Breaking News
Home / ਨਜ਼ਰੀਆ / ਕਰੋਨਾ ਵਾਇਰਸ ਦੇ ਸਮਿਆਂ ‘ਚ

ਕਰੋਨਾ ਵਾਇਰਸ ਦੇ ਸਮਿਆਂ ‘ਚ

ਹਰਪ੍ਰੀਤ ਸੇਖਾ
ਦੁਨੀਆਂ ਭਰ ਵਿੱਚ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਵਾਲਿਆਂ ਦੀ ਗਿਣਤੀ ਦਸ ਲੱਖ ਦਾ ਅੰਕੜਾ ਪਾਰ ਕਰ ਗਈ ਹੈ। ਇਹ ਸੰਖਿਆ ਸਿਰਫ਼ ਉਨ੍ਹਾਂ ਦੀ ਹੈ, ਜਿਨ੍ਹਾਂ ਨੂੰ ਟੈਸਟ ਕੀਤਾ ਗਿਆ ਹੈ; ਕਰੋਨਾ ਤੋਂ ਪ੍ਰਭਾਵਿਤ ਪਰ ਟੈਸਟ ਤੋਂ ਖੁੰਝਿਆਂ ਦੀ ਗਿਣਤੀ ਇਸ ਤੋਂ ਵੱਖਰੀ ਹੋਵੇਗੀ। ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਹੈ। ਹੁਣ ਤੱਕ ਸਭ ਤੋਂ ਵੱਧ ਮਾਰ ਅਮਰੀਕਾ, ਚੀਨ, ਇਟਲੀ, ਸਪੇਨ, ਜਰਮਨੀ,ਫਰਾਂਸ ‘ਤੇ ਪਈ ਹੈ। ਇਹ ਵਾਇਰਸ ਇੱਕ ਤੋਂ ਦੂਜੇ ਤੱਕ ਪਹੁੰਚਦਾ ਹੈ। ਇਸ ਦੀ ਲੜੀ ਨੂੰ ਤੋੜਣ ਲਈ ਸਰਕਾਰਾਂ ਇੱਕ ਦੂਜੇ ਤੋਂ ਛੇ ਫੁੱਟ ਦੀ ਦੂਰੀ ‘ਤੇ ਰਹਿਣ ਲਈ ਆਖ ਰਹੀਆਂ ਹਨ। ਲੋਕਾਂ ਨੂੰ ਘਰਾਂ ਅੰਦਰ ਰਹਿਣ ਦੇ ਆਦੇਸ਼ ਹਨ। ਕੈਨੇਡਾ ਵਿੱਚ ਸਕੂਲ ਬੰਦ ਹਨ। ਬੱਚੇ ਘਰਾਂ ਅੰਦਰ ਤੜੇ ਅੱਕਲਕਾਨ ਹੋਏ ਪਏ ਹਨ। ਕਾਲਜ- ਯੂਨੀਵਰਸਿਟੀਆਂ ਦੇ ਵਿਦਿਆਰਥੀ ਘਰ ਬੈਠੇ ਹੀ ਆਨ-ਲਾਈਨ ਪੜ੍ਹਾਈ ਕਰ ਰਹੇ ਹਨ। ਬਹੁਤ ਸਾਰੇ ਕੰਮ ਬੰਦ ਹੋ ਗਏ ਹਨ; ਲਾਇਬਰੇਰੀਆਂ, ਜਿੰਮ, ਪੱਬ , ਅੰਤਰ ਰਾਸ਼ਟਰੀ ਆਵਾਜਾਈ ਤਕਰੀਬਨ ਠੱਪ ਹੀ ਹੈ। ਸਟਾਕ ਮਾਰਕੀਟ ਨੂੰ ਜ਼ਬਰਦਸਤ ਝਟਕੇ ਲੱਗੇ ਹਨ। ਲੋਕਾਂ ਦੀ ਜਮ੍ਹਾਂ ਪੂੰਜੀ ਸੁੰਘੜ ਗਈ ਹੈ। ਕਈ ਥਾਵੀਂ ਮੁੰਕਮਲ ਬੰਦ ਹੈ। ਸਾਡੇ ਸੂਬੇ, ਬ੍ਰਿਟਿਸ਼ ਕੋਲੰਬੀਆ, ਵਿੱਚ ਪੂਰੀ ਤਰ੍ਹਾਂ ਬੰਦ ਨਹੀਂ ਹੈ। ਅੱਧ-ਪਚੱਦੇ ਕੰਮ ਚੱਲ ਰਹੇ ਹਨ। ਕਈ ਲੋਕ ਘਰਾਂ ਤੋਂ ਹੀ ਕੰਮ ਕਰ ਰਹੇ ਹਨ। ਸੜਕਾਂ ਉੱਪਰ ਵਿਰਲੀ-ਟਾਵੀਂ ਕਾਰ ਦਿਸਦੀ ਹੈ। ਕਨੇਡਾ ਦੀ ਕੇਂਦਰ ਸਰਕਾਰ ਨੇ ਇਸ ਵਾਇਰਸ ਕਾਰਣ ਘਰ ਬੈਠੇ ਵਾਸੀਆਂ ਨੂੰ ਦੋ ਹਜ਼ਾਰ ਡਾਲਰ ਤੱਕ ਦਾ ਭੱਤਾ ਦੇਣ ਦਾ ਐਲਾਨ ਕੀਤਾ ਹੈ। ਕਾਰੋਬਾਰਾਂ ਨੂੰ ਚੱਲਦੇ ਰੱਖਣ ਲਈ ਕਾਮਿਆਂ ਨੂੰ ਪੰਝੰਤਰ ਪ੍ਰਤੀਸ਼ਤ ਤੱਕ ਦੀਆਂ ਤਨਖਾਹਾਂ ਸਰਕਾਰੀ ਖਜ਼ਾਨੇ ‘ਚੋ ਦੇਣ ਦਾ ਐਲਾਨ ਕੀਤਾ ਹੈ। ਸੂਬੇ ਦੀ ਸਰਕਾਰ ਨੇ ਪ੍ਰਭਾਵਤ ਕਿਰਾਏਦਾਰਾਂ ਨੂੰ ਮਕਾਨ ਦਾ ਕਰਾਇਆ ਦੇਣ ਲਈ ਪੰਜ ਸੌ ਡਾਲਰ ਤੱਕ ਦੀ ਸਹਾਇਤਾ ਦੇਣ ਦੀ ਘੋਸ਼ਨਾ ਕੀਤੀ ਹੈ। ਇਸ ਸਮੇਂ ਦੌਰਾਨ ਕਿਰਾਇਆ ਨਾ ਮਿਲਣ ਦੀ ਸੂਰਤ ਵਿੱਚ ਮਕਾਨ ਮਾਲਕ ਕਿਰਾਏਦਾਰ ਨੂੰ ਕੱਢ ਨਹੀਂ ਸਕੇਗਾ। ਵਿਆਜ ਦੀ ਦਰ ਘਟਾ ਦਿੱਤੀ ਗਈ ਹੈ। ਹੋਰ ਬਹੁਤ ਸਾਰੀਆਂ ਛੋਟਾਂ ਦੇ ਐਲਾਨ ਹੋਏ ਹਨ। ਪ੍ਰਧਾਨ ਮੰਤਰੀ , ਜਸਟਿਨ ਟਰੂਡੋ ਹਰ ਰੋਜ਼ ਦੇਸ਼ ਵਾਸੀਆਂ ਨੂੰ ਸੰਬੋਧਨ ਕਰਕੇ ਭਰੋਸਾ ਦਿੰਦਾ ਹੈ ਕਿ ਇਸ ਸਮੇਂ ਦੌਰਾਨ ਸਰਕਾਰ ਕਿਸੇ ਨੂੰ ਭੁੱਖਾ ਨਹੀਂ ਮਰਨ ਦੇਵੇਗੀ ਨਾ ਕਿਸੇ ਨੂੰ ਬੇਘਰ ਹੋਣ ਦੇਵੇਗੀ। ਸੂਬੇ ਦਾ ਸਿਹਤ ਮੰਤਰੀ ਤੇ ਸਿਹਤ ਅਫ਼ਸਰ ਨਾਗਰਿਕਾਂ ਨੂੰ ਇਸ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੇ ਅੰਕੜੇ ਦੱਸਦੇ ਹਨ ਤੇ ਸਾਵਧਾਨੀ ਵਰਤਣ ਦੇ ਆਦੇਸ਼ ਦਿੰਦੇ ਹਨ। ਕਿਸੇ ਸੰਭਾਵੀ ਐਮਰਜੈਂਸੀ ਲਈ ਵੈਨਕੂਵਰ ਕਨਵੈਨਸ਼ਨ ਸੈਂਟਰ ਵਿੱਚ ਆਰਜ਼ੀ ਹਸਪਤਾਲ ਤਿਆਰ ਕਰ ਲਿਆ ਹੈ। ਬੱਸਾਂ ਦੇ ਕਿਰਾਏ ਮੁਆਫ ਕਰ ਦਿੱਤੇ ਹਨ। ਬੱਸ ਡਰਾਈਵਰਾਂ ਦੇ ਬਚਾਅ ਲਈ ਪਿਛਲੇ ਦਰਵਾਜ਼ੇ ਰਾਹੀਂ ਹੀ ਬੱਸ ਵਿੱਚ ਚੜ੍ਹਣ-ਉਤਰਨ ਦੇ ਆਦੇਸ਼ ਹਨ। ਕਰੋਨਾ ਦੀ ਆਮਦ ਦੇ ਪਹਿਲੇ ਕੁਝ ਦਿਨਾਂ ਦੌਰਾਨ ਲੋਕਾਂ ਵਿੱਚ ਚੀਜਾਂ ਇਕੱਠੀਆਂ ਕਰਨ ਲਈ ਆਪੋ-ਧਾਪੀ ਪੈ ਗਈ ਸੀ। ਸਟੋਰਾਂ ਵਿੱਚ ਸ਼ੈਲਫਾਂ ਖਾਲੀ ਹੋ ਗਈਆਂ ਸਨ ਤੇ ਘਰਾਂ ਦੀਆਂ ਤੂਸੀਆਂ ਗਈਆਂ। ਸਰਕਾਰ ਦੇ ਵਾਰ ਵਾਰ ਦੁਹਾਈ ਦੇਣ ਕਿ ਖਾਣ-ਪੀਣ ਦੀਆਂ ਵਸਤਾਂ ਵਿੱਚ ਕਮੀ ਨਹੀਂ ਆਵੇਗੀ, ਲੋਕਾਂ ਵਿੱਚ ਅਫਰਾ-ਤਫਰੀ ਮੱਚ ਗਈ ਸੀ। ਖਾਣ-ਪੀਣ ਦੀਆਂ ਵਸਤਾਂ ਤੋਂ ਇਲਾਵਾ ਟਾਇਲਟ ਪੇਪਰ, ਹੈਂਡ ਸੈਨੇਟਾਈਜ਼ਰ ਤੇ ਲਾਈਸੋਲ ਡਿਸਇਨਫੈਕਟਿੰਗ ਵਾਈਪਸ ‘ਤੇ ਸਟੋਰਾਂ ਵਿੱਚ ਹੂੰਝਾ ਫਿਰ ਗਿਆ। ਕੈਨੇਡਾ ਦੇ ਮੀਡੀਆ ਅਤੇ ਸੋਸ਼ਲ ਮੀਡੀਆ ‘ਤੇ ਇੱਕ ਕਾਰੋਬਾਰੀ ਜੋੜੇ ਦੀ ਚਰਚਾ ਸੀ, ਜਿਨ੍ਹਾਂ ਨੇ ਇਹ ਵਸਤਾਂ ਖਰੀਦ ਕੇ ਅੱਗੇ ਆਨ ਲਾਈਨ ਮਹਿੰਗੇ ਭਾਅ ਵੇਚਣ ਦਾ ਕਾਰੋਬਾਰ ਆਰੰਭ ਲਿਆ। ਕੁਝ ਲੋਕ ਮਾਸਕ ਖਰੀਦ ਕੇ ਮਹਿੰਗੇ ਭਾਅ ਵੇਚਣ ਲੱਗੇ। ਇਸ ਤਰ੍ਹਾਂ ਕਰਦੇ ਕੁਝ ਪੱਤਰਕਾਰਾਂ ਦੇ ਅੜਿੱਕੇ ਆ ਗਏ ਤੇ ਫਿਰ ਪੁਲਿਸ ਦੇ। ਸਰਕਾਰ ਨੇ ਅਜੇਹੀਆਂ ਚੀਜਾਂ ਤੋਂ ਮੁਨਾਫਾ ਕਮਾਉਣ ਵਾਲਿਆਂ ਨੂੰ ਇਸ ਤਰ੍ਹਾਂ ਨਾ ਕਰਨ ਦੀ ਚਿਤਾਵਨੀ ਦਿੱਤੀ । ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਲਾਹਨਤਾਂ ਪਾਈਆਂ । ਓਨਟੇਰੀਓ ਸੂਬੇ ਦੇ ਪ੍ਰੀਮੀਅਰ ਨੇ ਅਜੇਹੇ ਮੁਨਾਫਾਖੋਰਾਂ ਨੂੰ ਕਰੜੇ ਹੱਥੀਂ ਲੈਣ ਦੀ ਸਖਤ ਤਾੜਣਾ ਕੀਤੀ । ਇਸ ਤਰ੍ਹਾਂ ਦੀਆਂ ਖਬਰਾਂ ਵੀ ਆਈਆਂ ਕਿ ਸੁੰਨ- ਸਰਾਂ ਦਾ ਫਾਇਦਾ ਲੈਂਦਿਆਂ ਚੋਰਾਂ ਨੇ ਕੁਝ ਬੰਦ ਪਏ ਸਟੋਰਾਂ ਨੂੰ ਸੰਨ੍ਹਾਂ ਲਾ ਲਈਆਂ। ਡੈਲਟਾ ਸ਼ਹਿਰ ਵਿੱਚ ਕਿਸੇ ਨੇ ਅਜੇਹੀ ਮਹਾਂਮਾਰੀ ਦੌਰਾਨ ਐਂਬੂਲੈਂਸ ਦੀ ਮਹਤੱਤਾ ਦੀ ਪਰਵਾਹ ਨਾ ਕਰਦਿਆਂ ਤਿੰਨ ਖੜ੍ਹੀਆਂ ਐਂਬੂਲੈਂਸਾਂ ਵਿੱਚੋਂ ਕਬਾੜੀਆਂ ਨੂੰ ਵੇਚਣ ਲਈ Catalytic converters ਕੈਟਾਲਿਟਿਕ ਕਨਵਰਟਰ ਲਾਹ ਲਏ, ਜਿਹੜੇ ਗੈਸਾਂ ਦੇ ਨਿਕਾਸ ਕਾਰਣ ਫੈਲਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਲਈ ਲਾਏ ਹੁੰਦੇ ਹਨ।
28 ਮਾਰਚ ਦੇ ਇਕ ਅਖਬਾਰ ਵਿੱਚ ਮਹਾਂਮਾਰੀ ਦੌਰਾਨ ਕਨੇਡਾ ਵਿੱਚ ਨਵੇਂ ਪਰਵਾਸੀਆਂ ਦੀ ਆਮਦ ‘ਤੇ ਵਿਰਾਮ ਲੱਗਣ ਬਾਰੇ ਲੇਖ ਛਪਿਆ। ਇਸ ਦੇ ਪ੍ਰਤੀਕਰਮ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਨਵੇਂ ਪਰਵਾਸੀਆਂ ਦੀ ਆਮਦ ‘ਤੇ ਪੱਕਾ ਵਿਰਾਮ ਲਾਉਣ ਦੀ ਮੰਗ ਕੀਤੀ ਗਈ। ਕੁਝ ਨੇ ਪੂਰਬ ਵੱਲੋਂ ਆਉਣ ਵਾਲੇ ਪਰਵਾਸੀਆਂ ਨੂੰ ਬਿਮਾਰੀਆਂ ਫੈਲਾਉਣ ਵਾਲੇ ਤੇ ਕਨੇਡਾ ਦੇ ਵੈਲਫੇਅਰ ਦਾ ਨਜਾਇਜ਼ ਫਾਇਦਾ ਲੈਣ ਵਾਲੇ ਗਰਦਾਨਿਆਂ। ਆਮ ਦਿਨਾਂ ਦੌਰਾਨ ਅਜੇਹੇ ਪ੍ਰਤੀਕਰਮ ਦੇਣ ਵਾਲਿਆਂ ਨੂੰ ‘ਰੇਸਿਸਟ’ ਆਖ ਕੇ ਬਹੁਤ ਸਾਰੇ ਉਨ੍ਹਾਂ ਵਿਰੁੱਧ ਨਿੱਤਰ ਆਉਂਦੇ ਹਨ ਪਰ ਇਸ ਲੇਖ ਦੇ ਪ੍ਰਤੀਕਰਮ ਦੇਣ ਵਾਲਿਆਂ ਵਿਰੁੱਧ ਇੱਕ-ਅੱਧ ਆਵਾਜ਼ ਹੀ ਉੱਭਰੀ। ਸਰਕਾਰ ਦੇ ਇਕੱਠ ਕਰਨ ਦੀ ਮਨਾਹੀ ਦੇ ਆਦੇਸ਼ ਦੇ ਬਾਵਜੂਦ ਕੁਝ ਲੋਕ ਇਕੱਠੇ ਹੋ ਕੇ ਵਿਆਹ ਦੇ ਜਸ਼ਨ ਮਨਾਉਂਦੇ ਫੜੇ ਗਏ। ਡੈਲਟਾ ਸ਼ਹਿਰ ‘ਚ ਹੌਟ ਯੋਗਾ ਸਟੂਡੀਓ ਦੇ ਮਾਲਕ ਨੇ ਸਰਕਾਰ ਦੇ ਹੁਕਮਾਂ ਦੀ ਪਰਵਾਹ ਨਾ ਕਰਦੇ ਹੋਏ ਕਲਾਸਾਂ ਜਾਰੀ ਰੱਖੀਆਂ। ਉਸਦਾ ਦਾਅਵਾ ਸੀ ਕਿ ਗਰਮੀ ਕਰੋਨਾ ਵਾਇਰਸ ਨੂੰ ਮਾਰ ਦਿੰਦੀ ਹੈ। ਉਸਦੇ ਇਨ੍ਹਾਂ ਝੂਠੇ ਦਾਅਵਿਆਂ ਕਰਕੇ ਉਸਦੇ ਕਾਰੋਬਾਰ ਦਾ ਲਾਈਸੰਸ ਰੱਦ ਹੋ ਗਿਆ।
ਇਨ੍ਹਾਂ ਦਿਨਾਂ ਵਿੱਚ ਘਰੇਲੂ ਹਿੰਸਾ ਵਿੱਚ ਵਾਧਾ ਹੋਣ ਦੀਆਂ ਖ਼ਬਰਾਂ ਹਨ। ਵੈਨਕੂਵਰ ਵਿੱਚ ਹਿੰਸਾ ਦਾ ਸ਼ਿਕਾਰ ਔਰਤਾਂ ਦੀ ਸਹਾਇਤਾ ਲਈ ਸਥਾਪਿਤ ਕੀਤੀ ਗਈ ਫੋਨ ਲਾਈਨ ਉੱਪਰ ਪਿਛਲੇ ਤਿੰਨ ਹਫ਼ਤਿਆਂ ਦੌਰਾਨ ਤਿੰਨ ਸੌ ਪ੍ਰਤੀਸ਼ਤ ਵਾਧਾ ਹੋਇਆ ਹੈ।
ਮੰਤਰੀਆਂ ਅਤੇ ਸਿੇਹਤ ਅਫਸਰਾਂ ਦੇ ਨਾਲ ਪੱਤਰਕਾਰਾਂ ਦੇ ਰੋਜ਼ਾਨਾ ਸਨਮੁੱਖ ਹੁੰਦੇ ਸਾਈਨ ਲੈਂਗੂਏਜ਼ ਇੰਟਰਪਰੈਟਰ ਲੋਕਾਂ ਲਈ ਜਾਣੇ-ਪਹਿਚਾਣੇ ਚੇਹਰੇ ਬਣ ਗਏ ਹਨ। ਬੀ ਸੀ ਦੀ ਸੇਹਤ ਅਫਸਰ ਦਾਕਟਰ ਬੋਨੀ ਹੈਨਰੀ ਨਾਲ ਨਿਜਲ ਹੋਵਅਰਡ ਆਪਣੇ ਭਾਵਪੂਰਤ ਸਟਾਈਲ ਕਾਰਣ ਬਹੁਤ ਹਰਮਨ ਪਿਆਰਾ ਹੋ ਗਿਆ ਹੈ। ਫੇਸਬੁੱਕ ‘ਤੇ ਬਣੇ ਉਸਦੇ ਫੈਨ ਕਲੱਬ ਨੇ ਉਸ ਨੂੰ ‘ਸਾਈਨ ਲੈਂਗੂਏਜ਼ ਹੀਰੋ’ ਦੀ ਉਪਾਧੀ ਦੇ ਦਿੱਤੀ ਹੈ।
ਫੂਡ ਬੈਂਕ, ਮੀਲਜ਼ ਆਨ ਵੀਲ੍ਹਜ਼, ਗੁਰੂ ਨਾਨਕਜ਼ ਫਰੀ ਕਿਚਨ ਤੇ ਹੋਰ ਬਹੁਤ ਸਾਰੀਆਂ ਸਮਾਜਸੇਵੀ ਸੰਸਥਾਵਾਂ ਲੋੜਵੰਦਾਂ ਦੀ ਸਹਾਇਤਾ ਲਈ ਹੋਰ ਸਰਗਰਮ ਹੋਈਆਂ ਹਨ। ਕੈਲਗਿਰੀ ਦੀ ਸੰਸਥਾ, ਲਿਫਟਓਵਰਜ਼ ਲੋਕਾਂ ਦੀਆਂ ਨਜ਼ਰਾਂ ਵਿੱਚ ਆਈ, ਜਿਹੜੀ ਰੈਸਟੋਰੈਂਟਾਂ ਤੋਂ ਬਚਿਆ ਭੋਜਨ ਇਕੱਠਾ ਕਰਦੇ ਹਨ ਅਤੇ ਲੋੜਵੰਦਾਂ ਨੂੰ ਪਹੁੰਚਾਉਂਦੇ ਹਨ। ਉਨ੍ਹਾਂ ਨੇ 12,200 ਕਿਲੋ ਭੋਜਨ ਇਕੱਠਾ ਕਰਕੇ ਲੋੜਵੰਦਾਂ ਤੱਕ ਪਹੁੰਚਾਇਆ। ਕੈਲਗਿਰੀ ਸਥਿਤ ਇਕ ਸਰਵੇਖਣ ਕੰਪਨੀ ਦੇ ਸਰਵੇਖਣ ਅਨੁਸਾਰ ਇਸ ਮਹਾਂਮਾਰੀ ਤੋਂ ਬਾਅਦ ਕਨੇਡੀਅਨ ਲੋਕ ਇਕ-ਦੂਜੇ ਪ੍ਰਤੀ ਹੋਰ ਦਿਆਲੂ ਬਣਨਗੇ। ਇਸੇ ਸਰਵੇਖਣ ਮੁਤਾਬਕ ਇਸ ਮਹਾਂਮਾਰੀ ਦੇ ਪ੍ਰਭਾਵ ਨਾਲ ਨਿਜੱਠਣ ਲਈ ਜਨਰੇਸ਼ਨ ਜ਼ੈੱਡ, 1997 ਤੋਂ 2012 ਦੇ ਵਿਚਕਾਰ ਜਨਮਿਆਂ, ਵਿੱਚੋਂ ਸਤਾਈ ਪ੍ਰਤੀਸ਼ਤ ਦਾ ਝੁਕਾਅ ਧਾਰਮਿਕ ਹੋਣ ਵੱਲ ਹੋਇਆ ਹੈ ਤੇ ਅਠੱਤੀ ਪ੍ਰਤੀਸ਼ਤ ਨੇ ਮਹਿਸੂਸ ਕੀਤਾ ਕਿ ਉਹ ਅਜਨਬੀਆਂ ਦੀ ਹੋਰ ਸਹਾਇਤਾ ਕਰਨ ਵੱਲ ਝੁਕੇ ਹਨ।
ਡਾਕਟਰ, ਨਰਸਾਂ ਅਤੇ ਸੇਹਤ ਖੇਤਰ ਵਿੱਚ ਕੰਮ ਕਰਨ ਵਾਲੇ ਹੋਰ ਕਾਮਿਆਂ, ਗਰੋਸਰੀ ਸਟੋਰਾਂ ਵਿੱਚ ਕੰਮ ਕਰਨ ਵਾਲਿਆਂ ਉੱਪਰ ਨੌਕਰੀ ਦੀ ਜ਼ਿੰਮੇਵਾਰੀ ਵਧ ਗਈ ਹੈ। ਉਨ੍ਹਾਂ ਨੂੰ ਓਵਰ ਟਾਈਮ ਕਰਨਾ ਪੈ ਰਿਹਾ ਹੈ। ਉਨ੍ਹਾਂ ਦੀ ਹੌਂਸਲਾ ਅਫ਼ਜਾਈ ਲਈ ਸ਼ਾਮ ਨੂੰ ਸੱਤ ਵਜੇ ਲੋਕ ਬਰਤਨ ਖੜਕਾਉਂਦੇ ਹਨ। ਵੈਨਕੂਵਰ ਦੀ ਇਤਿਹਾਸਕ ਨਾਈਨ ਓ ਕਲਾਕ ਗੰਨ ਨੌਂ ਵਜੇ ਦੀ ਥਾਂ ਸੱਤ ਵਜੇ ਫਾਇਰ ਕਰਨ ਲੱਗੀ ਹੈ।
ਜਿਹੜੇ ਲੋਕਾਂ ਨੂੰ ਕੰਮ ਦੇ ਰੁਝੇਵਿਆਂ ਵਿੱਚ ਆਪਣੇ ਬੱਚਿਆਂ ਨਾਲ ਸਮਾਂ ਬਿਤਾਉਣ ਦਾ ਮੌਕਾ ਨਹੀਂ ਸੀ ਮਿਲਦਾ, ਉਨ੍ਹਾਂ ਅੰਦਰਲਾ ਬਚਪਨ ਜਾਗ ਪਿਆ ਹੈ। ਉਹ ਬੱਚਿਆਂ ਨਾਲ ਖੇਡਦੇ ਹਨ। ਮੇਰੇ ਇੱਕ ਦੋਸਤ ਨੂੰ ਪੱਚੀ ਸਾਲ ਹੋ ਗਏ ਹਨ ਕੈਨੇਡਾ ਆਇਆਂ। ਉਹ ਆਖਦਾ ਹੈ, ”ਪਹਿਲਾਂ ਕਦੇ ਸਿਹਤ ਵੱਲ ਧਿਆਨ ਹੀ ਨਹੀਂ ਸੀ ਗਿਆ। ਹੁਣ ਸਵੇਰੇ ਸੱਤ ਕਿਲੋਮੀਟਰ ਸੈਰ ਕਰਦਾ ਹਾਂ। ਦਸ ਕਿਲੋ ਵਜ਼ਨ ਘਟਾ ਲਿਆ ਹੈ। ਆਵਦੇ ਟਾਈਮ ਨਾਲ ਸੌਈਂਦੈ, ਮਰਜੀ ਨਾਲ ਉੱਠੀਦੈ। ਕਈ ਕਿਤਾਬਾਂ ਪੜ੍ਹੀਆਂ। ਏਹੋ ਜਿਹੀ ਬੇਫਿਕਰੀ ਤਾਂ ਕਾਲਜ ਪੜ੍ਹਦਿਆਂ ਹੁੰਦੀ ਸੀ।”
ਅੰਗ੍ਰੇਜ਼ੀ ਦੇ ਵਰਚੂਅਲ ਸ਼ਬਦ ਦੀ ਵਰਤੋਂ ਵਧ ਗਈ ਹੈ। ਲੋਕ ਆਪਣੇ ਪਿਆਰਿਆਂ ਦੀ ਹੋਂਦ ਮਹਿਸੂਸ ਕਰਨ ਲਈ ਵਰਚੂਅਲ ਲੰਚ/ਡਿਨਰ(ਆਪਣੇ ਆਪਣੇ ਟਿਕਾਣੇ ‘ਤੇ ਬੈਠੇ ਇੱਕੋ ਵੇਲੇ ਭੋਜਨ ਖਾਂਦੇ ਹਨ), ਵਰਚੂਅਲ ਹਗ, ਵਰਚੂਅਲ ਸੰਗਤ ਕਰਨ ਲੱਗੇ ਹਨ।
ਮੇਰੇ ਭਾਣਜੇ ਦੀ ਸੱਤ ਸਾਲਾ ਬੇਟੀ ਫੋਨ ਰਾਹੀਂ ਮੈਂਨੂੰ ਅੰਗ੍ਰੇਜ਼ੀ ਵਿੱਚ ਆਖਦੀ ਹੈ, ”ਬਾਬਾ ਜੀ, ਜਦੋਂ ਇਹ ਕਰੋਨਾ ਮੁੱਕ ਗਿਆ, ਮੈਂ ਤੁਹਾਨੂੰ ਸੱਚੀਂ-ਮੁੱਚੀ ਜੱਫੀ ਪਾਉਂਗੀ, ਉਦੋਂ ਤੱਕ ਆਹ ਲਵੋ ਐਵੇਂ ਮੁੱਚੀ ਦੀ।” ਉਹ ਬਾਹਾਂ ਆਪਣੇ ਦੁਆਲੇ ਵਲ਼ ਲੈਂਦੀ ਹੈ। ਉਸਦੇ ਕਹਿਣ ਵਿੱਚ ਐਨਾ ਪਿਆਰ ਹੈ ਕਿ ਮੈਨੂੰ ਉਸਦਾ ‘ਵਰਚੂਅਲ ਹਗ’ ਸੱਚੀਂ-ਮੁੱਚੀਂ ਦੀ ਜੱਫੀ ਨਾਲੋਂ ਵੀ ਜਿਆਦਾ ਚੰਗਾ ਲਗਦਾ ਹੈ।

778-231-1189

Check Also

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …