ਦੀਪਕ ਸ਼ਰਮਾ ਚਨਾਰਥਲ, 98152-52959
ਪੰਜਾਬ ਦੇ ਇਤਿਹਾਸ ਨਾਲ ਛੇੜਛਾੜ ਦਾ ਮਾਮਲਾ ਗਰਮਾਇਆ ਹੋਇਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 11ਵੀਂ ਅਤੇ 12ਵੀਂ ਦੀਆਂ ਇਤਿਹਾਸ ਦੀਆਂ ਕਿਤਾਬਾਂ ਨੂੰ ਲੈ ਕੇ ਸਿਆਸੀ ਗਲਿਆਰਿਆਂ ਵਿਚ ਤੇ ਮੀਡੀਆ ਵਿਚ ਚਰਚਾ ਜ਼ੋਰਾਂ ‘ਤੇ ਹੈ। ਸਰਕਾਰ ਵਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਗੁਰੂ ਸਾਹਿਬਾਨਾਂ ਨਾਲ ਸਬੰਧਿਤ ਅਤੇ ਪੰਜਾਬ ਦੇ ਸੂਰਬੀਰਾਂ ਦੀਆਂ ਗਾਥਾਵਾਂ ਨਾਲ ਸਬੰਧਿਤ ਕੁਝ ਵੀ ਕਿਤਾਬ ਵਿਚੋਂ ਹਟਾਇਆ ਨਹੀਂ ਗਿਆ, ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ 12ਵੀਂ ਦੀ ਕਿਤਾਬ ਨੂੰ ਇੰਟਰਨੈਸ਼ਨਲ ਪੱਧਰ ਦੀ ਬਣਾਉਣ ਲਈ ਉਸਦਾ ਕੁਝ ਹਿੱਸਾ 11ਵੀਂ ਦੀ ਕਿਤਾਬ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਲਈ ਸਰਕਾਰ ਆਖ ਰਹੀ ਹੈ ਕਿ 11ਵੀਂ ਦੀ ਕਿਤਾਬ ਛਪ ਕੇ ਆ ਜਾਣ ਦਿਓ, ਮਾਮਲਾ ਸਾਫ ਹੋ ਜਾਵੇਗਾ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਲੋਂ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਕਿ ਉਹ ਗੁਰੂ ਸਾਹਿਬਾਨਾਂ ਦਾ ਸ਼ਾਨਾਮੱਤੀ ਇਤਿਹਾਸ ਤੇ ਪੰਜਾਬ ਦੇ ਯੋਧਿਆਂ ਦੇ ਇਤਿਹਾਸ ਨੂੰ 12ਵੀਂ ਦੀ ਕਿਤਾਬ ਵਿਚੋਂ ਬਾਹਰ ਕਰਕੇ ਇਕ ਸਾਜਿਸ਼ ਤਹਿਤ ਪੰਜਾਬ ਦੀ ਨੌਜਵਾਨੀ ਨੂੰ ਪੰਜਾਬ ਦੇ ਇਤਿਹਾਸ ਤੋਂ ਵਾਂਝਾ ਕਰ ਰਹੀ ਹੈ। ਜਦੋਂ ਕਿ ਇਸ ਮਾਮਲੇ ਦੇ ਕਈ ਪਹਿਲੂ ਹਨ। ਇਕ ਪਹਿਲੂ ਤਾਂ ਇਹ ਹੈ ਕਿ ਜੇਕਰ 12ਵੀਂ ਦੀ ਕਿਤਾਬ ਵਿਚ ਨੈਸ਼ਨਲ ਪੱਧਰ ਦੇ ਸਬੰਧ ਨਾਲ ਜਾਂ ਇੰਟਰਨੈਸ਼ਨਲ ਪੱਧਰ ਦੇ ਸਬੰਧ ਨਾਲ ਕੁਝ ਨਵਾਂ ਸ਼ਾਮਲ ਕਰਨਾ ਸੀ ਤਾਂ ਉਸ ਵਿਚੋਂ ਪੰਜਾਬ ਦਾ ਪ੍ਰਮੁੱਖ ਇਤਿਹਾਸ ਹਟਾ ਕੇ 11ਵੀਂ ਜਮਾਤ ਦੀ ਕਿਤਾਬ ਵਿਚ ਸ਼ਾਮਲ ਕਰਨ ਦੀ ਲੋੜ ਕਿਉਂ ਪਈ। ਇਕ ਪਹਿਲੂ ਇਹ ਵੀ ਹੈ ਕਿ 12ਵੀਂ ਦੀ ਕਿਤਾਬ ਛਪ ਚੁੱਕੀ ਹੈ, ਜਿਸ ‘ਤੇ ਵਿਵਾਦ ਉਠਿਆ ਹੈ ਤੇ ਸਰਕਾਰ ਆਪਣਾ ਅਕਸ ਬਚਾਉਣ ਲਈ ਆਖ ਰਹੀ ਹੈ ਕਿ 11ਵੀਂ ਦੀ ਕਿਤਾਬ ਦਾ ਇੰਤਜ਼ਾਰ ਕਰੋ, ਸਭ ਕੁਝ ਉਸ ਵਿਚ ਸ਼ਾਮਲ ਹੈ। ਹੁਣ ਇਹ ਕਿੰਝ ਮੰਨ ਲਿਆ ਜਾਵੇ ਕਿ 12ਵੀਂ ਦੀ ‘ਪੰਜਾਬ ਦਾ ਇਤਿਹਾਸ’ ਕਿਤਾਬ ਵਿਚੋਂ ਹਟਾਈ ਗਈ ਸਮੱਗਰੀ ਪਹਿਲਾਂ ਹੀ 11ਵੀਂ ਦੀ ਕਿਤਾਬ ਵਿਚ ਸ਼ਾਮਲ ਕਰ ਲਈ ਗਈ। ਮੰਨਿਆ ਇਹ ਵੀ ਜਾ ਸਕਦਾ ਹੈ ਕਿ ਵਿਵਾਦ ਉਠਣ ਤੋਂ ਬਾਅਦ 11ਵੀਂ ਦੀ ਕਿਤਾਬ ਨਵੇਂ ਸਿਰੇ ਤੋਂ ਛਪਵਾਈ ਜਾ ਰਹੀ ਹੋਵੇ।
ਇਕ ਗੌਰ ਕਰਨ ਵਾਲੀ ਗੱਲ ਹੈ ਕਿ ਮਾਮਲਾ ਇਕੱਲਾ ਗੁਰੂ ਸਾਹਿਬਾਨਾਂ ਦੇ ਜੀਵਨ ਨਾਲ ਜੁੜਿਆ ਇਤਿਹਾਸ ਸਿਲੇਬਸ ਵਿਚੋਂ ਹਟਾਉਣ ਦਾ ਹੀ ਨਹੀਂ, ਮਾਮਲਾ ਤਾਂ ਇਹ ਵੀ ਸਾਹਮਣੇ ਆਇਆ ਹੈ ਕਿ ਮੌਜੂਦਾ 12ਵੀਂ ਦੀ ਕਿਤਾਬ ਵਿਚ ਹੋਰ ਵੀ ਕਈ ਖਾਮੀਆਂ ਹਨ। ਸ਼੍ਰੋਮਣੀ ਕਮੇਟੀ ਵਲੋਂ ਥਾਪੀ ਜਾਂਚ ਕਮੇਟੀ ਨੇ 12ਵੀਂ ਦੀ ਇਤਿਹਾਸ ਦੀ ਕਿਤਾਬ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਆਪਣੀ ਜਿਹੜੀ ਰਿਪੋਰਟ ਐਸਜੀਪੀਸੀ ਪ੍ਰਧਾਨ ਨੂੰ ਸੌਂਪੀ ਹੈ, ਉਸ ਵਿਚ ਦੱਸਿਆ ਗਿਆ ਹੈ ਕਿ ਕਿਤਾਬ ਵਿਚ ਨਾ-ਸਹਿਣਯੋਗ ਵੱਡੀਆਂ ਖਾਮੀਆਂ ਹਨ। ਜਿਵੇਂ ਵੱਡੀ ਖਾਮੀ ਇਹ ਹੈ ਕਿ ਸ਼ਹੀਦ ਊਧਮ ਸਿੰਘ ਨੇ ਫਾਂਸੀ ਤੋਂ ਪਹਿਲਾਂ ਹੀਰ ਰਾਂਝੇ ਦੀ ਸਹੁੰ ਖਾਧੀ ਸੀ। ਜਦੋਂ ਕਿ ਪਹਿਲੀਆਂ ਕਿਤਾਬਾਂ ਵਿਚ ਸ਼ਾਮਲ ਹੈ ਕਿ ਊਧਮ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ। ਇਸੇ ਤਰ੍ਹਾਂ ਮੰਗਲ ਪਾਂਡੇ ਦੇ ਸਬੰਧ ਵਿਚ ਲਿਖਿਆ ਗਿਆ ਹੈ ਕਿ ਉਸਦੇ ਜੀਵਨ ਨੂੰ ਜਾਣਨ ਲਈ ਆਮਿਰ ਖਾਨ ਦੀ ਫਿਲਮ ਦੇਖੋ। ਗੁਰੂ ਸਾਹਿਬਾਨ ਵਲੋਂ ਅਗਲੇ ਗੁਰੂ ਨੂੰ ਗੱਦੀ ਸੌਂਪਣ ਵਾਲਾ ਸ਼ਬਦ ਗੁਰਗੱਦੀ ਤੋਂ ਹਟਾ ਕੇ ਤਾਇਨਾਤੀ ਸ਼ਬਦ ਵਰਤ ਲਿਆ ਗਿਆ ਹੈ। ਇਸੇ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭਗਤੀ ਲਹਿਰ ਨੂੰ ਰਾਮ ਭਗਤੀ ਲਹਿਰ ਨਾਲ ਜੋੜ ਕੇ ਦਰਸਾਇਆ ਗਿਆ ਹੈ। ਜਦੋਂ ਕਿ 12ਵੀਂ ਦੀ ਇਤਿਹਾਸ ਦੀ ਕਿਤਾਬ ਵਿਚ ਪੰਜਾਬ ਦੇ ਬਹੁਗਿਣਤੀ ਅਜ਼ਾਦੀ ਘੁਲਾਟੀਆਂ ਤੇ ਅਜ਼ਾਦੀ ਦੇ ਨਾਇਕਾਂ ਨੂੰ ਬਾਹਰ ਕਰ ਦਿੱਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਪਹਿਲਾਂ ਕਿਤਾਬ ਦਾ ਨਾਂ ‘ਪੰਜਾਬ ਦਾ ਇਤਿਹਾਸ’ ਸੀ, ਹੁਣ ਇਕੱਲਾ ‘ਇਤਿਹਾਸ’ ਰਹਿ ਗਿਆ ਹੈ। ਸਿਰਲੇਖ ਹੀ ਦਰਸਾਉਂਦਾ ਹੈ ਕਿ ਪੰਜਾਬ ਦੇ ਇਤਿਹਾਸ ਨਾਲ ਛੇੜਛਾੜ ਹੋਈ ਹੈ। ਚੰਗਾ ਹੋਵੇ ਕਿ ਸੂਬੇ ਦੇ ਸਿੱਖਿਆ ਵਿਭਾਗ ਦੇ ਸਕੱਤਰ, ਸਿੱਖਿਆ ਵਿਭਾਗ ਦੇ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਪੂਰੇ ਮਾਮਲੇ ‘ਤੇ ਮਿੱਟੀ ਪਾਉਣ ਦੀ ਬਜਾਏ, ਮਾਮਲੇ ਨੂੰ ਬਿਆਨਬਾਜ਼ੀ ਵਿਚ ਉਲਝਾਉਣ ਦੀ ਬਜਾਏ ਗੰਭੀਰਤਾ ਨਾਲ ਲੈਣ, ਸਹੀ ਢੰਗ ਨਾਲ ਘੋਖ ਪੜਤਾਲ ਕਰਵਾਉਣ ਤਾਂ ਜੋ ਪੰਜਾਬ ਦੀ ਨਵੀਂ ਪਨੀਰੀ ਆਪਣੇ ਧਾਰਮਿਕ, ਰਾਜਨੀਤਕ, ਸਮਾਜਿਕ ਅਤੇ ਅਜ਼ਾਦੀ ਦੇ ਸੰਘਰਸ਼ਮਈ ਇਤਿਹਾਸ ਤੋਂ ਵਾਂਝੀ ਨਾ ਰਹਿ ਜਾਵੇ। ਲੋੜ ਸੰਜੀਦਗੀ ਦੀ ਹੈ, ਸਿਆਸਤ ਦੀ ਨਹੀਂ।
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …