ਕਿਹਾ : ਲੈ ਲਿਆ ਬੇਅਦਬੀ ਦਾ ਬਦਲਾ
ਲੰਬੀ/ਬਿਊਰੋ ਨਿਊਜ਼
ਦਸ ਸਾਲਾਂ ਦੇ ਰਾਜ ਬਾਅਦ ਹੁਣ ਬਾਦਲਾਂ ਲਈ ਪੰਜਾਬ ਵਿਚ ਚੋਣ ਪ੍ਰਚਾਰ ਕਰਨਾ ਔਖਾ ਹੋ ਗਿਆ ਹੈ। ਬੁੱਧਵਾਰ ਨੂੰ ਲੰਬੀ ਹਲਕੇ ਦੇ ਪਿੰਡ ਰੱਤਾ ਖੇੜਾ (ਛੋਟਾ) ਵਿਖੇ ਚੋਣ ਜਲਸੇ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਗੁਰਬਚਨ ਸਿੰਘ ਨਾਂ ਦੇ ਵਿਅਕਤੀ ਨੇ ਜੁੱਤੀ ਮਾਰੀ। ਚਸ਼ਮਦੀਦਾਂ ਅਨੁਸਾਰ ਜੁੱਤੀ ਮੁੱਖ ਮੰਤਰੀ ਦੇ ਚਿਹਰੇ ‘ਤੇ ਵੱਜੀ ਅਤੇ ਉਨ੍ਹਾਂ ਦੀ ਐਨਕ ਵੀ ਟੁੱਟ ਗਈ। ਜੁੱਤੀ ਵੱਜਣ ਕਰਕੇ ਮੁੱਖ ਮੰਤਰੀ ਦੀ ਖੱਬੀ ਅੱਖ ਵੀ ਸੁੱਜ ਗਈ ਅਤੇ ਉਨ੍ਹਾਂ ਦੇ ਹੱਥ ਵਿਚ ਫੜਿਆ ਪਾਣੀ ਦਾ ਗਿਲਾਬ ਵੀ ਛਲਕ ਕੇ ਡੁੱਲ੍ਹ ਗਿਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਿਚ ਜੁੱਤੀ ਮਾਰਨ ਵਾਲਾ ਗੁਰਬਚਨ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਰਬੱਤ ਖਾਲਸਾ ਵਲੋਂ ਥਾਪੇ ਜਥੇਦਾਰ ਅਮਰੀਕ ਸਿੰਘ ਅਜਨਾਲਾ ਦਾ ਛੋਟਾ ਭਰਾ ਹੈ। ਪੇਸ਼ੇ ਤੋਂ ਕਿਸਾਨ ਗੁਰਬਚਨ ਸਿੰਘ ਪਿੰਡ ਰੱਤਾ ਖੇੜਾ (ਛੋਟਾ) ਦਾ ਵਸਨੀਕ ਹੈ, ਜੋ ਅੱਜ-ਕੱਲ੍ਹ ਪਿੰਡ ਝੋਰੜਖੇੜਾ (ਅਬੋਹਰ) ਰਹਿੰਦਾ ਹੈ।
ਜਾਣਕਾਰੀ ਅਨੁਸਾਰ ਮੁੱਖ ਮੰਤਰੀ ਜਦੋਂ ਆਪਣੀ ਤਕਰੀਰ ਮੁਕਾ ਕੇ ਕੁਰਸੀ ‘ਤੇ ਬਿਰਾਜਮਾਨ ਹੋਏ ਤਾਂ ਪੰਡਾਲ ਵਿਚ ਆਮ ਜਨਤਾ ‘ਚ ਤੀਜੀ ਕਤਾਰ ਵਿੱਚ ਬੈਠਾ 40-42 ਸਾਲਾ ਗੁਰਬਚਨ ਸਿੰਘ ਖੜ੍ਹਾ ਹੋ ਗਿਆ ਅਤੇ ਮੁੱਖ ਮੰਤਰੀ ਵੱਲ ਆਪਣੀ ਜੁੱਤੀ ਵਗਾਹ ਮਾਰੀ ਅਤੇ ਆਖਣ ਲੱਗਾ, ‘ਇਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ, ਇੱਕ ਵਾਰ ਨਹੀਂ ਵਾਰ-ਵਾਰ ਕਰਵਾਈ। ਕੋਈ ਕਰਵਾਈ ਨਹੀਂ ਅਤੇ ਸ੍ਰੀ ਗੁਰੂ ਗ੍ਰੰਥ ਸਿੰਘ ਨੂੰ ਰੱਜ ਕੇ ਜ਼ਲੀਲ ਕੀਤਾ।’ ਗੁਰਬਚਨ ਸਿੰਘ ਦੇ ਅਚਨਚੇਤੀ ਹਮਲੇ ਤੋਂ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਚਸ਼ਮਦੀਦਾਂ ਅਨੁਸਾਰ ਗੁਰਬਚਨ ਸਿੰਘ ਨੂੰ ਪੁਲਿਸ ਵੱਲੋਂ ਫੜਨ ‘ਤੇ ਪਿੰਡ ਦੀਆਂ ਔਰਤਾਂ ਗੁਰਬਚਨ ਸਿੰਘ ਦੀ ਹਮਾਇਤ ‘ਤੇ ਆ ਗਈਆਂ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਬਾਦਲ ਨੂੰ ਜ਼ਿੰਮੇਵਾਰ ਦੱਸਣ ਲੱਗੀਆਂ। ਇਸ ਘਟਨਾ ਮਗਰੋਂ ਬਾਦਲ ਉਥੋਂ ਚਲੇ ਗਏ। ਗੁਰਬਚਨ ਸਿੰਘ ਦਾ ਕਾਲੇ ਰੰਗ ਦਾ ਖੁੱਸਾ ਵੱਜਣ ਕਰਕੇ ਮੁੱਖ ਮੰਤਰੀ ਦੀ ਖੱਬੀ ਅੱਖ ‘ਤੇ ਸੋਜ਼ ਆ ਗਈ। ਇਸ ਮਗਰੋਂ ਉਨ੍ਹਾਂ ਨੇ ਪਿੰਡ ਛਾਪਿਆਂਵਾਲੀ ਤੇ ਕੋਲਿਆਂਵਾਲੀ ਵਿਚ ਮਹਿਜ਼ ਦੋ-ਦੋ ਮਿੰਟ ਹੀ ਤਕਰੀਰ ਕੀਤੀ।
ਦੁਪਹਿਰ ਦੇ ਖਾਣੇ ਸਮੇਂ ਮੁੱਖ ਮੰਤਰੀ ਦੀ ਸੁੱਜੀ ਅੱਖ ਦੀ ਸਿਵਲ ਹਸਪਤਾਲ, ਬਾਦਲ ਦੇ ਡਾਕਟਰਾਂ ਨੇ ਜਾਂਚ ਕੀਤੀ ਅਤੇ ਸੋਜ ਘਟਾਉਣ ਲਈ ਅੱਖ ਨੂੰ ਟਕੋਰ ਕੀਤੀ। ਸੂਤਰਾਂ ਅਨੁਸਾਰ ਅੱਖ ਦੀ ਨਜ਼ਰ ਦਰੁਸਤ ਪਾਈ ਗਈ। ਬਾਅਦ ਵਿਚ ਮੁੱਖ ਮੰਤਰੀ ਨੇ ਕਿਹਾ, ‘ਇਹ ਵਿਰੋਧ ਨਹੀਂ। ਉਹ ਬੰਦਾ ਇੱਥੋਂ ਦਾ ਨਹੀਂ, ਅਬੋਹਰ ਰਹਿੰਦੈ। ਮੈਨੂੰ ਪਤਾ ਲੱਗਾ ਕਿ ਉਹ ਅਮਰੀਕ ਸਿੰਘ ਅਜਨਾਲਾ ਦਾ ਭਰਾ ਹੈ। ਉਨ੍ਹਾਂ ਦਾ ਤਾਅਲੁਕ ਸਾਰੇ ਜਾਣਦੇ ਹੋਂ। ਸਾਰਾ ਰੱਤਾ ਖੇੜਾ ਪਿੰਡ ਸਾਡਾ ਮੁੱਦਈ ਹੈ। ਮੈਂ ਕਾਰਵਾਈ ਲਈ ਕੁਝ ਨਹੀਂ ਕਹਿਣਾ ਪੁਲਿਸ ਨੇ ਵੇਖਣਾ ਹੈ।’ ਐਨਕ ਟੁੱਟਣ ਬਾਰੇ ਸਵਾਲ ‘ਤੇ ਉਨ੍ਹਾਂ ਕਿਹਾ, ‘ਵੇਖ ਲਓ ਮੇਰੀ ਉਹੀ ਐਨਕ ਹੈ।’ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਗਸਤ 2014 ਵਿਚ ਲੁਧਿਆਣਾ ਵਿੱਚ ਇੱਕ ਸਿਆਸੀ ਸਮਾਗਮ ਦੌਰਾਨ ਇੱਕ ਬੇਰੁਜ਼ਗਾਰ ਨੇ ਬਾਦਲ ਵੱਲ ਜੁੱਤੀ ਸੁੱਟੀ ਸੀ। ਦੱਸਣਯੋਗ ਹੈ ਕਿ ਐਤਵਾਰ ਨੂੰ ਜਲਾਲਾਬਾਦ ਹਲਕੇ ਵਿਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਲੋਕਾਂ ਨੇ ਪਥਰਾਅ ਕੀਤਾ ਸੀ। ਜ਼ਿਲ੍ਹਾ ਪੁਲਿਸ ਮੁਖੀ ਧਰੁਮਣ ਐਚ ਨਿੰਬਲੇ ਨੇ ਦੱਸਿਆ ਕਿ ਗੁਰਬਚਨ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਥਾਣਾ ਕਬਰਵਾਲਾ ਵਿੱਚ ਧਾਰਾ 352/353/182 ਤਹਿਤ ਕੇਸ ਦਰਜ ਕੀਤਾ ਹੈ।
ਸੰਪਰਕ ਕਰਨ ‘ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਅਮਰੀਕ ਸਿੰਘ ਅਜਨਾਲਾ ਨੇ ਗੁਰਬਚਨ ਸਿੰਘ ਦੇ ਉਨ੍ਹਾਂ ਦਾ ਭਰਾ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ 4-5 ਦਿਨ ਪਹਿਲਾਂ ਉਸ ਨਾਲ ਫੋਨ ‘ਤੇ ਆਮ ਵਾਂਗ ਗੱਲ ਹੋਈ ਸੀ॥
ਹਰਸਿਮਰਤ ਨੇ ਕਿਹਾ ਜੇ ਬਾਦਲ ਸਾਹਿਬ ਨੇ ਡਾਂਗਾਂ ਚੁੱਕਣ ਨੂੰ ਕਹਿ ਦਿੱਤਾ ਤਾਂ…
ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ, ਜਿਸ ਤਰ੍ਹਾਂ ਦੀਆਂ ਹਰਕਤਾਂ ਇਹ ਕਰ ਰਹੇ ਹਨ, ਬਾਦਲ ਸਾਹਿਬ ਨੇ ਵਰਕਰਾਂ ਨੂੰ ਜੇ ਡਾਂਗਾਂ ਚੁੱਕਣ ਲਈ ਕਹਿ ਦਿੱਤਾ ਤਾਂ ਇਨ੍ਹਾਂ ਦਾ ਕੀ ਹਾਲ ਹੋਵੇਗਾ, ਇਹ ਵੀ ਸੋਚਣਾ ਚਾਹੀਦਾ ਹੈ।
ਦੇਸ਼ ‘ਚ ਜੁੱਤਾ ਮਾਰਨ ਦਾ ਟਰੈਂਡ ਸ਼ੁਰੂ ਕਰਨ ਵਾਲੇ ਜਰਨੈਲ ਸਿੰਘ ਬੋਲੇ ਗੁੰਡਾਗਰਦੀ ਖ਼ਿਲਾਫ਼ ਲੋਕਾਂ ‘ਚ ਗੁੱਸਾ
’84 ਸਿੱਖ ਕਤਲੇਆਮ ਦੇ ਰੋਸ ਵਿਚ ਤਤਕਾਲੀ ਗ੍ਰਹਿ ਮੰਤਰੀ ਪੀ. ਚਿਦੰਬਰਮ ‘ਤੇ ਜੁੱਤੀ ਸੁੱਟ ਕੇ ਚਰਚਾ ਵਿਚ ਆਏ ਲੰਬੀ ਤੋਂ ਬਾਦਲ ਖਿਲਾਫ਼ ‘ਆਪ’ ਦੇ ਉਮੀਦਵਾਰ ਜਰਨੈਲ ਸਿੰਘ ਨੇ ਬਾਦਲ ‘ਤੇ ਜੁੱਤੀ ਸੁੱਟਣ ਦੀ ਘਟਨਾ ਨੂੰ ਅਕਾਲੀ ਸਰਕਾਰ ਦੀ ਗੁੰਡਾਗਰਦੀ ਖ਼ਿਲਾਫ਼ ਲੋਕਾਂ ਦਾ ਗੁੱਸਾ ਕਰਾਰ ਦਿੱਤਾ ਹੈ।
ਆਰੋਪੀ ਦੀ ਧੀ ਬੋਲੀ, ਪਾਪਾ ‘ਤੇ ਮਾਣ
ਪ੍ਰਕਾਸ਼ ਸਿੰਘ ਬਾਦਲ ਦੇ ਜੁੱਤਾ ਮਾਰਨ ਵਾਲੇ ਗੁਰਬਚਨ ਸਿੰਘ ਦੀ ਬੇਟੀ ਹਰਪ੍ਰੀਤ ਕੌਰ ਨੇ ਕਿਹਾ, ਪਾਪਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਪ੍ਰੇਸ਼ਾਨ ਰਹਿੰਦੇ ਸਨ ਅਤੇ ਹਮੇਸ਼ਾ ਕਹਿੰਦੇ ਸਨ ਕਿ ਬੇਅਦਬੀ ਲਈ ਸਰਕਾਰ ਜ਼ਿੰਮੇਵਾਰ ਹੈ ਅਤੇ ਮੈਂ ਬੇਅਦਬੀ ਦਾ ਬਦਲਾ ਲੈਣਾ ਹੈ। ਮੇਰੇ ਪਾਪਾ ਲਈ ਇਹ ਪਛਤਾਵਾ ਨਹੀਂ, ਬਲਕਿ ਮਾਣ ਹੈ।
ਬਾਦਲ ਦੀ ਨੂੰਹ ਧਮਕਾ ਰਹੀ ਹੈ …
ਕੇਜਰੀਵਾਲ ਦਾ ਟਵੀਟ… ਬਾਦਲ ਦੀ ਨੂੰਹ ਖੁੱਲ੍ਹੇਆਮ ਜਾਨ ਤੋਂ ਮਾਰਨ ਦੀ ਧਮਕੀ ਦੇ ਰਹੀ ਹੈ। ਲੋਕ ਚੁੱਪ ਨਹੀਂ ਰਹਿਣਗੇ। … ਸਰਫਰੋਸੀ ਦੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …