ਪੀਵੀ ਸਿੰਧੂ, ਦੀਪਿਕਾ ਕੁਮਾਰੀ ਅਤੇ ਪੂਜਾ ਰਾਣੀ ਨੇ ਜਿੱਤ ਕੀਤੀ ਦਰਜ
ਨਵੀਂ ਦਿੱਲੀ/ਬਿਊਰੋ ਨਿਊਜ਼
ਟੋਕੀਓ ਉਲੰਪਿਕ ’ਚ ਬੁੱਧਵਾਰ ਨੂੰ ਭਾਰਤੀ ਧੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਬਾਕਸਿੰਗ ’ਚ ਪੂਜਾ ਰਾਣੀ ਮਹਿਲਾਵਾਂ ਦੇ 75 ਕਿਲੋ ਭਾਰ ਵਰਗ ਦੇ ਕੁਆਟਰਫਾਈਨਲ ’ਚ ਪਹੁੰਚ ਗਈ ਹੈ। ਇਕ ਜਿੱਤ ਹੋਰ ਦਰਜ ਕਰਨ ਤੋਂ ਬਾਅਦ ਪੂਜਾ ਦਾ ਮੈਡਲ ਪੱਕਾ ਹੋ ਜਾਵੇਗਾ। ਦੂਜੇ ਪਾਸੇ ਬੈਡਮਿੰਟਨ ’ਚ ਪੀਵੀ ਸਿੰਧੂ ਅਤੇ ਤੀਰਅੰਦਾਜ਼ੀ ’ਚ ਦੀਪਿਕਾ ਕੁਮਾਰੀ ਮਹਿਲਾ ਸਿੰਗਲਜ਼ ਦੇ ਪ੍ਰੀਕੁਆਰਟਰ ਫਾਈਨਲ ’ਚ ਪਹੁੰਚ ਗਈਆਂ ਹਨ। ਭਾਰਤੀ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਨੇ ਗਰੁੱਪ ਦੇ ਆਪਣੇ ਦੂਜੇ ਮੁਕਾਬਲੇ ’ਚ ਵੀ ਜਿੱਤ ਦਰਜ ਕਰ ਲਈ ਹੈ। ਸਿੰਧੂ ਨੇ ਹਾਂਗਕਾਂਗ ਦੀ ਯੀ ਚੇਯੁੰਗ ਨੂੰ 35 ਮਿੰਟ ਦੀ ਖੇਡ ’ਚ 21-9 ਅਤੇ 21-16 ਦੇ ਫਰਕ ਨਾਲ ਹਰਾ ਦਿੱਤਾ। ਇਸ ਤੋਂ ਪਹਿਲਾਂ ਖੇਡੇ ਗਏ ਮੈਚ ’ਚ ਵੀ ਸਿੰਧੂ ਨੇ ਜਿੱਤ ਦਰਜ ਕੀਤੀ ਸੀ ਅਤੇ ਹੁਣ ਸਿੰਧੂ ਨਾਕਆਊਟ ਰਾਊਂਡ ’ਚ ਪਹੁੰਚ ਗਈ ਹੈ। ਹੁਣ ਪ੍ਰੀਕੁਆਰਟਰ ਫਾਈਨਲ ’ਚ ਸਿੰਧੂ ਦਾ ਸਾਹਮਣਾ ਡੈਨਮਾਰਕ ਦੀ ਖਿਡਾਰਨ ਮਿਆ ਨਾਲ ਹੋਵੇਗਾ। ਦੂਜੇ ਪਾਸੇ ਤੀਰਅੰਦਾਜ਼ੀ ’ਚ ਦੀਪਿਕਾ ਕੁਮਾਰੀ ਨੇ ਭੂਟਾਨ ਦੀ ਕਰਮਾ ਨੂੰ ਹਰਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਰਾਊਂਡ ਆਫ਼ 32 ਅਲੀਮੀਨੇਸ਼ਨ ’ਚ ਅਮਰੀਕਾ ਦੀ ਜੇਨੀਫਰ ਫਰਨਾਂਡੇਜ਼ ਨੂੰ ਹਰਾਇਆ। ਦੀਪਿਕਾ ਇਸ ਮੈਚ ਦੌਰਾਨ ਆਪਣਾ ਪਹਿਲਾ ਸੈਟ ਹਾਰ ਗਈ ਸੀ ਪ੍ਰੰਤੂ ਅਗਲੇ ਦੋ ਸੈਟ ਜਿੱਤ ਦੇ ਦੀਪਕਾ ਨੇ ਲੀਡ ਹਾਸਲ ਕਰ ਲਈ। ਪੰਜਵੇਂ ਅਤੇ ਨਿਰਣਾਇਕ ਸੈਟ ’ਚ ਜਿੱਤ ਹਾਸਲ ਕਰਦਿਆਂ ਹੀ ਦੀਪਕਾ ਨੇ ਮੁਕਾਬਲਾ ਆਪਣੇ ਨਾਂ ਕਰ ਲਿਆ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਤੋਂ ਮਛੂਆਰਿਆਂ ਦੀ ਰਿਹਾਈ ਦੀ ਕੀਤੀ ਮੰਗ
ਤਮਿਲਾਂ ਨੂੰ ਪੂਰਾ ਅਧਿਕਾਰ ਦੇਣ ਦੀ ਵੀ ਕੀਤੀ ਗੱਲ ਕੋਲੰਬੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ …