ਵਿਜੀਲੈਂਸ ਨੇ ਧਰਮਸੋਤ ਦੇ ਓਐਸਡੀ ਰਹੇ ਵਿਅਕਤੀ ਨੂੰ ਬਣਾਇਆ ਗਵਾਹ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੀ ਕਾਂਗਰਸ ਸਰਕਾਰ ਸਮੇਂ ਹੋਏ ਕਰੋੜਾਂ ਰੁਪਏ ਦੇ ਜੰਗਲਾਤ ਘੁਟਾਲੇ ’ਚ ਘਿਰੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ। ਕਿਉਂਕਿ ਵਿਜੀਲੈਂਸ ਨੇ ਸਾਬਕਾ ਮੰਤਰੀ ਧਰਮਸੋਤ ਦੇ ਓਐਸਡੀ ਰਹੇ ਰਿਟਾਇਰਡ ਅਧਿਕਾਰੀ ਚਮਕੌਰ ਸਿੰਘ ਨੂੰ ਵਾਅਦਾ ਮੁਆਫ਼ ਗਵਾਹ ਬਣਾਇਆ ਹੈ। ਉਸ ਦੇ ਬਿਆਨ ਵੀ ਕੋਰਟ ਵਿਚ ਦਰਜ ਕਰਵਾ ਦਿੱਤੇ ਗਏ ਹਨ। ਵਿਜੀਲੈਂਸ ਦਾ ਮੰਨਣਾ ਹੈ ਕਿ ਹੁਣ ਕੋਰਟ ’ਚ ਉਸਦਾ ਪੱਖ ਕਮਜ਼ੋਰ ਨਹੀਂ ਹੋਵੇਗਾ ਅਤੇ ਆਰੋਪੀ ਸਾਬਕਾ ਮੰਤਰੀ ਧਰਮਸੋਤ ਨੂੰ ਅਸਾਨੀ ਨਾਲ ਸਜ਼ਾ ਦਿਵਾਈ ਜਾ ਸਕੇਗੀ। ਧਿਆਨ ਰਹੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੰਘੇ ਦਿਨੀਂ ਵਿਜੀਲੈਂਸ ਅਧਿਕਾਰੀਆਂ ਨੂੰ ਹੁਕਮ ਦਿੱਤੇ ਸਨ ਕਿ ਜੋ ਵੀ ਕੇਸ ਉਹ ਦਰਜ ਕਰਦੇ ਹਨ,ਉਹ ਕੇਸ ਕੋਰਟ ’ਚ ਕਮਜ਼ੋਰ ਨਹੀਂ ਪੈਣਾ ਚਾਹੀਦਾ। ਨਾਲ ਹੀ ਮੁੱਖ ਮੰਤਰੀ ਮਾਨ ਨੇ ਅਧਿਕਾਰੀਆਂ ਨੂੰ ਇਹ ਵੀ ਹੁਕਮ ਦਿੱਤੇ ਸਨ ਕਿ ਗਿ੍ਰਫ਼ਤਾਰ ਕੀਤੇ ਜਾਣ ਵਾਲੇ ਆਰੋਪੀਆਂ ਖਿਲਾਫ਼ ਵੀ ਮਜ਼ਬੂਤ ਸਬੂਤ ਹੋਣੇ ਚਾਹੀਦੇ ਹਨ। ਪੰਜਾਬ ਵਿਜੀਲੈਂਸ ਇਸ ਮਾਮਲੇ ਨੂੰ ਕਾਫ਼ੀ ਅਹਿਮ ਮੰਨ ਕੇ ਚੱਲ ਰਹੀ ਹੈ ਕਿਉਂਕਿ ਵਿਜੀਲੈਂਸ ਨੇ ਇਸ ਮਾਮਲੇ ’ਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਸਮੇਤ ਉਨ੍ਹਾਂ ਦੇ ਕਈ ਰਿਸ਼ਤੇਦਾਰ ਅਤੇ ਕਈ ਅਧਿਕਾਰੀਆਂ ਦਾ ਨਾਮ ਇਸ ਮਾਮਲੇ ’ਚ ਦਰਜ ਹੈ। ਅਜਿਹੇ ਸਾਬਕਾ ਮੰਤਰੀ ਦੇ ਅਧਿਕਾਰੀ ਦੇ ਗਵਾਹ ਬਣਨ ਤੋਂ ਬਾਅਦ ਮਾਮਲੇ ’ਚ ਨਾਮਜ਼ਦ ਵਿਅਕਤੀਆਂ ਦੀਆਂ ਮੁਸ਼ਕਿਲਾਂ ਵਧਣੀਆਂ ਤੈਅ ਹਨ।