Breaking News
Home / ਹਫ਼ਤਾਵਾਰੀ ਫੇਰੀ / ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਸਰਕਾਰ ਦੀ ਅਣਗਹਿਲੀ ਦਾ ਸੰਤਾਪ ਭੋਗ ਰਿਹੈ ਸੰਗਰੂਰ ਜ਼ਿਲ੍ਹੇ ਦਾ ਪਿੰਡ ਭੂਲਣ

ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਸਰਕਾਰ ਦੀ ਅਣਗਹਿਲੀ ਦਾ ਸੰਤਾਪ ਭੋਗ ਰਿਹੈ ਸੰਗਰੂਰ ਜ਼ਿਲ੍ਹੇ ਦਾ ਪਿੰਡ ਭੂਲਣ

ਤਿੰਨ ਸੀਐਮ ਦੇਣ ਵਾਲੇ ਜ਼ਿਲ੍ਹੇ ਦਾ ਪਿੰਡ ਪੀਣ ਵਾਲੇ ਪਾਣੀ ਨੂੰ ਤਰਸਿਆ
ਪਿੰਡ ਦੇ ਲੋਕ ਭਾਖੜਾ ਨਹਿਰ ਦਾ ਪਾਣੀ ਪੀਣ ਲਈ ਮਜਬੂਰ
ਸੰਗਰੂਰ/ਬਿਊਰੋ ਨਿਊਜ਼ : ਪੰਜਾਬ ਨੂੰ ਤਿੰਨ ਮੁੱਖ ਮੰਤਰੀ ਦੇਣ ਵਾਲੇ ਜ਼ਿਲ੍ਹੇ ਸੰਗਰੂਰ ਦਾ ਪਿੰਡ ਭੂਲਣ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਪੀਣ ਵਾਲੇ ਪਾਣੀ ਤੇ ਗੰਦੇ ਪਾਣੀ ਦੀ ਨਿਕਾਸੀ ਨੂੰ ਤਰਸ ਰਿਹਾ ਹੈ। ਹਾਲਤ ਇਹ ਹੈ ਕਿ ਪਿੰਡ ਦੇ ਲੋਕਾਂ ਨੂੰ ਕਈ ਕਿਲੋਮੀਟਰ ਦਾ ਸਫਰ ਤੈਅ ਕਰਕੇ ਭਾਖੜਾ ਨਹਿਰ ‘ਚੋਂ ਪਾਣੀ ਲਿਆਉਂਦਾ ਪੈਂਦਾ ਹੈ। ਇਸੇ ਦੁੱਖ ਕਾਰਨ ਕੋਈ ਇਸ ਪਿੰਡ ਵਿਚ ਆਪਣੀ ਲੜਕੀ ਵਿਆਹੁਣ ਲਈ ਤਿਆਰ ਨਹੀਂ।
ਪਿੰਡ ਭੂਲਣ ਹਰਿਆਣਾ ਦੀ ਹੱਦ ਨਾਲ ਲੱਗਦਾ ਪੰਜਾਬ ਦਾ ਆਖਰੀ ਪਿੰਡ ਹੈ। ਪਿੰਡ ‘ਚ ਪੀਣ ਵਾਲੇ ਪਾਣੀ ਦੀ ਸਹੂਲਤ ਨਹੀਂ। ਪਿੰਡ ਵਾਸੀਆਂ ਨੂੰ ਕਈ ਕਿਲੋਮੀਟਰ ਦਾ ਸਫਰ ਤੈਅ ਕਰਕੇ ਮੋਟਰ ਸਾਈਕਲਾਂ, ਬੈਲ ਗੱਡੀਆਂ ਤੇ ਹੋਰ ਸਾਧਨਾਂ ਰਾਹੀਂ ਭਾਖੜਾ ਨਹਿਰ ‘ਚੋਂ ਪਾਣੀ ਲਿਆਉਣਾ ਪੈਂਦਾ ਹੈ। ਸਭ ਤੋਂ ਜ਼ਿਆਦਾ ਦਿੱਕਤ ਔਰਤਾਂ ਲਈ ਹੈ, ਉਹ ਸਿਰਾਂ ‘ਤੇ ਪਾਣੀ ਦੇ ਘੜੇ ਚੁੱਕ ਕੇ ਲਿਆਉਂਦੀਆਂ ਹਨ। ਨਹਿਰ ਦੇ ਪਾਣੀ ਵਿਚ ਕਈ ਖਤਰਨਾਕ ਕੈਮੀਕਲ ਮਿਲੇ ਹੁੰਦੇ ਹਨ। ਮਨੁੱਖੀ ਲਾਸ਼ਾਂ ਆਮ ਰੁੜ੍ਹਦੀਆਂ ਦੇਖੀਆਂ ਜਾਂਦੀਆਂ ਹਨ, ਪਰ ਹੋਰ ਕੋਈ ਸਰੋਤ ਨਾ ਹੋਣ ਕਰਕੇ ਲੋਕ ਨਹਿਰ ਦਾ ਪਾਣੀ ਪੀਣ ਲਈ ਮਜਬੂਰ ਹਨ। ਨਤੀਜੇ ਵਜੋਂ ਲੋਕ ਕੈਂਸਰ, ਪੀਲੀਏ, ਗੁਰਦੇ ਤੇ ਲਿਵਰ ਦੀਆਂ ਬਿਮਾਰੀਆਂ ਤੋਂ ਪੀੜਤ ਹੋ ਰਹੇ ਹਨ।
ਪਿੰਡ ਭੂਲਣ ਦੇ ਕੁਝ ਵਿਅਕਤੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਹਲਕੇ ਸੰਗਰੂਰ ਨੇ ਪੰਜਾਬ ਨੂੰ ਤਿੰਨ ਮੁੱਖ ਮੰਤਰੀ ਤੇ ਇਕ ਖਜ਼ਾਨਾ ਮੰਤਰੀ ਦਿੱਤਾ। ਪਰ ਇਸਦੇ ਬਾਵਜੂਦ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਇਸ ਹਲਕੇ ਵਿਚ ਪੈਂਦਾ ਉਨ੍ਹਾਂ ਦਾ ਪਿੰਡ ਬੁਨਿਆਦੀ ਮਨੁੱਖੀ ਸਹੂਲਤ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਲੀਡਰ ਉਨ੍ਹਾਂ ਕੋਲੋਂ ਵੋਟਾਂ ਲੈ ਜਾਂਦੇ ਹਨ ਤੇ ਫਿਰ ਕਦੀ ਸਾਰ ਨਹੀਂ ਲੈਂਦੇ। ਉਨ੍ਹਾਂ ਦੱਸਿਆ ਕਿ ਸਾਡੇ ਧਰਤੀ ਹੇਠਲਾ ਪਾਣੀ ਸ਼ੋਰੇ ਵਾਲਾ ਤੇ ਤੇਜ਼ਾਬੀ ਹੈ। ਇਸ ਲਈ ਉਨ੍ਹਾਂ ਨੂੰ ਭਾਖੜਾ ਨਹਿਰ ‘ਚੋਂ ਪਾਣੀ ਲਿਆਉਣਾ ਪੈਂਦਾ ਹੈ। ਭਾਖੜਾ ਤੋਂ ਪਾਣੀ ਭਰਦਿਆਂ ਕਈ ਵਾਰ ਅਣਸੁਖਾਵੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਕਈ ਲੋਕ ਪਾਣੀ ਭਰਨ ਸਮੇਂ ਨਹਿਰ ‘ਚ ਰੁੜ ਚੁੱਕੇ ਹਨ। ਪਿੰਡ ਵਾਸੀਆਂ ਮੁਤਾਬਕ ਪਿੰਡ ‘ਚ ਕੁਝ ਸਮਾਂ ਪਹਿਲਾਂ ਆਰ.ਓ. ਪਲਾਂਟ ਲਗਾਇਆ ਗਿਆ ਸੀ, ਪਰ ਸਾਂਭ ਸੰਭਾਲ ਨਾ ਹੋਣ ਕਾਰਨ ਉਸ ਨੂੰ ਜੰਗਾਲ ਲੱਗ ਗਿਆ। ਪਿੰਡ ਵਾਸੀਆਂ ਮੁਤਾਬਕ ਦੂਜੀ ਦਿੱਕਤ ਪਿੰਡ ਵਿਚ ਗੰਦੇ ਪਾਣੀ ਦੀ ਨਿਕਾਸੀ ਦੀ ਹੈ। ਇਸ ਲਈ ਕੋਈ ਸਹੀ ਪ੍ਰਬੰਧ ਨਹੀਂ। ਇਸ ਕਾਰਨ ਉਨ੍ਹਾਂ ਦਾ ਪਿੰਡ ਆਲੇ ਦੁਆਲੇ ਗੰਦੇ ਪਾਣੀ ਨਾਲ ਘਿਰਿਆ ਰਹਿੰਦਾ ਹੈ। ਇਸ ਕਾਰਨ ਵੀ ਬਿਮਾਰੀਆਂ ਦਾ ਖਤਰਾ ਬਣਿਆ ਰਹਿੰਦਾ ਹੈ। ਪਿੰਡ ਵਾਲਿਆਂ ਨੇ ਮੰਗ ਕੀਤੀ ਹੈ ਕਿ ਸਰਕਾਰ ਉਨ੍ਹਾਂ ਦੇ ਪਿੰਡ ਵੱਲ ਧਿਆਨ ਦੇਵੇ। ਉਨ੍ਹਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇ। ਜਾਂ ਤਾਂ ਪਿੰਡ ‘ਚ ਡੂੰਘੇ ਟਿਊਬਲ ਲਗਾਏ ਜਾਣ ਜਾਂ ਭਾਖੜਾ ਨਹਿਰ ਵਿਚੋਂ ਪਾਈਪ ਰਾਹੀਂ ਪਾਣੀ ਦੀ ਸਪਲਾਈ ਦਿੱਤੀ ਜਾਵੇ ਤਾਂ ਜੋ ਲੋਕਾਂ ਦੀ ਪਾਣੀ ਲਿਆਉਣ ਦੀ ਜੱਦੋ ਜਹਿਦ ਖਤਮ ਹੋ ਸਕੇ।
ਮੁੰਡਿਆਂ ਦੇ ਵਿਆਹ ‘ਚ ਆ ਰਹੀ ਮੁਸ਼ਕਲ
ਪਿੰਡ ਭੂਲਣ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਦੀ ਅਣਗਹਿਲੀ ਕਰਕੇ ਬਣੀ ਪਾਣੀ ਦੀ ਕਿੱਲਤ ਕਾਰਨ ਉਨ੍ਹਾਂ ਦੇ ਪਿੰਡ ਦੇ ਮੁੰਡਿਆਂ ਦੇ ਵਿਆਹਾਂ ‘ਚ ਮੁਸ਼ਕਲ ਆ ਰਹੀ ਹੈ। ਪਿੰਡ ਦੀਆਂ ਮਹਿਲਾਵਾਂ ਨੂੰ ਰੋਜ਼ਾਨਾ ਸਿਰਾਂ ‘ਤੇ ਪਾਣੀ ਢੋਣਾ ਪੈਂਦਾ ਹੈ। ਇਸ ਕਾਰਨ ਕੋਈ ਵੀ ਇਸ ਪਿੰਡ ਵਿਚ ਕੁੜੀ ਵਿਆਹੁਣ ਲਈ ਤਿਆਰ ਨਹੀਂ।

 

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …