਹੀ ਹੈਮਰ ਥਰੋਅ ‘ਚ ਕਾਂਸੀ ਦਾ ਤਗਮਾ ਅਤੇ ਉਸੇ ਸਾਲ ਰਾਸ਼ਟਰਮੰਡਲ ਖੇਡਾਂ ‘ਚ ਚਾਂਦੀ ਦਾ ਤਗਮਾ ਜਿੱਤਿਆ ਸੀ, ਜਦੋਂਕਿ 1974 ਦੀਆਂ ਏਸ਼ੀਆਈ ਖੇਡਾਂ ‘ਚ ਡਿਸਕਸ ਥਰੋਅ ‘ਚ ਚਾਂਦੀ ਦਾ ਤਗਮਾ ਵੀ ਜਿੱਤਿਆ ਸੀ। ਪ੍ਰਵੀਨ ਕੁਮਾਰ ਦਾ ਹੈਮਰ ਥਰੋਅ ‘ਚ ਚਾਂਦੀ ਦਾ ਇੱਕਲੌਤਾ ਤਗਮਾ ਅਜਿਹਾ ਹੈ, ਜੋ ਕਿਸੇ ਭਾਰਤੀ ਨੇ ਰਾਸ਼ਟਰਮੰਡਲ ਖੇਡਾਂ ‘ਚ ਜਿੱਤਿਆ ਹੈ। ਅਸਲ ‘ਚ ਇਹ ਰਾਸ਼ਟਰਮੰਡਲ ਖੇਡਾਂ ਦੇ ਫੀਲਡ ਮੁਕਾਬਲਿਆਂ ‘ਚ ਭਾਰਤ ਦਾ ਪਹਿਲਾ ਤਮਗਾ ਸੀ ਅਤੇ 1958 ‘ਚ ਮਿਲਖਾ ਸਿੰਘ ਦੇ 440 ਗਜ਼ ਦੇ ਸੋਨ ਤਗਮੇ ਤੋਂ ਬਾਅਦ ਅਥਲੈਟਿਕਸ ‘ਚ ਸਿਰਫ ਦੂਜਾ ਤਮਗਾ ਸੀ। ਪ੍ਰਵੀਨ ਕੁਮਾਰ ਵਲੋਂ 1988 ‘ਚ ਲੜੀਵਾਰ ਮਹਾਭਾਰਤ ‘ਚ ‘ਭੀਮ’ ਦੇ ਨਿਭਾਏ ਕਿਰਦਾਰ ਨੇ ਉਸ ਦੀ ਸ਼ੌਹਰਤ ਨੂੰ ਬੁਲੰਦੀਆਂ ‘ਤੇ ਪਹੁੰਚਾ ਦਿੱਤਾ, ਜਦੋਂਕਿ ਯੁੱਧ, ਅਧਿਕਾਰ, ਹਕੂਮਤ, ਸ਼ਹਿਨਸ਼ਾਹ, ਘਾਇਲ ਅਤੇ ਆਜ ਕਾ ਅਰਜੁਨ ਵਰਗੀਆਂ ਲਗਪਗ 50 ਫਿਲਮਾਂ ‘ਚ ਅਦਾਕਾਰੀ ਵੀ ਕੀਤੀ।

Check Also

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਹੈਲੀਕਾਪਟਰ ’ਚ ਚੜ੍ਹਦੇ ਸਮੇਂ ਡਿੱਗੀ

ਮਾਮੂਲੀ ਸੱਟਾਂ ਤੋਂ ਬਾਅਦ ਬੈਨਰਜੀ ਚੋਣ ਪ੍ਰਚਾਰ ਲਈ ਹੋਈ ਰਵਾਨਾ ਕੋਲਕਾਤਾ/ਬਿਊਰੋ ਨਿਊਜ਼ : ਪੱਛਮੀ ਬੰਗਾਲ …