Breaking News
Home / ਰੈਗੂਲਰ ਕਾਲਮ / ਕਥਾਵਾਂ ਹੋਈਆਂ ਲੰਮੀਆਂ

ਕਥਾਵਾਂ ਹੋਈਆਂ ਲੰਮੀਆਂ

ਭਾਗ ਦੂਜਾ

ਇੰਗਲੈਂਡ ਵਿਚ ਖੁਸ਼ੀਆਂ ਭਰੇ 20 ਦਿਨ
ਜਰਨੈਲ ਸਿੰਘ
(ਕਿਸ਼ਤ 5)
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
”ਮੌਕਾ ਹੀ ਹੁੰਦੈ, ਪਿਛਾਂਹ ਨੂੰ ਨਾ ਦੌੜੀਂ, ਓਥੇ ਪੈਰ ਜਮਾਉਣ ਦੀ ਕੋਸ਼ਿਸ਼ ਕਰੀਂ।” ਭਾ ਜੀ ਲਾਲ ਸਿੰਘ ਨੇ ਕਿਹਾ ਸੀ।
”ਤੁਸੀਂ ਮੈਨੂੰ ਸੱਦਿਆ। ਮੇਰਾ ਆਦਰ-ਮਾਣ ਕੀਤਾ। ਤੁਹਾਡਾ ਬਹੁਤ-ਬਹੁਤ ਧੰਨਵਾਦ।”
”ਧੰਨਵਾਦ ਆਲ਼ੀ ਕੋਈ ਗੱਲ ਨਹੀਂ। ਭੈਣ-ਭਰਾ ਕਾਹਦੇ ਜੇ ਇਕ-ਦੂਜੇ ਦੇ ਕੰਮ ਨਾ ਆਏ… ਤੂੰ ਤੇ ਕੁਲਵੰਤ ਨੇ ਵੀ ਸਾਡੇ ਲਈ ਬਹੁਤ ਕੁਸ਼ ਕੀਤਾ ਆ।” ਭੈਣ ਜੀ ਦੇ ਚਿਹਰੇ ‘ਤੇ ਸਨੇਹ ਝਲਕ ਰਿਹਾ ਸੀ।
ਭੈਣ ਜੀ ਤੇ ਭਾ ਜੀ ਨੂੰ ਗਲਵਕੜੀ ਪਾਉਣ ਬਾਅਦ ਮੈਂ ਕੁਲਵਿੰਦਰ ਤੇ ਕਾਕੇ ਏਕਰੀਤ ਨੂੰ ਪਿਆਰ ਦਿੱਤਾ। ਬਲਵਿੰਦਰ ਏਅਰਪੋਰਟ ‘ਤੇ ਛੱਡਣ ਆਇਆ। ਉਦੋਂ ਏਅਰਪੋਰਟਾਂ ‘ਤੇ ਅੱਜ ਵਾਂਗ ਸਖਤੀ ਨਹੀਂ ਸੀ ਹੁੰਦੀ। ਚੈੱਕ-ਇਨ ਕਰਵਾ ਕੇ ਮੇਰੇ ਨਾਲ਼ ਅਗਾਂਹ ਤੱਕ ਆਉਂਦਿਆਂ ਉਸਨੇ ਕਿਹਾ, ”ਭਾ ਜੀ! ਜੇ ਪੈਸਿਆਂ ਦੀ ਲੋੜ ਪਈ ਤਾਂ ਦੱਸ ਦੇਣਾ, ਭੇਜ ਦਿਆਂਗੇ… ਤੁਹਾਡੇ ਅਗਲੇ ਸਫਰ ਲਈ ਬੈਸਟ ਵਿਸ਼ਜ਼।”
ਉਸਨੂੰ ਜੱਫੀ ਪਾਉਂਦਿਆਂ ਮੇਰੇ ਮੂੰਹੋਂ ਆਪ-ਮੁਹਾਰੇ ਹੀ ਦੋ-ਤਿੰਨ ਵਾਰ ”ਬਹੁਤ ਸ਼ੁਕਰੀਆ” ਨਿਕਲ਼ ਗਿਆ।
ਮੈਗਾਸਿਟੀ ਨਿਊਯਾਰਕ ਵਿਚ
ਨਿਊਯਾਰਕ ਮੈਂ ਆਪਣੇ, ਦੂਰੋਂ ਲਗਦੇ ਭਾਣਜੇ, ਅਵਤਾਰ ਕੋਲ਼ ਰਿਹਾ। ਉਹ ਤੇ ਉਸਦੇ ਤਿੰਨ ਦੋਸਤ ‘ਬਰੌਂਕਸ’ ਕਾਊਂਟੀ ਵਿਚਇਕ ਅਪਾਰਟਮੈਂਟ ‘ਚ ਰਹਿੰਦੇ ਸਨ। ਉਨ੍ਹਾਂ ਨੂੰ ‘ਗਰੀਨ ਕਾਰਡ’ ਤਾਂ ਨਹੀਂ ਵਰਕ ਪਰਮਿਟ ਮਿਲ਼ੇ ਹੋਏ ਸਨ। ਅਵਤਾਰ ਸਮੇਤ ਤਿੰਨ ਜਣੇ ਰੈਸਟੋਰੈਂਟਾਂ ‘ਚ ਕੰਮ ਕਰਦੇ ਸਨ। ਉਹ ਸ਼ਾਮ ਪੰਜ ਵਜੇ ਚਲੇ ਜਾਂਦੇ ‘ਤੇ ਰਾਤ ਨੂੰ ਦੋ-ਢਾਈ ਵਜੇ ਮੁੜਦੇ। ਸਵੇਰੇ ਉਹ ਕਾਫ਼ੀ ਦੇਰ ਨਾਲ਼ ਉਠਦੇ ਸਨ। ਉਨ੍ਹਾਂ ਦਾ ਚੌਥਾ ਸਾਥੀ ਕਿਸੇ ਸਟੋਰ ਵਿਚ ਜੌਬ ‘ਤੇ ਚਲਾ ਜਾਂਦਾ। ਅਪਾਰਟਮੈਂਟ ‘ਚ ਇਕੱਲੇ ਬੈਠਣਾ ਮੇਰੇ ਲਈ ਬੋਰੀਅਤ ਸੀ। ਅਵਤਾਰ ਨੇ ਮੈਨੂੰ ‘ਹੈਨਰੀ ਹਡਸਨ ਪਾਰਕ’ ਦਿਖਾ ਦਿੱਤਾ ਸੀ। ਮੈਂ ਨਾਸ਼ਤਾ ਕਰਕੇ ਓਥੇ ਚਲਾ ਜਾਂਦਾ। ਅਪਾਰਟਮੈਂਟ ਤੋਂ ਸਬਵੇਅ (ਜ਼ਮੀਨਦੋਜ਼ ਰੇਲ) ਰਾਹੀਂ 20 ਕੁ ਮਿੰਟ ਲਗਦੇ ਸਨ। ਉਹ ਪਾਰਕ ਨਵੀਆਂ ਥਾਵਾਂ ਦੇ ਖੋਜੀ ਹੈਨਰੀ ਹਡਸਨ ਦੀ ਯਾਦ ਵਿਚ ਬਣਾਇਆ ਹੋਇਆ ਹੈ। ਪਾਰਕ ਦੇ ਲਾਗੇ ਵਗਦਾ ‘ਹਡਸਨ ਦਰਿਆ’ ਵੀ ਉਹਦੇ ਨਾਂ ਨਾਲ਼ ਜਾਣਿਆਂ ਜਾਂਦਾ ਹੈ। ਭਾਂਤ-ਸੁਭਾਂਤੇ ਦਰੱਖਤਾਂ ਅਤੇ ਘਾਹ ਦੀ ਘਣੀ ਹਰਿਅਵਲ, ਸਜਾਵਟੀ ਬੂਟਿਆਂ ਦੇ ਚਿਤਕਬਰੇ ਪੱਤਿਆਂ ਅਤੇ ਰੰਗ-ਬਰੰਗੇ ਫੁੱਲਾਂ ਵਾਲ਼ੇ ਉਸ ਪਾਰਕ ਵਿਚ ਘੁੰਮਦਿਆਂ ਵਕਤ ਸੁਹਣਾ ਬੀਤ ਜਾਂਦਾ। ਨਿਊਯਾਰਕ ਵਿਸ਼ੇਸ਼ ਕਰਕੇ ਬਰੌਂਕਸ ਵਿਚ ਵਾਪਰਦੀਆਂ ਛੁਰੇਬਾਜ਼ੀ, ਖੋਹ-ਖੁਹਾਈ ਤੇ ਚੋਰੀ ਦੀਆਂ ਘਟਨਾਵਾਂ ਦੇ ਮੱਦੇ ਨਜ਼ਰ ਸਬਵੇਅ ਅਤੇ ਪਾਰਕ ਬਲਕਿ ਹਰ ਥਾਂ ‘ਤੇ ਚੁਕੰਨੇ ਰਹਿਣਾ ਪੈਂਦਾ ਸੀ।
ਦੁਨੀਆਂ ਭਰ ਦੀਆਂ ਸੱਭਿਆਚਾਰਕ, ਆਰਥਿਕ ਤੇ ਮੀਡੀਆ ਦੀਆਂ ਸਰਗਰਮੀਆਂ ਦੇ ਵੱਡੇ ਕੇਂਦਰ ਨਿਊਯਾਰਕ ਦਾ ਰੇਲਵੇ ਸਿਸਟਮ ਬਹੁਤ ਵਿਸ਼ਾਲ ਹੈ। ਮੈਗਾਸਿਟੀ ਦੇ ਸਾਰੇ ਪਾਸਿਆਂ ਨੂੰ ਰੇਲਾਂ ਦਾ ਜਾਲ਼ ਵਿਛਿਆ ਹੋਇਆ ਹੈ। ਜ਼ਮੀਨ ਦੇ ਹੇਠਾਂ ਅਤੇ ਉੱਤੇ ਵੀ ਲੋਕਲ ਤੇ ਐਕਸਪਰੈੱਸ ਰੇਲਾਂ ਚਲਦੀਆਂ ਹਨ। 400 ਤੋਂ ਵੱਧ ਰੇਲਵੇ ਸਟੇਸ਼ਨ ਹਨ। ਹਰ ਪਾਸੇ ਜਾਣ ਲਈ ਸਟੇਸ਼ਨਾਂ ‘ਤੇ ਰੂਟ ਦਰਸਾਏ ਹੁੰਦੇ ਹਨ। ਮੈਂ ਕੁਝ ਕੁ ਵਾਰ ਉਨ੍ਹਾਂ ਰੇਲਾਂ ‘ਤੇ ਲੰਮੀਆਂ ਸੈਰਾਂ ਵੀ ਕੀਤੀਆਂ। ਕਿਸੇ ਇਕ ਸਟੇਸ਼ਨ ‘ਤੇ ਉੱਤਰ ਕੇ ਦੂਜੇ ਪਾਸੇ ਨੂੰ ਜਾਣ ਵਾਲ਼ੀ ਰੇਲ ਫੜ ਲੈਣੀ। ਫਿਰ ਅਗਾਂਹ ਜਾ ਕੇ ਕਿਸੇ ਸਟੇਸ਼ਨ ਤੋਂ ਤੀਜੇ ਪਾਸੇ ਨੂੰ ਚਲੇ ਜਾਣਾ। ਟਿਕਟ ਇਕ ਹੀ ਚੱਲਦਾ ਸੀ।
ਨਿਊਯਾਰਕ ‘ਚ ਪਿੰਡ ਦੌਲਤਪੁਰ (ਜਲੰਧਰ) ਦਾ ਅਵਤਾਰ ਵੀ ਸੀ। ਉਹ ਸਾਡੇ ਜੀਜੇ ਫੂਲਾ ਸਿੰਘ ਦੇ ਦੋਸਤ ਸਵਰਨ ਸਿੰਘ ਦਾ ਪੁੱਤਰ ਹੈ। ਇਕ ਦਿਨ ਉਹ ਮੈਨੂੰ ‘ਵਲ਼ਡ ਟਰੇਡ ਸੈਂਟਰ ਦੇ ‘ਟਵਿਨ (ਜੌੜੇ) ਟਾਵਰ’ ਦਿਖਾਉਣ ਲੈ ਗਿਆ। ਟਾਵਰਾਂ ਨੂੰ ਦੇਖਣ ਵਾਲ਼ੇ ਹੋਰ ਵੀ ਬਹੁਤ ਲੋਕ ਸਨ। ਵਿਜ਼ਿਟਰਾਂ ਨੂੰ ਅੱਟੈਂਡ ਕਰਨ ਵਾਲ਼ੇ ਕਰਮਚਾਰੀਆਂ ਵਿਚੋਂ ਇਕ ਨੇ ਸਾਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ ਤੇ ਦੋ ਕੁ ਪੰਨਿਆਂ ਦਾ ਪੈਂਫਲਿਟ ਫੜਾ ਦਿੱਤਾ। ਪੈਂਫਲਿਟ ‘ਚ ਦਿੱਤੀ ਜਾਣਕਾਰੀ ਅਨੁਸਾਰ ਟਾਵਰਾਂ ਦੀ ਉਸਾਰੀ 1972-73 ਵਿਚ ਮੁਕੰਮਲ ਹੋਈ ਸੀ। ਉਸਾਰੀ ਲਈ ਵਰਤਿਆ ਗਿਆ ਮੈਟੀਰੀਅਲ ਮੁੱਖ ਤੌਰ ‘ਤੇ ਸਟੀਲ ਅਤੇ ਕੰਕਰੀਟ ਸੀ। ਉੱਤਰੀ ਟਾਵਰ ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤ ਸੀ (1730 ਫੁੱਟ) ਤੇ ਦੱਖਣੀ ਟਾਵਰ ਦੀ ਉਚਾਈ (1362 ਫੁੱਟ) ਦੁਨੀਆਂ ਵਿਚ ਦੂਜੇ ਨੰਬਰ ‘ਤੇ ਸੀ। (ਟਾਵਰਾਂ ਦੀ ਉਚਾਈ ਦਾ ਇਹ ਰਿਕਾਰਡ ਉਦੋਂ ਸੀ, ਹੁਣ ਨਹੀਂ ਰਿਹਾ) ਦੋਵੇਂ ਟਾਵਰ 110 ਮੰਜਲੇ ਸਨ। ਟਾਵਰਾਂ ‘ਚ ਸੈਂਕੜੇ ਵਪਾਰਕ ਕੰਪਨੀਆਂ ਦੀਆਂ ਗਤੀਵਿਧੀਆਂ ਚਲਦੀਆਂ ਸਨ। ਜੌਬਾਂ ਕਰਨ ਵਾਲਿਆਂ ਦੀ ਗਿਣਤੀ ਹਜ਼ਾਰਾਂ ਵਿਚ ਸੀ।
ਸਾਰੀਆਂ ਮੰਜਲਾਂ ਤੇ ਜਾਣਾ ਸੰਭਵ ਨਹੀਂ ਸੀ। ਅਸੀਂ ਹਦਾਇਤਾਂ ਅਨੁਸਾਰ ਚੋਣਵੀਆਂ ਮੰਜਲਾਂ ‘ਤੇ ਹੀ ਗਏ। ਹਰ ਮੰਜਲ ‘ਤੇ ਬਣੇ ਦਫ਼ਤਰਾਂ ਅਤੇ ਉਨ੍ਹਾਂ ਦੇ ਸਾਜ਼ੋ-ਸਾਮਾਨ ਵਿਚੋਂ ਆਧੁਨਿਕਤਾ ਤੇ ਖੂਬਸੂਰਤੀ ਝਲਕਦੀ ਸੀ। ਟਾਵਰਾਂ ਦੇ ਸਿਖ਼ਰ ਤੋਂ ਸੈਂਕੜੇ ਮੀਲਾਂ ਤਕ ਪਸਰੇ ਨਿਊਯਾਰਕ ਦੇ ਘਰ ਨਿੱਕੇ-ਨਿੱਕੇ ਨਜ਼ਰ ਆ ਰਹੇ ਸਨ। ਦੋਵੇਂ ਟਾਵਰ ਦੇਖਣ ਲਈ ਢਾਈ ਘੰਟੇ ਲੱਗੇ।
ਟਾਵਰ ਸਮਾਰਕ ਜਾਂ ਭਵਨ ਨਹੀਂ, ਕਾਰੋਬਾਰਾਂ ਤੇ ਕੰਮਾਂ ਨਾਲ਼ ਸੰਬੰਧਿਤ ਇਮਾਰਤਾਂ ਸਨ। ਟਾਵਰਾਂ ਦੀ ਸਮੁੱਚੀ ਬਣਤਰ-ਸ਼ੈਲੀ ਵਿਚੋਂ ਅਤਿ-ਆਧੁਨਿਕ ਤਕਨਾਲੋਜੀ ਦ੍ਰਿਸ਼ਟਮਾਨ ਹੋ ਰਹੀ ਸੀ। ਪਰ ਉਹ ਕੋਰੀ-ਕਠੋਰ ਤਕਨਾਲੋਜੀ ਨਹੀਂ ਸੀ। ਉਸ ਵਿਚ ਇਮਾਰਤਸਾਜ਼ੀ ਦੀ ਕਲਾ ਵੀ ਮਿਸ਼੍ਰਿਤ ਸੀ। ਟਾਵਰ ਸੁਹਣੇ ਲੱਗੇ ਪਰ ਉਨ੍ਹਾਂ ਵਿਚੋਂ ਮੈਨੂੰ ਅਮਰੀਕਾ ਦੇ ਘੁਮੰਡ ਦੀ ਝਲਕ ਵੀ ਪਈ ਸੀਂ ਦੁਨੀਆਂ ਵਿਚ ਸਭ ਤੋਂ ਉੱਚੇ ਕੱਦ ਵਾਲ਼ਾ ਦੇਸ਼ ਹੋਣ ਦਾ ਘੁਮੰਡ। ਨਿਊਯਾਰਕ ਵਿਚ ਦੇਖਣ ਵਾਲ਼ਾ ਤਾਂ ਕਈ ਕੁਝ ਸੀ ਪਰ ਦੋਵੇਂ ਅਵਤਾਰ ਜੌਬਾਂ ‘ਚ ਖੁੱਭੇ ਹੋਏ ਸਨ। ਦੋਵੇਂ ਪਰਵਾਸ ਦੇ ਮੁੱਢਲੇ ਪੜਾਅ ‘ਤੇ ਸਨ। ਕੁਝ ਥਾਵਾਂ ਮੈਂ ਆਪਣੇ ਆਪ ਹੀ ਰੇਲ ਰਾਹੀਂ ਦੇਖ ਤਾਂ ਸਕਦਾ ਸਾਂ ਪਰ ਆਲ਼ੇ-ਦੁਆਲ਼ੇ ਵਾਪਰਦੀਆਂ ਘਟਨਾਵਾਂ ਕਰਕੇ ਨਵੀਆਂ ਥਾਵਾਂ ਅਤੇ ਨਵੇਂ ਲੋਕਾਂ ਵਿਚ ਇਕੱਲੇ ਜਾਣਾ ਸੁਰੱਖਿਅਤ ਨਹੀਂ ਸੀ।
ਸੋ ਨਿਊਯਾਰਕ ‘ਚ ਐਵੇਂ ਬੈਠੇ ਰਹਿਣ ਦਾ ਕੋਈ ਮਤਲਬ ਨਹੀਂ ਸੀ। ਟਿਕਟ ਮੁਤਾਬਿਕ ਮੇਰੀ ਟਰਾਂਟੋ ਵਾਸਤੇ ਫਲਾਈਟ ਅਕਤੂਬਰ ਦੇ ਪਹਿਲੇ ਹਫ਼ਤੇ ਦੀ ਸੀ। ਪਹਿਲਾਂ ਜਾਣ ਲਈ ਏਅਰ ਕੈਨੇਡਾ ਨੂੰ ਫੋਨ ਕੀਤਾ।
ਅੱਠ ਸਤੰਬਰ ਦੀ ਫਲਾਈਟ ਮਿਲ਼ੀ। ਨਿਊਯਾਰਕ ‘ਚ ਤਿੰਨ ਕੁ ਦਿਨ ਹੋਰ ਸਨ। ਐਟਲਾਂਟਿਕ ਮਹਾਂਸਾਗਰ ਨੂੰ ਦੇਖਣ ਦੀ ਰੀਝ ਮੈਂ ਆਪਣੇ ਪਿੰਡ ਵਾਲ਼ੇ ਅਵਤਾਰ ਨੂੰ ਦੱਸੀ ਹੋਈ ਸੀ। ਇਕ ਦਿਨ ਟਾਈਮ ਕੱਢ ਕੇ ਉਹ ਤੇ ਉਸਦੇ ਸਾਥੀ ਮੈਨੂੰ ਲੈ ਗਏ। ਉਹ ਬੀਚ ਨਹੀਂ, ਸ਼ਾਂਤ ਜਿਹਾ ਕਿਨਾਰਾ ਸੀ। ਸਮੁੰਦਰ ਕੰਢਲੀ ਰੇਤ ਉੱਤੇ ਨੰਗੇ ਪੈਰੀਂ ਤੁਰਨਾ ਸੌਖਾ ਹੁੰਦਾ ਹੈ। ਅਸੀਂ ਜੁੱਤੀਆਂ ਲਾਹ ਕੇ ਕਾਰ ‘ਚ ਰੱਖ ਦਿੱਤੀਆਂ। ਮੇਰੇ ਲਈ ਉਹ ਵਿਸ਼ੇਸ਼ ਦਿਨ ਸੀ।
ਸਮੁੰਦਰ ਮੇਰੀ ਰੂਹ ਨੂੰ ਭਾਉਂਦਾ ਹੈ। ਚੇਨਈ ‘ਚ ਸਮੁੰਦਰ ਦੇ ਨਜ਼ਾਰਿਆਂ ਨੂੰ ਮਾਣਨ ਤੋਂ 23 ਸਾਲ ਬਾਅਦ ਮਹਾਂਸਾਗਰ ਨੂੰ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ ਸੀ। ਅਵਤਾਰ ਹੁਰੀਂ ਘੁੰਮਣ-ਫਿਰਨ ਲੱਗ ਪਏ। ਮੈਂ ਇਕ ਪਾਸੇ ਬੈਠ ਮਹਾਂਸਾਗਰ ਦੇ ਵਿਰਾਟ ਪਾਣੀ ਨਾਲ਼ ਸਾਂਝ ਪਾ ਲਈ ਤੇ ਉੱਚੀਆਂ-ਨੀਵੀਆਂ ਛੱਲਾਂ ਨਾਲ਼ ਖਹਿਸਰਵਾਂ ਸਫਰ ਕਰਦੇ ਜਹਾਜ਼ਾਂ ਵੱਲ ਤੱਕਦਿਆਂ ਆਪਣੇ ਅਗਲੇ ਸਫਰ ਦੇ ਨਕਸ਼ ਉਲੀਕਣ ਲੱਗ ਪਿਆ। ਦੋ ਕੁ ਘੰਟੇ ਬਾਅਦ ਅਸੀਂ ਵਾਪਸ ਤੁਰ ਪਏ। ਪਾਰਕਿੰਗ ਲੌਟ ‘ਚ ਪਹੁੰਚ ਕੇ ਅਵਤਾਰ ਨੇ ਜਦੋਂ ਕਾਰ ਦੇ ਦਰਵਾਜ਼ੇ ਖੋਲ੍ਹੇ ਤਾਂ ਮੈਨੂੰ ਆਪਣੀਆਂ ਅੱਖਾਂ ‘ਤੇ ਵਿਸ਼ਵਾਸ਼ ਨਾ ਆਇਆ। ਪੰਜੇ ਜੁੱਤੀਆਂ ਚੋਰੀ ਹੋ ਗਈਆਂ ਸਨ। ਹੈਰਾਨ ਤਾਂ ਅਵਤਾਰ ਤੇ ਉਸਦੇ ਸਾਥੀ ਵੀ ਹੋਏ ਪਰ ਮੇਰੇ ਜਿੰਨੇ ਨਹੀਂ।
ਉਨ੍ਹਾਂ ਲਈ ਇਹੋ ਜਿਹੀਆਂ ਘਟਨਾਵਾਂ ਨਵੀਆਂ ਨਹੀਂ ਸਨ। ਮੈਂ ਇੰਡੀਆ ਤੋਂ ਬਾਟਾ ਦੇ ਨਵੇਂ ਬੂਟ ਲੈ ਕੇ ਆਇਆ ਸਾਂ। ਦੁੱਖ ਤਾਂ ਲੱਗਾ ਪਰ ਐਟਲਾਂਟਿਕ ਤੋਂ ਮਿਲ਼ੇ ਉਮਾਹ ਨੇ ਜ਼ਿਆਦਾ ਮਹਿਸੂਸ ਨਾ ਹੋਣ ਦਿੱਤਾ। ਉਨ੍ਹਾਂ ਕੋਲ਼ ਤਾਂ ਅਪਾਰਟਮੈਂਟ ‘ਚ ਹੋਰ ਜੁੱਤੀਆਂ ਹੈਗੀਆਂ ਸਨ ਪਰ ਮੇਰੇ ਕੋਲ਼ ਉਹੀ ਬੂਟ ਸਨ। ਓਥੋਂ ਸਿੱਧੇ ਸਟੋਰ ਨੂੰ ਗਏ ਤੇ ਅਵਤਾਰ ਨੇ ਬੂਟ ਖ਼ਰੀਦ ਦਿੱਤੇ।
(ਸਮਾਪਤ)

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …