ਮਹਿਲਾ ਵਿਧਾਇਕਾਂ ਤੇ ਸੰਸਦ ਮੈਂਬਰਾਂ ਦੇ ਸੰਮੇਲਨ ਵਿਚ ਮਹਿਲਾ ਬਿੱਲ ਦਾ ਜ਼ਿਕਰ ਤੱਕ ਨਾ ਕੀਤਾ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਕਿਹਾ ਕਿ ਔਰਤਾਂ ਨੂੰ ਤਕਨੀਕੀ ਤੌਰ ‘ਤੇ ਸੰਪੰਨ ਅਤੇ ਜਨ ਪ੍ਰਤੀਨਿਧੀ ਵਜੋਂ ਹੋਰ ਜ਼ਿਆਦਾ ਪ੍ਰਭਾਸ਼ਾਲੀ ਬਣਨਾ ਚਾਹੀਦਾ ਹੈ ਕਿਉਂਕਿ ਸਿਰਫ਼ ਵਿਵਸਥਾ ਬਦਲਣ ਨਾਲ ਕੰਮ ਨਹੀਂ ਚੱਲੇਗਾ। ਪ੍ਰਧਾਨ ਮੰਤਰੀ ਨੇ ਇਸ ਮੌਕੇ ਕਾਫੀ ਗੱਲਾਂ ਕੀਤੀਆਂ ਪਰ ਉਹ ਮਹਿਲਾ ਰਾਖਵਾਂਕਰਨ ਬਾਰੇ ਕੁੱਝ ਨਹੀਂ ਬੋਲੇ ਹਾਲਾਂਕਿ ਬੀਤੇ ਦਿਨ ਰਾਸ਼ਟਰਪਤੀ ਪ੍ਰਣਬ ਮੁਖਰਜੀ ਤੇ ਉਪ ਰਾਸ਼ਟਰਪਤੀ ਹਾਮਿਦ ਅਨਸਾਰੀ ਨੇ ਇਸ ਰਾਖਵੇਂਕਰਨ ਦੀ ਪੁਰਜ਼ੋਰ ਵਕਾਲਤ ਕੀਤੀ ਸੀ। ઠਸੰਸਦ ਦੇ ਕੇਂਦਰੀ ਹਾਲ ਵਿੱਚ ਦੇਸ਼ ਦੀਆਂ ਮਹਿਲਾ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਪ੍ਰਧਾਨ ਮੰਤਰੀ ਨੇ ਕਿਹਾ ਕਿ ਔਰਤਾਂ ਦੇ ਵਿਕਾਸ ‘ਤੇ ਅਧਾਰਿਤ ਦਿਸ਼ਾ ਵੱਲ ਵਧਣਾ ਚਾਹੀਦਾ ਹੈ। ਸਿਰਫ਼ ਵਿਵਸਥਾਵਾਂ ਬਦਲਣਾ ਕਾਫ਼ੀ ਨਹੀਂ ਕਿਉਂਕਿ ਢਾਂਚੇ ਵਿੱਚ ਕੁੱਝ ਬਦਲਾਅ ਹੁੰਦੇ ਰਹਿੰਦੇ ਹਨ। ਉਨ੍ਹਾਂ ਕਿਹਾ, ‘ਤੁਸੀਂ ਲੋਕਾਂ ਦੇ ਪ੍ਰਤੀਨਿਧੀ ਹੋ। ਤੁਹਾਨੂੰ ਖੁਦ ਪ੍ਰਭਾਵਸ਼ਾਲੀ ਬਣਨਾ ਹੋਵੇਗਾ ਤੇ ਮੁੱਦਿਆਂ ਨੂੰ ਤੱਥਾਂ ਤੇ ਅੰਕੜਿਆਂ ਨਾਲ ਪੇਸ਼ ਕਰਨਾ ਹੋਵੇਗਾ। ਤੁਸੀਂ ਜਨ ਪ੍ਰਤੀਨਿਧੀ ਵਜੋਂ ਆਪਣੇ ਹਲਕਿਆਂ ਵਿੱਚ ਇਸ ਤਰ੍ਹਾਂ ਕੰਮ ਕਰੋ ਜਿਸ ਨਾਲ ਤੁਹਾਡਾ ਨਿਰਪੱਖ ਅਕਸ ਬਣੇ। ਇਕ ਵਾਰ ਤੁਹਾਡਾ ਅਕਸ ਬਣਿਆ ਤਾਂ ਲੋਕ ਤੁਹਾਡੇ ਵਿਚਾਰਾਂ ਨੂੰ ਮੰਨਣ ਲੱਗਣਗੇ।’
ਉਨ੍ਹਾਂ ਨੇ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੂੰ ਇਹ ਸੰਮੇਲਨ ਕਰਵਾਉਣ ਲਈ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਵਿਧਾਇਕਾਂ ਨੂੰ ਕਿਹਾ ਕਿ ਉਹ ਆਧੁਨਿਕ ਤਕਨੀਕ ਰਾਹੀਂ ਆਪਣੇ ਵਿਧਾਨ ਸਭਾ ਖੇਤਰ ਨਾਲ ਜੁੜਨ।
ਬੀਤੇ ਦਿਨ ਰਾਸ਼ਟਰਪਤੀ ਨੇ ਸੰਮੇਲਨ ਦੀ ਸ਼ੁਰੂਆਤ ਕਰਦਿਆਂ ਕਿਹਾ ਸੀ ਇਹ ਮੰਦਭਾਗੀ ਗੱਲ ਹੈ ਕਿ ਮਹਿਲਾ ਰਾਖਵਾਂਕਰਨ ਬਿੱਲ ਹਾਲੇ ਤੱਕ ਸੰਸਦ ਪਾਸ ਨਹੀਂ ਕਰ ਸਕੀ ਤੇ ਇਸ ਨੂੰ ਪਾਸ ਕਰਵਾਉਣਾ ਸਾਰੇ ਸਿਆਸੀ ਦਲਾਂ ਦਾ ਫਰਜ਼ ਹੈ। ਉਪ ਰਾਸ਼ਟਰਪਤੀ ਹਾਮਿਦ ਅਨਸਾਰੀ ਨੇ ਕਿਹਾ ਸੀ ਕਿ ਜਦੋਂ ਤੱਕ ਬਿਲ ਪਾਸ ਨਹੀਂ ਹੁੰਦਾ ਉਦੋਂ ਤੱਕ ਸਿਆਸੀ ਪਾਰਟੀਆਂ ਵੱਧ ਤੋਂ ਵੱਧ ਔਰਤ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਨ। ਪ੍ਰਧਾਨ ਮੰਤਰੀ ਨੇ ਮਹਿਲਾ ਰਾਖਵੇਂਕਰਨ ਦਾ ਕੋਈ ਜ਼ਿਕਰ ਨਹੀਂ ਕੀਤਾ ਪਰ ਰਵੱਈਏ ਵਿੱਚ ਤਬਦੀਲੀ ਅਤੇ ਔਰਤਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਅਗਵਾਈ ਦੇਣ ਦੀ ਜ਼ਰੂਰਤ ਉਪਰ ਜ਼ੋਰ ਜ਼ਰੂਰ ਦਿੱਤਾ। ਉਨ੍ਹਾਂ ਕਿਹਾ ਕਿ ਔਰਤਾਂ ਇਸ ਮੁਕਾਬਲੇਬਾਜ਼ੀ ਦੇ ਦੌਰ ਵਿੱਚ ਈਰਖਾ ਨਾ ਕਰਨ ਤੇ ਹੇਠਲੇ ਪੱਧਰ ਤੱਕ ਕੰਮ ਕਰਨ। ਔਰਤਾਂ ਦੀ ਕਾਬਲੀਅਤ ਦੀ ਤਾਰੀਫ਼ ਕਰਦਿਆਂ ਮੋਦੀ ਨੇ ਕਿਹਾ ਕਿ ਕਈ ਸਾਲਾਂ ਤੱਕ ਦੇਸ਼ ਦੇ ਕਈ ਵਿਦੇਸ਼ ਮੰਤਰੀ ਹੋਏ ਹਨ ਪਰ ਕਿਸੇ ਦਾ ਨਾਮ ਯਾਦ ਨਹੀਂ ਹੈ ਪਰ ਸੁਸ਼ਮਾ ਸਵਰਾਜ ਦੇ ਸ਼ਾਨਦਾਰ ਕੰਮ ਦੀ ਬਦੌਲਤ ਹਰ ਕੋਈ ਉਨ੍ਹਾਂ ਨੂੰ ਜਾਣਦਾ ਹੈ। ਅਫਰੀਕੀ ਦੇਸ਼ ਰਵਾਂਡਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਥੇ ਸੰਸਦ ਵਿੱਚ 65 ਫੀਸਦੀ ਔਰਤਾਂ ਹਨ। ਆਪਣੀ ਸਰਕਾਰ ਦੇ ਗੁਣਗਾਣ ਕਰਦਿਆਂ ਉਨ੍ਹਾਂ ਕਿਹਾ ਇਹ ਪਹਿਲੀ ਵਾਰ ਹੈ ਜਦੋਂ ਕੇਂਦਰੀ ਮੰਤਰੀ ਮੰਡਲ ਵਿੱਚ ਮਹਿਲਾ ਮੰਤਰੀਆਂ ਦੀ ਗਿਣਤੀ ਪਹਿਲਾਂ ਨਾਲੋਂ ਕਿਤੇ ਵੱਧ ਹੈ।
ਇਸ ਮੌਕੇ ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਕਿਹਾ ਕਿ ਦੇਸ਼ ਦੇ ਜ਼ਮਹੂਰੀ ਢਾਂਚੇ ਵਿੱਚ ਪੈਸਾ ਤੇ ਤਾਕਤ ਦਾ ਪ੍ਰਭਾਵ ਖਤਮ ਕਰਨ ਲਈ ਔਰਤਾਂ ਨੂੰ ਅੱਗੇ ਆਉਣਾ ਪਵੇਗਾ। ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਇਸ ਗੱਲ ‘ਤੇ ਖੁਸ਼ੀ ਜਾਹਰ ਕੀਤੀ ਕਿ ਪੁਰਸ਼ ਹੁੰਦੇ ਹੋਏ ਵੀ ਪ੍ਰਧਾਨ ਮੰਤਰੀ ਨੇ ਔਰਤਾਂ ਨੂੰ ਸਮਰੱਥ ਬਣਾਉਣ ਦੀ ਗੱਲ ਕਹੀ ਹੈ। ਸੰਮੇਲਨ ਵਿੱਚ ਬੰਗਲਾਦੇਸ਼ ਸੰਸਦ ਦੀ ਸਪੀਕਰ ਸ਼ਿਰੀਨ ਸ਼ਰਮਿਨ ਚੌਧਰੀ ਨੇ ਵੀ ਹਿੱਸਾ ਲਿਆ। ઠ
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …