ਮੁੱਖ ਮੰਤਰੀ ਨੇ ਸੰਗਤਾਂ ਨੂੰ ਘਰਾਂ ਤੋਂ ਹੀ ਅਰਦਾਸ ਕਰਨ ਦੀ ਕੀਤੀ ਸੀ ਅਪੀਲ
ਚੰਡੀਗੜ੍ਹ/ਬਿਊਰੋ ਨਿਊਜ਼
ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 1 ਮਈ ਸ਼ਨੀਵਾਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਪੁਰਬ ਜਸ਼ਨਾਂ ਮੌਕੇ ਵਰਚੁਅਲ ਤੌਰ ‘ਤੇ ਸੰਗਤਾਂ ਨਾਲ ਅਰਦਾਸ ‘ਚ ਸ਼ਾਮਲ ਹੋਣਗੇ। ਇਸ ਇਤਿਹਾਸਕ ਮੌਕੇ ਪੂਰਾ ਦਿਨ ਚੱਲਣ ਵਾਲੇ ਸਮਾਗਮਾਂ ਦੇ ਵੇਰਵੇ ਦੱਸਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਗੁਰਪੁਰਬ ਸਮਾਗਮ ਸਵੇਰੇ 11 ਵਜੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੋਰਿੰਡਾ ਵਿਖੇ ਰਿਹਾਇਸ਼ ਤੋਂ ਆਰੰਭ ਹੋਣਗੇ। ਇਸ ਪਿੱਛੋਂ ਮੁੱਖ ਮੰਤਰੀ ਦੀ ਰਿਹਾਇਸ਼ ਵਿਖੇ ਸ੍ਰੀ ਆਨੰਦ ਸਾਹਿਬ ਦੇ ਪਾਠ ਹੋਣਗੇ ਅਤੇ ਉਸ ਪਿੱਛੋਂ ਅਰਦਾਸ ਉਪਰੰਤ ਹੁਕਮਨਾਮਾ ਲਿਆ ਜਾਵੇਗਾ। ਮੁੱਖ ਮੰਤਰੀ ਵੱਲੋਂ ਸੰਗਤਾਂ ਨੂੰ ਸੰਬੋਧਨ ਵੀ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਸੰਗਤਾਂ ਨੂੰ ਇਹ ਸਮਾਗਮ ਟੀਵੀ ‘ਤੇ ਵੇਖ ਕੇ ਆਪਣੇ ਘਰਾਂ ਤੋਂ ਹੀ ਅਰਦਾਸ ਕਰਨ ਦੀ ਅਪੀਲ ਕੀਤੀ ਸੀ ਅਤੇ ਇਸ ਹੰਗਾਮੀ ਹਾਲਤ ਦੇ ਮੱਦੇਨਜ਼ਰ ਧਾਰਮਿਕ ਥਾਵਾਂ ‘ਤੇ ਇਕੱਠ ਨਾ ਕਰਨ ਤੋਂ ਗੁਰੇਜ਼ ਕਰਨ ਲਈ ਵੀ ਕਿਹਾ ਸੀ।