Breaking News
Home / ਹਫ਼ਤਾਵਾਰੀ ਫੇਰੀ / ਰੂਸੀ ਵੈਕਸੀਨ ਆਈ ਨਾਲ ਵਿਵਾਦ ਲਿਆਈ

ਰੂਸੀ ਵੈਕਸੀਨ ਆਈ ਨਾਲ ਵਿਵਾਦ ਲਿਆਈ

ਵਿਵਾਦ : 42 ਦਿਨਾਂ ਵਿਚ ਮਾਤਰ 38 ਵਿਅਕਤੀਆਂ ‘ਤੇ ਹੋਇਆ ਟ੍ਰਇਲ ਤੇ 144 ਤਰ੍ਹਾਂ ਦੇ ਸਾਈਡਇਫੈਕਟ
ਦਾਅਵਾ-ਰੂਸ ਸਰਕਾਰ ਨੇ ਦਾਅਵਾ ਕੀਤਾ ਕਿ ਕਰੋਨਾ ਵੈਕਸੀਨ ਦਾ ਨਹੀਂ ਹੈ ਕੋਈ ਸਾਈਡਇਫੈਕਟ
ਨਵੀਂ ਦਿੱਲੀ : ਦੁਨੀਆ ਭਰ ਵਿਚ ਜਿੱਥੇ ਕਰੋਨਾ ਦੇ ਫੈਲਣ ਦੀਆਂ ਖਬਰਾਂ ਚੱਲ ਰਹੀਆਂ ਹਨ, ਉਥੇ ਹੀ ਇਸ ਫਿਕਰਮੰਦੀ ਵਿਚ ਰੂਸ ਦੀ ਕਰੋਨਾ ਵੈਕਸੀਨ ਇਕ ਸਕੂਲ ਵਾਲੀ ਖ਼ਬਰ ਵੀ ਲੈ ਕੇ ਆਈ ਪਰ ਇਸ ਖ਼ਬਰ ਦੇ ਨਾਲ ਹੀ ਵਿਵਾਦ ਵੀ ਆ ਗਏ। ਰੂਸ ਸਰਕਾਰ ਦਾਅਵਾ ਕਰ ਰਹੀ ਹੈ ਕਿ ਸਾਡੇ ਵੱਲੋਂ ਰਜਿਸਟਰਡ ਕਰਵਾਈ ਗਈ ਵੈਕਸੀਨ ਦੇ ਕੋਈ ਸਾਈਡਇਫੈਕਟ ਨਹੀਂ ਦਿਸ ਰਹੇ ਹਨ। ਜਦੋਂਕਿ ਡਬਲਿਊ ਐਚ ਓ ਤੋਂ ਲੈ ਕੇ ਅਮਰੀਕਾ, ਬ੍ਰਿਟੇਨ ਤੇ ਜਪਾਨ ਸਣੇ ਕਈ ਮੁਲਕਾਂ ਨੇ ਰੂਸੀ ਵੈਕਸੀਨ ‘ਤੇ ਸਵਾਲ ਖੜ੍ਹੇ ਕੀਤੇ ਹਨ। ਧਿਆਨ ਰਹੇ ਕਿ 11 ਅਗਸਤ ਨੂੰ ਦੁਨੀਆ ਦੀ ਪਹਿਲੀ ਕਰੋਨਾ ਵੈਕਸੀਨ ਦੇ ਰਜਿਸਟ੍ਰੇਸ਼ਨ ਦੌਰਾਨ ਪੇਸ਼ ਕੀਤੇ ਦਸਤਾਵੇਜ਼ਾਂ ਰਾਹੀਂ ਕਈ ਖੁਲਾਸੇ ਹੋਏ। ‘ਡੇਲੀ ਮੇਲ’ ਦੀ ਖ਼ਬਰ ਮੁਤਾਬਕ ਟ੍ਰਾਇਲ ਦੇ ਨਾਂ ‘ਤੇ 42 ਦਿਨਾਂ ‘ਚ ਮਾਤਰ 38 ਵਲੰਟੀਅਰਜ਼ ਨੂੰ ਹੀ ਵੈਕਸੀਨ ਦੀ ਡੋਜ਼ ਦਿੱਤੀ ਗਈ। ਵੈਕਸੀਨ ਟ੍ਰਾਇਲ ਦੇ ਤੀਜੇ ਪੜਾਅ ਦੀ ਵੀ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਰਹੀ। ਜਦੋਂਕਿ ਦਸਤਾਵੇਜ਼ ਇਹ ਵੀ ਸੰਕੇਤ ਕਰ ਰਹੇ ਹਨ ਕਿ ਇਸ ਵੈਕਸੀਨ ਦੇ 144 ਤਰ੍ਹਾਂ ਦੇ ਸਾਈਡਇਫੈਕਟ ਦੇਖੇ ਜਾ ਰਹੇ ਹਨ। ਡਬਲਿਊ ਐਚ ਓ ਦਾ ਆਖਣਾ ਹੈ ਕਿ ਰੂਸ ਨੇ ਵੈਕਸੀਨ ਬਣਾਉਣ ਦੇ ਲਈ ਤਹਿ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ।
ਵੈਕਸੀਨ ਵਿਵਾਦ ‘ਤੇ ਰੂਸੀ ਸਿਹਤ ਮੰਤਰੀ ਦੀ ਸਫਾਈ
ਰੂਸ ਸਰਕਾਰ ਨੇ ਆਪਣੀ ਕਰੋਨਾ ਵੈਕਸੀਨ ‘ਤੇ ਉਠ ਰਹੇ ਸਵਾਲਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਰੂਸੀ ਸਿਹਤ ਮੰਤਰੀ ਮਿਖਾਇਲ ਨੇ ਆਖਿਆ ਕਿ ਸਾਡੀ ਵੈਕਸੀਨ ‘ਤੇ ਲੱਗੇ ਰਹੇ ਆਰੋਪ ਬੇਬੁਨਿਆਦ ਹਨ। ਬਜ਼ਾਰ ਵਿਚ ਮੁਕਾਬਲੇ ਦੀ ਹੋੜ ਹੈ ਤੇ ਦੂਸਰੇ ਵਿਗਿਆਨੀ ਸਾਡੇ ਵੈਕਸੀਨ ਪਹਿਲਾਂ ਆਉਣ ਕਾਰਨ ਚਿੜ ਰਹੇ ਹਨ ਇਸ ਲਈ ਉਹ ਇਸ ‘ਤੇ ਸਵਾਲ ਖੜ੍ਹੇ ਕਰ ਰਹੇ ਹਨ। ਜਦੋਂਕਿ ਅਮਰੀਕਾ ਨੇ ਆਖਿਆ ਕਿ ਵੈਕਸੀਨ ਨਾਲ ਸਬੰਧਤ ਡਾਟਾ ਪਾਰਦਰਸ਼ੀ ਢੰਗ ਨਾਲ ਪੇਸ਼ ਨਹੀਂ ਕੀਤਾ ਗਿਆ।
ਵੈਕਸੀਨ ਲੈਣ ਲਈ ਭਾਰਤ ਵੀ ਕਤਾਰ ‘ਚ!
ਨਵੀਂ ਦਿੱਲੀ : ਰੂਸੀ ਵੈਕਸੀਨ ਨੂੰ ਲੈ ਕੇ ਭਾਰਤ ਸਮੇਤ ਦੁਨੀਆ ਭਰ ਦੇ 20 ਦੇਸ਼ਾਂ ਨੇ ਰੁਚੀ ਦਿਖਾਈ ਹੈ। ਰੂਸੀ ਕਰੋਨਾ ਵੈਕਸੀਨ ਨੂੰ ਲੈ ਕੇ ਬਣਾਈ ਗਈ ਵੈੱਬਸਾਈਟ ‘ਤੇ ਇਹ ਦਾਅਵਾ ਕੀਤਾ ਗਿਆ ਹੈ ਕਿ ਭਾਰਤ, ਯੂ. ਏ. ਈ., ਸਾਊਦੀ ਅਰਬ, ਇੰਡੋਨੇਸ਼ੀਆ, ਫਿਲੀਪੀਨਸ, ਬ੍ਰਾਜ਼ੀਲ ਤੇ ਮੈਕਸੀਕੋ ਨੇ ਰੂਸ ਦੀ ਵੈਕਸੀਨ ਨੂੰ ਖ਼ਰੀਦਣ ਦੀ ਗੱਲ ਕੀਤੀ ਹੈ।
ਵੈਕਸੀਨ ਦੀ ਸਮਰਥਾ ਤੇ ਸਾਈਡਇਫੈਕਟ ਦੀ ਜਾਂਚ ਕਰਨਾ ਜ਼ਰੂਰੀ : ਏਮਜ਼ ਡਾਇਰੈਕਟਰ ਰਣਦੀਪ ਗੁਲੇਰੀਆ
ਭਾਰਤੀ ਸਿਹਤ ਸੰਸਥਾ ਏਮਜ਼ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਰੂਸੀ ਵੈਕਸੀਨ ਦੇ ਹਵਾਲੇ ਨਾਲ ਗੱਲ ਕਰਦਿਆਂ ਆਖਿਆ ਕਿ ਜੇਕਰ ਰੂਸ ਦੀ ਵੈਕਸੀਨ ਸਫ਼ਲ ਹੁੰਦੀ ਹੈ ਤਾਂ ਸਾਨੂੰ ਵੀ ਇਸ ਨੂੰ ਗੰਭੀਰਤਾ ਨਾਲ ਲੈਣਾ ਹੋਵੇਗਾ। ਇਸ ਦੇ ਨਾਲ ਮਿਲਣ ਵਾਲੀ ਸੁਰੱਖਿਆ ਤੇ ਪ੍ਰਭਾਵਾਂ ‘ਤੇ ਵੀ ਨਜ਼ਰ ਰੱਖਣੀ ਹੋਵੇਗੀ। ਉਨ੍ਹਾਂ ਆਖਿਆ ਕਿ ਭਾਰਤ ਵੈਕਸੀਨ ਦਾ ਵੱਡੇ ਪੱਧਰ ‘ਤੇ ਉਤਪਾਦਨ ਕਰ ਸਕਦਾ ਹੈ ਪਰ ਵੈਕਸੀਨ ਦੀ ਕਰੋਨਾ ਨੂੰ ਖਤਮ ਕਰਨ ਦੀ ਸਮਰਥਾ ਤੇ ਉਸ ਦੇ ਸਾਈਡਇਫੈਕਟਾਂ ਦੀ ਪਹਿਲਾਂ ਜਾਂਚ ਕਰਨਾ ਜ਼ਰੂਰੀ ਹੈ।
”ਰੂਸ ਵੱਲੋਂ ਦਾਅਵਾ ਕੀਤਾ ਗਿਆ ਕਿ ਵੈਕਸੀਨ ਦੀ ਪਹਿਲੀ ਡੋਜ਼ ਪੁਤਿਨ ਦੀ ਬੇਟੀ ਨੂੰ ਦਿੱਤੀ ਗਈ। ਪੁਤਿਨ ਦੀਆਂ ਦੋ ਧੀਆਂ ਹਨ ਮਾਰੀਆ ਤੇ ਕੈਟਰੀਨਾ, ਪਰ ਵੈਕਸੀਨ ਕਿਸ ਨੂੰ ਦਿੱਤੀ ਇਸ ਬਾਰੇ ਅਜੇ ਕੁੱਝ ਵੀ ਸਪੱਸ਼ਟ ਨਹੀਂ ਹੋਇਆ।”

Check Also

ਲਿਬਰਲ ਪਾਰਟੀ ਵੱਲੋਂ ਪੇਸ਼ ਕੀਤੇ ਗਏ ਬਜਟ ਤੋਂ ਬਹੁਤੇ ਕੈਨੇਡਾ ਵਾਸੀ ਨਾ ਖੁਸ਼

ਓਟਵਾ/ਬਿਊਰੋ ਨਿਊਜ਼ : ਇੱਕ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਲਿਬਰਲਾਂ ਵੱਲੋਂ ਪੇਸ਼ ਕੀਤੇ …