Breaking News
Home / ਰੈਗੂਲਰ ਕਾਲਮ / ਨੋਵਲ ਕਰੋਨਾ ਵਾਇਰਸ (ਕੋਵਿਡ-19) ਵਿਗਿਆਨ ਗਲਪ ਕਹਾਣੀ

ਨੋਵਲ ਕਰੋਨਾ ਵਾਇਰਸ (ਕੋਵਿਡ-19) ਵਿਗਿਆਨ ਗਲਪ ਕਹਾਣੀ

ਕਿਧਰੇ ਦੇਰ ਨਾ ਹੋ ਜਾਏ
(ਕਿਸ਼ਤ ਆਖਰੀ)
ਡਾ. ਡੀ ਪੀ ਸਿੰਘ
416-859-1856
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਅਚਾਨਕ ਉਸ ਨੂੰ ਖੁਸ਼ਨੁਮਾ ਵਿਚਾਰ ਆਇਆ। ਜਲਦੀ ਜਲਦੀ ਉਸ ਨੇ ਹਾਲ ਨੂੰ ਪਾਰ ਕਰ ਬਾਹਰਲੇ ਦਰਵਾਜ਼ੇ ਕੋਲ ਪਏ ਆਪਣੇ ਬੂਟ ਪਹਿਨੇ, ਕਿੱਲੀ ਤੋਂ ਆਪਣਾ ਹੈਟ ਤੇ ਕੋਟ ਲਾਹ, ਤੁਰੰਤ ਪਹਿਨਦਿਆ, ਉਸ ਯੰਗ ਸੂ ਦਾ ਹੈਟ ਤੇ ਕੋਟ ਵੀ ਚੁੱਕ ਲਿਆ।
ਪ੍ਰਯੋਗਸ਼ਾਲਾ ਤੋਂ ਬਾਹਰ ਆ, ਕੋਲੋਂ ਲੰਘ ਰਹੀ ਟੈਕਸੀ ਨੂੰ ਰੋਕ, ਵਿਚ ਬੈਠਦਿਆ ਹੀ ਉਸ ਨੂੰ ”ਹੁਨੇਨ ਸੀਫੂਡ ਮਾਰਕਿਟ” ਵੱਲ ਚੱਲਣ ਲਈ ਕਿਹਾ ਤਾਂ ਜੋ ਕੁਝ ਦੇਰ ਪਹਿਲਾਂ ਹੀ ਟੈਕਸੀ ਵਿਚ ਬੈਠੇ, ਨੰਗੇ ਸਿਰ ਤੇ ਬਿਨ੍ਹਾਂ ਕੋਟ ਵਾਲੇ ਬੰਦੇ ਨੂੰ ਲੱਭ ਸਕੇ।
”ਨੰਗੇ ਸਿਰ ਵਾਲਾ ਤੇ ਬਿਨ੍ਹਾ ਕੋਟ ਤੋਂ, ਮੈਡਮ ਜੀ! ਠੀਕ ਹੈ ਨਾ।” ਕਹਿ ਡਰਾਈਵਰ ਨੇ ਐਕਸੀਲੇਟਰ ਦਬਾ, ਦੱਸੀ ਦਿਸ਼ਾ ਵੱਲ ਟੈਕਸੀ ਸਰਪਟ ਦੁੜਾ ਦਿੱਤੀ।
ੲੲੲ
ਜਿਵੇਂ ਹੀ ਤੇਜ਼ ਰਫਤਾਰ ਟੈਕਸੀ ”ਹੁਨੇਨ ਟੈਕਸੀ ਸਟੈਂਡ” ਨੇੜੇ ਪੁੱਜੀ, ਜਿਥੇ ਅਕਸਰ ਡਰਾਈਵਰ ਤੇ ਹੋਰ ਵਿਹਲੜ੍ਹ ਬੈਠੇ ਰਹਿੰਦੇ ਸਨ। ਉਹ ਸਾਰੇ ਹੀ ਇੰਨ੍ਹੀ ਤੇਜ਼ੀ ਨਾਲ ਆ ਰਹੀ ਟੈਕਸੀ ਨੂੰ ਦੇਖ ਹੈਰਾਨ ਹੋ ਗਏ।
ਤੁਰੰਤ ਹੀ ਟੈਕਸੀ ਅੱਖੋ ਉਹਲੇ ਹੋ ਗਈ।
”ਆਹ! ਲੀਅ ਨੂੰ ਕੀ ਹੋ ਗਿਆ? ਇੰਨ੍ਹੀ ਤੇਜ਼ੀ?” ਮੋਟੇ ਠੁੱਲੇ ਜੁੱਸੇ ਵਾਲੇ ਯਿਫ਼ਾਨ ਦੇ ਬੋਲ ਸਨ।
”ਜਾਪਦਾ ਹੈ ਐਕਸੀਲੇਟਰ ਦੀ ਇਹੀ ਤਿਹੀ ਕਰ ਰਿਹਾ ਹੈ।” ਛੋਟੇ ਕੱਦ ਵਾਲਾ ਵਾਂਗ ਬੋਲਿਆ।
”ਓਹ ਦੇਖੋ! ਇਕ ਹੋਰ ਅਜਿਹਾ ਹੀ ਪਾਗਲ ਆ ਰਿਹਾ ਹੈ।” ਬੁੱਢੇ ਸੈਂਗ ਨੇ ਸਰਪਟ ਦੌੜੀ ਆ ਰਹੀ ਟੈਕਸੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ।
”ਇਹ ਤਾਂ ਆਪਣਾ ਫੈਂਗ ਹੈ।” ਯਿਫ਼ਾਨ ਕਹਿ ਰਿਹਾ ਸੀ, ”ਇਸ ਨੂੰ ਕੀ ਹੋ ਗਿਆ? ਜਾਪਦਾ ਹੈ ਇਹ ਲੀਅ ਦੀ ਟੈਕਸੀ ਦਾ ਪਿੱਛਾ ਕਰ ਰਿਹਾ ਹੈ”
ਟੈਕਸੀ ਸਟੈਂਡ ਵਿਖੇ ਹਾਜ਼ਿਰ ਮੰਡਲੀ ਵਿਚ ਜ਼ੋਸ਼ ਭਰ ਗਿਆ ਸੀ । ਇਕੱਠੀਆਂ ਕਈ ਆਵਾਜ਼ਾਂ ਸੁਣਾਈ ਦਿੱਤੀਆਂ।”ਤੇਜ਼ ਚਲਾ ਫੈਂਗ, ਹੋਰ ਤੇਜ਼ ਚਲਾ।” ”ਵਾਹ ਬਈ ਵਾਹ! ਜ਼ਬਰਦਸਤ ਮੁਕਾਬਲਾ ਹੈ ਇਹ।” ”ਤੂੰ ਜ਼ਰੂਰ ਉਸ ਨੂੰ ਫੜ੍ਹ ਲਵੇਗਾ।” ”ਬੱਸ ਜ਼ਰਾ ਹੋਰ ਤੇਜ਼ ਕਰ ਲੈ ਆਪਣੀ ਗੱਡੀ। ਬਾਜ਼ੀ ਜਿੱਤ ਲਈ ਸਮਝ।”
”ਲਗਦਾ ਹੈ, ਚਲਾਨ ਕਟੇਗਾ ਇਨ੍ਹਾਂ ਦਾ ਤੇਜ਼ ਸਪੀਡ ਕਾਰਣ।” ਵਾਂਗ ਦੇ ਬੋਲ ਸਨ।
”ਤੋਬਾ, ਤੋਬਾ, ਮੈਨੂੰ ਤਾਂ ਚੱਕਰ ਆ ਰਿਹਾ ਹੈ।” ਤੇਜ਼ੀ ਨਾਲ ਨੇੜੇ ਆ ਰਹੀ ਇਕ ਹੋਰ ਟੈਕਸੀ ਨੂੰ ਦੇਖ ਬੁੱਢਾ ਸੈਂਗ ਬੋਲਿਆ। ”ਓਹ ਦੇਖੋ, ਇਕ ਹੋਰ ਪਾਗਲ ਆ ਰਿਹਾ ਹੈ।” ”ਜਾਪਦਾ ਹੈ ਸ਼ਹਿਰ ਦੇ ਸਾਰੇ ਡਰਾਇਵਰ ਪਾਗਲ ਹੋ ਗਏ ਨੇ ਅੱਜ।”
”ਇਹ ਤਾਂ ਆਪਣਾ ਯਾਂਗ ਹੈ।” ਛੋਟੇ ਕੱਦ ਵਾਲਾ ਵਾਂਗ ਬੋਲਿਆ।
”ਆਹ ਤਾਂ ਔਰਤ ਉਨ੍ਹਾਂ ਦਾ ਪਿੱਛਾ ਕਰ ਰਹੀ ਹੈ।” ਯਿਫ਼ਾਨ ਦੇ ਬੋਲ ਸਨ।”ਆਮ ਕਰ ਕੇ ਤਾਂ ਇਸ ਤੋਂ ਉਲਟ ਹੁੰਦਾ ਹੈ।”
”ਉਸ ਦੇ ਹੱਥ ਵਿਚ ਕੀ ਹੈ?”
”ਜਾਪਦਾ ਹੈ ਕੋਈ ਚੀਜ਼ ਹੈ!” ਕਿਸੇ ਦੇ ਬੋਲ ਸਨ।
”ਬਾਹਲਾ ਸਿਆਣਾ ਹੈ ਇਹ ਤਾਂ।” ਕੋਈ ਹੋਰ ਕਹਿ ਰਿਹਾ ਸੀ।
”ਬੁੱਢਾ ਲੀਅ ਤਾਂ ਨੰਬਰ ਲੈ ਗਿਆ। ਅਵੱਲ ਰਿਹਾ ਉਹ ਤਾਂ, ਦੂਜਾ ਨੰਬਰ ਕਿਸ ਦਾ ਰਿਹਾ?” ਵਾਂਗ ਪੁੱਛ ਰਿਹਾ ਸੀ।
ਜੂਲੀਆ ਦੀ ਕਾਰ ਵਾਹ ਵਾਹ ਦੇ ਤੀਬਰ ਸ਼ੌਰ-ਗੁੱਲ ਵਿਚੋਂ ਗੁਜ਼ਰੀ। ਉਸ ਨੂੰ ਅਜਿਹਾ ਸ਼ੌਰ-ਗੁੱਲ ਬਿਲਕੁਲ ਹੀ ਪਸੰਦ ਨਹੀਂ ਸੀ। ਉਹ ਤਾਂ ਸੋਚ ਰਹੀ ਸੀ ਕਿ ਉਹ ਤਾਂ ਸਿਰਫ਼ ਆਪਣੀ ਡਿਊਟੀ ਕਰ ਰਹੀ ਸੀ। ਟੈਕਸੀ ਨੇ ”ਚਐਨ ਹਿਲ ਪਾਰਕ” ਦਾ ਘੁੰਮੇਟਾ ਪੂਰਾ ਕਰ ”ਹੁਨੇਨ ਸੀਫੂਡ ਮਾਰਕਿਟ” ਦੀ ਰਾਹ ਫੜ੍ਹ ਲਈ। ਜੂਲੀਆ ਦੀਆਂ ਅੱਖਾਂ ਫੈਂਗ ਦੀ ਟੈਕਸੀ ਦੀ ਪਿੱਠ ਉੱਤੇ ਟਿਕੀਆਂ ਹੋਈਆ ਸਨ। ਜਿਸ ਵਿਚ ਡਾ. ਯੰਗ ਸੂ ਆਪਣੇ ਕਮਲਪੁਣੇ ਕਾਰਣ ਠੰਢ ਨਾਲ ਠੁਰ ਠੁਰ ਕਰ ਰਿਹਾ ਸੀ।
ੲੲੲ
ਸੱਭ ਤੋਂ ਅਗਲੀ ਟੈਕਸੀ ਵਿਚ, ਲੀਓ, ਪਿਛਲੀ ਸੀਟ ਦੇ ਕੋਨੇ ਵਿਚ ਸੁੰਗੜ੍ਹਿਆ ਬੈਠਾ ਸੀ। ਸੱਜੇ ਹੱਥ ਵਿਚ ਉਸ ਨੇ ਉਹ ਛੋਟੀ ਜਿਹੀ ਟਿਊਬ ਕੱਸ ਕੇ ਫੜ੍ਹੀ ਹੋਈ ਸੀ ਜਿਸ ਵਿਚ ਭਿਆਨਕ ਤਬਾਹੀ ਦੇ ਅੰਕੁਰ ਮੌਜੂਦ ਸਨ। ਉਸ ਦੇ ਚਿਹਰੇ ਉੱਤੇ ਡਰ ਤੇ ਖੁਸ਼ੀ ਦੇ ਹਾਵ-ਭਾਵ ਰਲ-ਗਡ ਸਨ। ਸੱਭ ਤੋਂ ਵੱਡਾ ਡਰ ਤਾਂ ਉਸ ਨੂੰ ਇਹ ਸੀ ਕਿ ਕਿਧਰੇ ਉਹ ਆਪਣਾ ਮਕਸਦ ਪੂਰਾ ਕਰਨ ਤੋਂ ਪਹਿਲਾਂ ਹੀ ਫੜ੍ਹਿਆ ਨਾ ਜਾਵੇ। ਉਸ ਦੇ ਇਸ ਡਰ ਵਿਚ, ਕੀਤੇ ਜਾ ਰਹੇ ਜੁਰਮ ਦਾ ਡਰ ਵੀ ਸ਼ਾਮਿਲ ਸੀ। ਪਰ ਉਸ ਨੂੰ, ਕੀਤੇ ਜਾਣ ਵਾਲੇ ਕਾਰਨਾਮੇ ਦੀ ਖੁਸ਼ੀ, ਮੌਜੂਦਾ ਡਰ ਨਾਲੋਂ ਕਿਤੇ ਵਧੇਰੇ ਸੀ।
ਉਸ ਦੇ ਮਨ ਵਿਚ ਖਿਆਲਾਂ ਦੀ ਉੱਥਲ-ਪੁਥਲ ਸੀ। ”ਅੱਜ ਤਕ ਕੋਈ ਵੀ ਅਰਾਜਕਤਾਵਾਦੀ, ਅਜਿਹੇ ਕਾਰਨਾਮੇ ਨੂੰ ਕਰਨਾ ਤਾਂ ਕੀ, ਇਸ ਬਾਰੇ ਸੋਚ ਵੀ ਨਹੀਂ ਸਕਿਆ। ਏਮਿਲੀ ਅਰਮੰਡ, ਰੇਮੰਡ ਕਲੇਮਿਨ ਤੇ ਵਿਕਟਰ ਸਰਗੇ ਵਰਗੀਆਂ ਸਖ਼ਸ਼ੀਅਤਾਂ, ਜਿਨ੍ਹਾਂ ਦਾ ਮੈਂ ਹਮੇਸ਼ਾਂ ਕਾਇਲ ਰਿਹਾ ਸੀ, ਉਨ੍ਹਾਂ ਦੇ ਨਾਮ, ਮੇਰੇ ਇਸ ਕਾਰਨਾਮੇ ਦੀ ਬਦੌਲਤ, ਫਿੱਕੇ ਪੈ ਜਾਣਗੇ। ਮੈਂ ਤਾਂ ਇਸ ਨਿੱਕੀ ਜਿਹੀ ਟਿਊਬ ਵਿਚਲੇ ਦ੍ਰਵ ਨੂੰ ਕਿਸੇ ਖਾਣਾ ਭੰਡਾਰ ਵਿਖੇ ਡੋਲ੍ਹਣਾ ਹੀ ਹੈ। ਬਾਕੀ ਕੰਮ ਤਾਂ ਦ੍ਰਵ ਵਿਚਲੇ ਨਿਕਚੂਆਂ ਨੇ ਆਪੇ ਕਰ ਲੈਣਾ ਹੈ।”
ਉਸ ਨੂੰ ਆਪਣੇ ਆਪ ਉੱਤੇ ਰਸ਼ਕ ਆ ਰਿਹਾ ਸੀ। ਇਹ ਸਾਰਾ ਕੁਝ ਉਸ ਨੇ ਕਿੰਨ੍ਹੀ ਚਲਾਕੀ ਨਾਲ ਵਿਉਂਤ ਲਿਆ ਸੀ, ਪਹਿਲਾਂ ਡਾ. ਯੰਗ ਸੂ ਨੂੰ ਮਿਲਣ ਲਈ ਲੋੜੀਂਦੇ ਜਾਣ-ਪਛਾਣ ਪੱਤਰ ਦੀ ਜਾਲਸਾਜ਼ੀ, ਤੇ ਫਿਰ ਕਿਵੇਂ ਸੁਚੱਜੇ ਢੰਗ ਨਾਲ ਮੌਕੇ ਦਾ ਫ਼ਾਇਦਾ ਉਠਾਣਾ।”ਆਖਰ ਦੁਨੀਆ ਨੂੰ ਮੇਰੀ ਸਖ਼ਸ਼ੀਅਤ ਦਾ ਕਾਇਲ ਹੋਣਾ ਹੀ ਹੋਵੇਗਾ।” ਉਹ ਸੋਚ ਰਿਹਾ ਸੀ। ”ਉਹ ਸਾਰੇ ਲੋਕ, ਜੋ ਸਦਾ ਮੇਰਾ ਮਜ਼ਾਕ ਬਣਾਉਂਦੇ ਰਹੇ, ਤਾਅਨੇ ਕੱਸਦੇ ਰਹੇ, ਮੈਨੂੰ ਨਿਕੰਮਾ ਤੇ ਨਲਾਇਕ ਕਹਿੰਦੇ ਰਹੇ, ਮੇਰੇ ਨਾਲ ਸਦਾ ਅਨਿਆਂ ਕਰਦੇ ਰਹੇ, ਤੇ ਮੈਨੂੰ ਮਿਲਣਾ ਵੀ ਮੁਨਾਸਿਬ ਨਹੀਂ ਸਨ ਸਮਝਦੇ, ਆਖ਼ਰਕਾਰ ਮੇਰੀ ਕਾਬਲੀਅਤ ਦੇ ਕਾਇਲ ਹੋ ਜਾਣਗੇ। ਮੌਤ ਦੇ ਇਸ ਤਾਂਡਵੀਂ ਨਾਚ ਨਾਲ ਮੈਂ ਉਨ੍ਹਾਂ ਨੂੰ ਦੱਸ ਦੇਵੇਗਾ ਕਿ ਕਿਸੇ ਨੂੰ ਅਲੱਗ-ਥਲੱਗ ਕਰਨਾ ਕਿੰਨ੍ਹਾਂ ਗਲਤ ਹੁੰਦਾ ਹੈ।”
”ਆਹ! ਅਸੀਂ ਕਿਥੇ ਪਹੁੰਚ ਗਏ ਹਾਂ? ਇਹ ਤਾਂ ”ਹੁਨੇਨ ਸੀਫੂਡ ਮਾਰਕਿਟ” ਜਾਪਦੀ ਹੈ। ਉਸ ਨੇ ਕਾਰ ਦੀ ਖਿੜਕੀ ਰਾਹੀਂ ਬਾਹਰ ਝਾਂਕਿਆ। ਯੰਗ ਸੂ ਵਾਲੀ ਕਾਰ ਅਜੇ ਨਜ਼ਰ ਨਹੀਂ ਸੀ ਆ ਰਹੀ। ਪਰ ਉਹ ਕਿਸੇ ਸਮੇਂ ਵੀ ਪਹੁੰਚ ਸਕਦਾ ਸੀ। ਸੱਭ ਕੁੱਝ ਜਲਦੀ ਜਲਦੀ ਕਰਨ ਦੀ ਲੋੜ ਸੀ। ਉਸ ਨੇ ਡਰਾਇਵਰ ਨੂੰ ਫੂਡ ਮਾਰਕਿਟ ਕੋਲ ਟੈਕਸੀ ਰੋਕਣ ਦਾ ਇਸ਼ਾਰਾ ਕੀਤਾ। ਕਾਰ ਵਿਚੋਂ ਫਟਾਫਟ ਬਾਹਰ ਨਿਕਲ, 100 ਯੂਆਨ ਦਾ ਨੋਟ ਡਰਾਇਵਰ ਵੱਲ ਸੁੱਟ, ਬਿਨ੍ਹਾਂ ਬਕਾਏ ਦਾ ਇੰਤਜ਼ਾਰ ਕੀਤੇ, ਉਹ ਦਗੜ੍ਹ ਦਗੜ੍ਹ ਕਰਦਾ ਪੌੜ੍ਹੀਆਂ ਚੜ੍ਹ, ਫੂਡ ਮਾਰਕਿਟ ਵਿਚ ਜਾ ਵੜ੍ਹਿਆ।
ਉਹ ਸਿੱਧਾ ਮੀਟ ਸੈਕਸ਼ਨ ਵੱਲ ਗਿਆ। ਪਹਿਲਾ ਕਾਂਊਟਰ ਚਾਮਚੜਿਕਾਂ ਦੇ ਮੀਟ ਨਾਲ ਲੱਦਿਆ ਪਿਆ ਸੀ। ਉਹ ਮੀਟ ਖਰੀਦਣ ਦੇ ਅੰਦਾਜ਼ ਵਿਚ ਉਥੇ ਜਾ ਖੜ੍ਹਾ ਹੋਇਆ। ਸੇਲਜ਼ਮੈਨ ਅਜੇ ਪਹਿਲੇ ਗਾਹਕ ਨਾਲ ਹੀ ਮਸਰੂਫ਼ ਸੀ। ਉਸ ਨੇ ਆਲੇ ਦੁਆਲੇ ਦੇਖਿਆ, ਸੱਭ ਆਪੋ ਆਪਣੀ ਖਰੀਦੋ-ਫਰੋਖ਼ਤ ਵਿਚ ਮਸਤ ਸਨ। ਹੋਰਨਾਂ ਦੀ ਨਜ਼ਰ ਤੋਂ ਚੋਰੀ, ਉਸ ਨੇ ਆਪਣੇ ਕੋਟ ਦੀ ਲੰਮੀ ਬਾਂਹ ਦੇ ਓਹਲੇ ਵਿਚ ਟਿਊਬ ਵਿਚਲੇ ਦ੍ਰਵ ਦੀਆਂ ਕੁਝ ਬੂੰਦਾਂ ਚਾਮਚੜਿਕਾਂ ਦੇ ਮੀਟ ਉੱਤੇ ਸੁੱਟ ਦਿੱਤੀਆਂ। ਤੇ ਚੁਪਚੁਪੀਤੇ ਅੱਗੇ ਤੁਰ ਗਿਆ, ਅਜਿਹੇ ਅੰਦਾਜ਼ ਵਿਚ ਜਿਵੇਂ ਉਸ ਨੂੰ ਇਹ ਮੀਟ ਪਸੰਦ ਨਾ ਅਇਆ ਹੋਵੇ।
ਅਗਲੇ ਕਾਂਊਟਰ ਉੱਤੇ ਵੱਡੇ-ਛੋਟੇ ਤੇ ਕਾਲੇ-ਚਿੱਟੇ ਸੱਪ ਵਿਕ ਰਹੇ ਸਨ। ਤੇ ਉਸ ਤੋਂ ਅੱਗੇ ਮੈਕਿਰਲ ਮੱਛੀਆਂ ਵਾਲਾ ਸਟਾਲ ਸੀ। ਉਹ ਅੱਗੇ ਲੰਘ ਗਿਆ। ਕੁਝ ਦੂਰੀ ਉੱਤੇ ”ਸਸਤਾ ਸੂਰ ਦਾ ਮੀਟ” ਹੈਡਿੰਗ ਵਾਲੀ ਦੁਕਾਨ ਉੱਤੇ ਕਾਫ਼ੀ ਭੀੜ ਲੱਗੀ ਹੋਈ ਸੀ। ਉਹ ਵੀ ਇਸੇ ਭੀੜ ਵਿਚ ਜਾ ਵੜ੍ਹਿਆ ਤੇ ਪਹਿਲਾਂ ਵਾਂਗ ਹੀ ਭੇਦਭਰੇ ਅੰਦਾਜ਼ ਵਿਚ ਟਿਊਬ ਵਿਚਲਾ ਬਾਕੀ ਦ੍ਰਵ ਇਸ ਦੁਕਾਨ ਦੇ ਮਾਲ ਉੱਤੇ ਡੋਲ੍ਹ ਦਿੱਤਾ। ਕੰਮ ਪੂਰਾ ਹੁੰਦਿਆਂ ਹੀ ਖੁਸ਼ੀ ਭਰੇ ਜੋਸ਼ ਨਾਲ ਉਹ ਚਹਿਕ ਉੱਠਿਆ। ਤਦ ਹੀ ਚੁਰਚੁਰੀ ਜਿਹੀ ਆਵਾਜ਼ ਸੁਣਾਈ ਦਿੱਤੀ। ਉਸ ਦੇਖਿਆ ਕਿ ਜੋਸ਼ ਜੋਸ਼ ਵਿਚ ਹੱਥਲੀ ਟਿਊਬ ਚੂਰਾ ਚੂਰਾ ਹੋ ਗਈ ਸੀ ਅਤੇ ਉਸ ਵਿਚਲੇ ਦ੍ਰਵ ਦੇ ਕੁੱਝ ਅੰਤਲੇ ਤੁਪਕੇ ਉਸ ਦੇ ਹੱਥ ਨੂੰ ਗਿੱਲਾ ਕਰ ਗਏ ਸਨ। ਚਿਹਰੇ ਉੱਤੇ ਅਚਾਨਕ ਆ ਬੈਠੀ ਮੱਖੀ ਨੂੰ ਉਡਾਉਣ ਲਈ ਜਿਵੇਂ ਹੀ ਉਸ ਚਿਹਰੇ ਨੂੰ ਛੂੰਹਿਆ, ਦ੍ਰਵ ਦਾ ਗਿੱਲਾ ਅਹਿਸਾਸ ਚਿਹਰੇ ਉੱਤੇ ਵੀ ਮਹਿਸੂਸ ਹੋਇਆ।
ਉਹ ਕੰਬ ਗਿਆ।
”ਜਾਪਦਾ ਹੈ। ਮੇਰਾ ਨੰਬਰ ਪਹਿਲਾ ਹੀ ਹੋਵੇਗਾ।” ਉਸ ਕਿਹਾ। ”ਖੈਰ! ਕੁਝ ਵੀ ਵਾਪਰੇ, ਮੈਂ ਤਾਂ ਸ਼ਹੀਦ ਹੀ ਅਖ਼ਵਾਵਾਂਗਾ ।
ਮਾੜ੍ਹਾ ਸੌਦਾ ਨਹੀਂ ਹੈ ਇਹ। ਜੇ ਯੰਗ ਸੂ ਸੱਚ ਕਹਿ ਰਿਹਾ ਸੀ ਤਾਂ ਇਹ ਮੌਤ ਪਤਾ ਨਹੀਂ ਕਿੰਨ੍ਹਾਂ ਕੁ ਦੁਖ ਦੇਵੇਗੀ। ਸ਼ਾਇਦ ਬਹੁਤ ਹੀ ਦੁਰਗਤੀ ਵਾਲੀ ਹੋਵੇਗੀ ਇਹ ।”
ਅਚਾਨਕ ਉਸ ਨੂੰ ਖਿਆਲ ਆਇਆ। ਉਸ ਦਾ ਹੱਥ ਅਜੇ ਵੀ ਗਿੱਲਾ ਸੀ। ਆਪਣੇ ਕਾਰਨਾਮੇ ਨੂੰ ਯਕੀਨਨ ਸਫ਼ਲ ਬਣਾਉਣ ਲਈ ਉਸ ਨੇ ਆਪਣੇ ਗਿੱਲੇ ਹੱਥ ਨੂੰ ਚੱਟ ਲਿਆ।
ਤਦ ਹੀ ਉਸ ਨੂੰ ਫੁਰਨਾ ਫੁਰਿਆ ਕਿ ਹੁਣ ਉਸ ਨੂੰ ਯੰਗ ਸੂ ਤੋਂ ਬਚਣ ਦੀ ਹੋਰ ਲੌੜ ਨਹੀਂ ਹੈ। ਉਹ ਫੂਡ ਮਾਰਕਿਟ ‘ਚੋਂ ਬਾਹਰ ਨਿਕਲ ਆਇਆ। ਹੌਲੇ ਹੌਲੇ ਮਾਰਕਿਟ ਦੀਆਂ ਪੌੜੀਆਂ ਉੱਤਰ ਉਹ ਪਾਰਕਿੰਗ ਵੱਲ ਚਲ ਪਿਆ। ਉਸ ਨੂੰ ਚੱਕਰ ਜਿਹਾ ਆਇਆ ਪਰ ਅਗਲੇ ਹੀ ਪਲ ਉਹ ਸੰਭਲ ਗਿਆ। ”ਕਾਫੀ ਤੇਜ਼ ਜ਼ਹਿਰ ਹੈ ਇਹ।” ਉਸ ਸੋਚਿਆ। ਉਹ ਹੱਥ ਕੱਛਾਂ ਵਿਚ ਤੁੰਨ, ਫੁੱਟਪਾਥ ਉੱਤੇ ਖੜ, ਯੰਗ ਸੂ ਦਾ ਇੰਤਜ਼ਾਰ ਕਰਨ ਲੱਗਾ। ਉਸ ਦੇ ਖੜ੍ਹੇ ਹੋਣ ਦੇ ਢੰਗ ਵਿਚ ਬੇਸ਼ਕ ਕੁਝ ਉਦਾਸੀ ਜਿਹੀ ਝਲਕ ਰਹੀ ਸੀ। ਪਰ ਨੇੜੇ ਆ ਰਹੀ ਮੌਤ ਨੇ ਉਸ ਨੂੰ ਨਿਰਸੰਦੇਹ ਸਵੈਵਿਸ਼ਵਾਸ ਨਾਲ ਭਰ ਦਿੱਤਾ ਸੀ।
ੲੲੲ
ਜਿਵੇਂ ਹੀ ਯੰਗ ਸੂ ਦੀ ਕਾਰ ਪਾਰਕਿੰਗ ਵਿਚ ਪੁੱਜੀ, ਖੁੱਲ ਕੇ ਹਸਦਾ ਹੋਇਆ ਉਹ ਪੂਰੇ ਜੋਸ਼ ਨਾਲ ਯੰਗ ਸੂ ਨੂੰ ਮਿਲਿਆ।
”ਅਰਾਜਕਤਾਵਾਦ ਜ਼ਿੰਦਾਬਾਦ! ਤੂੰ ਬਹੁਤ ਲੇਟ ਹੋ ਗਿਆ ਮੇਰੇ ਦੌਸਤ। ਕਰੋਨਾ-ਵਾਇਰਸ ਤਾਂ ਹਵਾਵਾਂ ਦਾ ਸਵਾਰ ਬਣ ਚੁੱਕਾ ਹੈ।”
ਯੰਗ ਸੂ ਨੇ ਬੈਠੇ ਬਿਠਾਏ ਹੀ, ਕਾਰ ਦੀ ਖਿੜ੍ਹਕੀ ਰਾਹੀਂ ਉਸ ਵੱਲ ਉਤਸੁਕਤਾਪੂਰਨ ਝਾਕਿਆ।”ਓਹ ਬਦਨਸੀਬ ਲੀਓ! ਮੈਨੂੰ ਲਗ ਰਿਹਾ ਹੈ ਕਿ ਤੂੰ ਇਸ ਨੂੰ ਚਟਮ ਕਰ ਗਿਆ ਹੈ।”
ਉਹ ਹੋਰ ਵੀ ਕੁਝ ਕਹਿਣਾ ਚਾਹੁੰਦਾ ਸੀ, ਪਰ ਰੁਕ ਗਿਆ। ਉਸ ਦੇ ਚਿਹਰੇ ਉੱਤੇ ਗੁੱਸੇ ਤੇ ਦੁੱਖ ਦੇ ਰਲੇ-ਮਿਲੇ ਭਾਵ ਸਨ। ਉਸ ਨੇ ਆਪਣੀ ਕਾਰ ਦਾ ਦਰਵਾਜ਼ਾ ਖੋਲਿਆ, ਇੰਝ ਜਾਪਿਆ ਜਿਵੇਂ ਉਹ ਥੱਲੇ ਉਤਰਣ ਲਗਾ ਹੋਵੇ, ਪਰ ਲਿਓ ਬੜੇ ਹੀ ਨਾਟਕੀ ਅੰਦਾਜ਼ ਵਿਚ ਉਸ ਨੂੰ ਅਲਵਿਦਾ ਕਹਿ, ਵੱਡੇ ਵੱਡੇ ਕਦਮ ਪੁੱਟਦਾ ”ਜਾਂਗਤਸੇ ਰਿਵਰ ਬ੍ਰਿਜ਼” ਵੱਲ ਤੁਰ ਗਿਆ। ਜਿਥੇ ਉਹ ਬੜੀ ਚਲਾਕੀ ਨਾਲ ਆਪਣੇ ਲਾਗ ਭਰੇ ਸਰੀਰ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਘਸਰਦਾ ਜਾ ਰਿਹਾ ਸੀ।
ਯੰਗ ਸੂ, ਲੀਓ ਦੀ ਕਾਰਸਤਾਨੀ ਦੇਖਣ ਵਿਚ ਇੰਨਾ ਮਗਨ ਸੀ ਕਿ ਜਦ ਜੂਲੀਆ ਉਸ ਦਾ ਕੋਟ, ਹੈਟ ਤੇ ਬੂਟ ਲੈ ਕੇ ਉਸ ਕੋਲ ਪੁੱਜੀ ਤਾਂ ਉਹ ਜ਼ਰਾ ਜਿੰਨਾਂ ਵੀ ਹੈਰਾਨ ਨਾ ਹੋਇਆ।
”ਤੂੰ ਚੰਗਾ ਕੀਤਾ ਕਿ ਤੂੰ ਮੇਰੀਆਂ ਚੀਜ਼ਾਂ ਲੈ ਆਈ।” ਉਹ ਬੋਲਿਆ, ਤੇ ਦੂਰ ਜਾ ਰਹੇ ਕਾਲੇ ਓਵਰਕੋਟ ਵਾਲੇ ਲੀਓ ਵੱਲ ਤੱਕਣ ਵਿਚ ਹੀ ਮਗਨ ਰਿਹਾ।
ਉਧਰ ਹੀ ਝਾਂਕਦਾ ਉਹ ਬੋਲਿਆ,”ਜੂਲੀਆ! ਕਾਰ ਵਿਚ ਬੈਠ ਜਾ।”
ਜੂਲੀਆ ਨੂੰ ਹੁਣ ਲਗਭਗ ਪੱਕਾ ਵਿਸ਼ਵਾਸ ਹੀ ਹੋ ਗਿਆ ਸੀ ਕਿ ਡਾ. ਯੰਗ ਸੂ ਦਿਮਾਗੀ ਤੌਰ ਉੱਤੇ ਹਿੱਲ ਚੁੱਕਾ ਹੈ। ਇਸ ਲਈ ਉਸ ਨੇ ਟੈਕਸੀ ਵਾਲੇ ਨੂੰ ਵਾਪਸ ਜਾਣ ਲਈ ਆਪੇ ਹੁਕਮ ਚਾੜ੍ਹ ਦਿੱਤਾ।
”ਤੇ ਹੁਣ ਮੈਨੂੰ ਬੂਟ ਵੀ ਪਾਉਣੇ ਪੈਣਗੇ?” ਉਹ ਬੋਲਿਆ। ”ਜ਼ਰੂਰ” ਜੂਲੀਆ ਦੀ ਹਲਕੀ ਜਿਹੀ ਆਵਾਜ਼ ਸੀ। ਤਦ ਹੀ ਟੈਕਸੀ ਨੇ ਮੋੜ ਮੁੜਿਆ ਤੇ ਆਕੜ ਭਰੇ ਅੰਦਾਜ਼ ਨਾਲ ਚਲ ਰਿਹਾ ਕਾਲੇ ਕੋਟ ਵਾਲਾ ਆਕਾਰ ਅੱਖੌਂ ਓਹਲੇ ਹੋ ਗਿਆ।
ਯੰਗ ਸੂ, ਇਕ ਝਟਕੇ ਜਿਹੇ ਨਾਲ, ਜੂਲੀਆ ਵੱਲ ਮੁੜਿਆ ਤੇ ਬੋਲਿਆ, ”ਦਰਅਸਲ, ਬਹੁਤ ਹੀ ਗੰਭੀਰ ਮਸਲਾ ਹੈ ਇਹ।” ”ਉਹ ਆਦਮੀ ਜੋ ਮੈਨੂੰ ਮਿਲਣ ਆਇਆ ਸੀ ਅਸਲ ਵਿਚ ਉਹ ਇਕ ਅਰਾਜਕਤਾਵਾਦੀ ਹੈ।……ਨਹੀਂ ਨਹੀਂ! ਗਸ਼ ਨਾ ਖਾ ਜਾਈ। ਨਹੀਂ ਤਾਂ ਮੈਂ ਤੈਨੂੰ ਬਾਕੀ ਗੱਲ ਨਹੀਂ ਦੱਸ ਸਕਾਂਗਾ। ਮੈਂ ਨਹੀਂ ਸਾਂ ਜਾਣਦਾ ਕਿ ਉਹ ਅਰਾਜਕਤਾਵਾਦੀ ਹੈ। ਮੈਂ ਤਾਂ ਉਸ ਨੂੰ ਹੈਰਾਨ ਕਰਨ ਲਈ, ਦੱਸ ਬੈਠਾ ਕਿ ਮੈਂ ਜੋ ਨਵਾਂ ਵਾਇਰਸ ਤਿਆਰ ਕੀਤਾ ਹੈ।…… ਓਹੀ ਨੋਵਲ ਕਰੋਨਾ ਵਾਇਰਸ, ਜਿਸ ਬਾਰੇ ਮੈਂ ਤੇਰੇ ਨਾਲ ਪਹਿਲਾਂ ਵੀ ਗੱਲ ਕੀਤੀ ਸੀ। ਤੇ ਜਿਸਦੀ ਲਾਗ ਨਾਲ ਕੁੱਕੜੀਆਂ, ਮੁਰਗਾਬੀਆਂ ਤੇ ਚਾਮਚੜਿੱਕਾਂ ਸਹਿਕ ਸਹਿਕ ਕੇ ਦਮ-ਘੁੱਟਵੀੰ ਮੌਤ ਮਰ ਗਈਆਂ ਸਨ। ਮੂਰਖਤਾ ਵੱਸ ਮੈਂ ਕਹਿ ਬੈਠਾ ਕਿ ਇਹ ਹੀ ਹੈ ਮੌਤ ਦਾ ਸੱਭ ਤੋਂ ਸ਼ਕਤੀਸ਼ਾਲੀ ਏਜੰਟ। ਤੇ ਉਹ ਨਾਮੁਰਾਦ ਇਸ ਜ਼ਹਿਰੀਲੇ ਵਾਇਰਸ ਦਾ ਸੈਂਪਲ ਲੈ ਕੇ ਨੱਠ ਗਿਆ, ਸ਼ਹਿਰ ਦੀਆਂ ਹਵਾਵਾਂ ਵਿਚ ਜ਼ਹਿਰ ਘੋਲਣ ਲਈ। ਮੈਨੂੰ ਲੱਗ ਰਿਹਾ ਹੈ ਕਿ ਉਸ ਦੀ ਇਹ ਮਾੜੀ ਕਰਤੂਤ ਕਾਰਣ ਪੂਰੇ ਸ਼ਹਿਰਵਾਸੀਆ ਉੱਤੇ ਮੁਸੀਬਤਾਂ ਦਾ ਪਹਾੜ ਟੁੱਟ ਪਵੇਗਾ। ਜਾਪਦਾ ਹੈ ਉਹ, ਇਸ ਨੂੰ ਖੁਦ ਹੀ ਚਟਮ ਕਰ ਗਿਆ ਹੈ। ਮੈਂ ਨਹੀਂ ਜਾਣਦਾ ਕੀ ਵਾਪਰਣ ਵਾਲਾ ਹੈ? ਪਰ ਇਹ ਤਾਂ ਸੱਚ ਹੀ ਹੈ ਕਿ ਇਸ ਵਾਇਰਸ ਨੇ ਅਨੇਕ ਗਿੰਨੀ ਪਿੱਗਜ਼ ਦੀ ਜਾਨ ਲਈ ਹੈ। ਆਉਣ ਵਾਲੇ ਸਮੇਂ ਬਾਰੇ ਸੋਚ ਕੇ ਮੈਨੂੰ ਹੁਣੇ ਹੀ ਘਬਰਾਹਟ ਹੋ ਰਹੀ ਹੈ। ਨਹੀਂ ਨਹੀਂ! ਮੈਨੂੰ ਧੀਰਜ ਰੱਖਣਾ ਹੋਵੇਗਾ।” ਯੰਗ ਸੂ ਲਗਾਤਾਰ ਬੁੜਬੁੜਾ ਰਿਹਾ ਸੀ। -ਜੂਲੀਆ ਦਾ ਚਿਹਰਾ ਹੈਰਾਨੀ ਤੇ ਪ੍ਰੇਸ਼ਾਨੀ ਵਾਲੇ ਭਾਵਾਂ ਨਾਲ ਰਲ-ਗਡ ਸੀ।
”ਸਾਨੂੰ ਮੌਜੂਦਾ ਹਾਲਾਤ ਉਥੇ ਫੋਕਸ ਕਰਨਾ ਹੋਵੇਗਾ। ਹੋਰ ਮਾਹਿਰਾਂ ਨੂੰ ਵੀ ਆਉਣ ਵਾਲੇ ਹਾਲਾਤਾ ਬਾਰੇ ਸੁਚੇਤ ਕਰਨ ਦੀ ਲੋੜ ਹੋਵੇਗੀ। ਹੋਰ ਤਾਂ ਹੋਰ ਇਸ ਵਕਤ ਦੀ ਸੱਭ ਤੋਂ ਵੱਡੀ ਸਮੱਸਿਆ ਤਾਂ ਹੈ ਉਸ ਵਾਇਰਸ ਦਾ ਐਂਟੀਡੋਟ ਲੱਭਣਾ। ਪਰ ਅਜਿਹਾ ਕਰਨ ਤੋਂ ਪਹਿਲਾਂ ਉਸ ਦਾ ਨਵਾਂ ਸੈਂਪਲ ਵੀ ਤਿਆਰ ਕਰਨਾ ਹੋਵੇਗਾ। ਸੱਚ ਹੀ ਬਹੁਤ ਕੰਮ ਹੈ। ਚਲੋ ਜਲਦੀ ਚਲੋ ਪ੍ਰਯੋਗਸ਼ਾਲਾ ਨੂੰ। ਕਿਧਰੇ ਦੇਰ ਨਾ ਹੋ ਜਾਏ।” ਯੰਗ ਸੂ ਦੇ ਬੋਲ ਸਨ।
ਯੰਗ ਸੂ ਦੇ ਬੋਲ ਸੁਣਦਿਆਂ ਹੀ ਟੈਕਸੀ ਡਰਾਇਵਰ ਨੇ ਕਾਰ ਦੀ ਸਪੀਡ ਹੋਰ ਤੇਜ਼ ਕਰ ਦਿੱਤੀ।
ਪਰ ਆਉਣ ਵਾਲੀ ਆਫ਼ਤ ਤੋਂ ਬੇਖ਼ਬਰ ਮਹਾਂਨਗਰ ਦੇ ਵਾਸੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਵਿਅਸਤ ਸਨ।
(ਸਮਾਪਤ)
ਡਾ. ਡੀ. ਪੀ. ਸਿੰਘ, ਅਧਿਆਪਕ ਅਤੇ ਲੇਖਕ ਹੈ, ਜਿਸ ਦੀਆਂ 21 ਕਿਤਾਬਾਂ ਤੇ ਲਗਭਗ 1000 ਲੇਖ ਤੇ ਕਹਾਣੀਆਂ ਆਦਿ, ਵਿਗਿਆਨ, ਧਰਮ ਅਤੇ ਵਾਤਾਵਰਣ ਦੇ ਖੇਤਰਾਂ ਵਿਚ ਛੱਪ ਚੁੱਕੀਆਂ ਹਨ। ਉਸ ਦੇ 70 ਟੈਲੀਵਿਯਨ ਪ੍ਰੋਗਰਾਮ ਟੈਲੀਕਾਸਟ ਹੋ ਚੁੱਕੇ ਹਨ। ਜੋ ਯੂਟਿਊਬ ਪੇਸ਼ਕਾਰੀਆਂ ਵਜੋਂ ਇੰਟਰਨੈੱਟ ਉੱਤੇ ਵੀ ਉਪਲਬਧ ਹਨ। ਅੱਜ ਕਲ ਉਹ ਕੇਨੈਡਾ ਦੇ ਸ਼ਹਿਰ ਮਿਸੀਸਾਗਾ ਵਿਖੇ ਕੈਂਬ੍ਰਿਜ ਲਰਨਿੰਗ ਸੰਸਥਾ ਦੇ ਡਾਇਰੈਟਰ ਵਜੋਂ ਅਤੇ ਕਈ ਸੈਕੰਡਰੀ ਤੇ ਪੋਸਟ-ਸੈਕੰਡਰੀ ਵਿਦਿਅਕ ਸੰਸੰਥਾਵਾਂ ਦੇ ਐਜੂਕੇਸ਼ਨਲ ਸਲਾਹਕਾਰ ਵਜੋਂ ਸੇਵਾ ਨਿਭਾ ਰਹੇ ਹਨ।

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …