Breaking News
Home / ਭਾਰਤ / ਟੀ-20 ਕ੍ਰਿਕਟ ਮੈਚ ‘ਚ ਮੋਹਿਤ ਨੇ ਸਿਰਜਿਆ ਇਤਿਹਾਸ

ਟੀ-20 ਕ੍ਰਿਕਟ ਮੈਚ ‘ਚ ਮੋਹਿਤ ਨੇ ਸਿਰਜਿਆ ਇਤਿਹਾਸ

300 ਦੌੜਾਂ ਦੀ ਖੇਡੀ ਨਾਬਾਦ ਪਾਰੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਕੌਮੀ ਰਾਜਧਾਨੀ ਦੇ ਇੱਕ ਸਥਾਨਕ ਟੂਰਨਾਮੈਂਟ ਵਿਚ ਇੱਕ ਨੌਜਵਾਨ ਬੱਲੇਬਾਜ਼ ਮੋਹਿਤ ਅਹਿਲਾਵਤ ਨੇ 72 ਗੇਂਦਾਂ ਵਿਚ 300 ਦੌੜਾਂ ਦੀ ਨਾਬਾਦ ਪਾਰੀ ਖੇਡੀ, ਜਿਸ ਵਿਚ ਉਸ ਦੇ 14 ਚੌਕੇ ਤੇ 39 ਛੱਕੇ ਸ਼ਾਮਲ ਹਨ। ਮੋਹਿਤ ਨੇ ਇਹ ਕਾਰਨਾਮਾ ਦਿੱਲੀ ਵਿਚ ਚੱਲ ਰਹੀ ਫਰੈਂਡਜ਼ ਪ੍ਰੀਮੀਅਰ ਲੀਗ ਦੇ ਇੱਕ ਮੈਚ ਵਿਚ ਕੀਤਾ। ਮੋਹਿਤ ਦੀ ਟੀਮ ਮਾਵੀ ਇਲੈਵਨ ਨੇ ਇਸ ਮੈਚ ਵਿਚ 416 ਦੌੜਾਂ ਦਾ ਰਿਕਾਰਡ ਸਕੋਰ ਬਣਾਇਆ ਤੇ ਵਿਰੋਧੀ ਟੀਮ ਫਰੈਂਡਜ਼ ਇਲੈਵਨ ਨੂੰ 216 ਦੌੜਾਂ ਨਾਲ ਮਾਤ ਦਿੱਤੀ।
ਮੋਹਿਤ ਦੀ ਰਿਕਾਰਡ ਤੋੜ ਪਾਰੀ ਦੀ ਬਦੌਲਤ ਮਾਵੀ ਇਲੈਵ ਨੇ 20 ਓਵਰਾਂ ਵਿਚ ਦੋ ਵਿਕਟਾਂ ‘ਤੇ 416 ਦੌੜਾਂ ਦਾ ਰਿਕਾਰਡ ਸਕੋਰ ਬਣਾਇਆ। ਇਸ ਸਕੋਰ ਵਿੱਚ ਗੌਰਵ ਦਾ 86 ਦੌੜਾਂ ਦਾ ਯੋਗਦਾਨ ਰਿਹਾ। ਇਸ ਪਹਾੜ ਜਿੱਡੇ ਸਕੋਰ ਦੇ ਜਵਾਬ ਵਿੱਚ ਫਰੈਂਡਜ਼ ਇਲੈਵਨ ਦੀ ਟੀਮ 13 ਓਵਰਾਂ ਵਿਚ 200 ਦੌੜਾਂ ‘ਤੇ ਸਿਮਟ ਗਈ ਅਤੇ ਉਸ ਨੂੰ 216 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਅੰਕਿਤ ਕੁਮਾਰ ਨੇ 75 ਦੌੜਾਂ ਬਣਾਈਆਂ। ਨਾਬਾਦ 300 ਦੌੜਾਂ ਦੀ ਆਪਣੀ ਪ੍ਰਾਪਤੀ ਤੋਂ ਖੁਸ਼ ਦਿੱਲੀ ਯੂਨੀਵਰਸਿਟੀ ਦੇ ਖਾਲਸਾ ਕਾਲਜ ਵਿਚ ਆਖਰੀ ਸਾਲ ਦੇ ਵਿਦਿਆਰਥੀ ਮੋਹਿਤ ਨੇ ਕਿਹਾ ਕਿ ਜਦੋਂ ਉਹ 250 ਦੇ ਸਕੋਰ ਨੇੜੇ ਪਹੁੰਚ ਗਿਆ ਸੀ ਤਾਂ ਉਸ ਸਮੇਂ ਤਿੰਨ ਓਵਰ ਬਾਕੀ ਸੀ ਤੇ ਉਸ ਨੂੰ ਲੱਗ ਰਿਹਾ ਸੀ ਕਿ ਉਹ ਤੀਹਰਾ ਸੈਂਕੜਾ ਬਣਾ ਸਕਦਾ ਹੈ। ਇਸ ਤੋਂ ਪਹਿਲਾ ਟੀ-20 ਵਿਚ ਉਸ ਦਾ ਸਰਵੋਤਮ ਸਕੋਰ 158 ਦੌੜਾਂ ਸੀ ਜੋ ਉਸ ਨੇ ਡੀਡੀਸੀਏ ਲੀਗ ਵਿਚ ਬਣਾਇਆ ਸੀ।

Check Also

ਪਿ੍ਅੰਕਾ ਗਾਂਧੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ

ਪਹਿਲੀ ਵਾਰ ਲੋਕ ਸਭਾ ਮੈਂਬਰ ਬਣੀ ਹੈ ਪਿ੍ਰਅੰਕਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਸੰਸਦ ਦੇ ਸਰਦ …