ਮੈਂ ਮੰਨਦੀ ਹਾਂ ਕਿ ਓਨਟਾਰੀਓ ‘ਚ ਬਿਜਲੀ ਦੇ ਰੇਟ ਜ਼ਿਆਦਾ : ਕੈਥਲਿਨ ਵਿੰਨ
ਮਿੱਸੀਸਾਗਾ/ਪਰਵਾਸੀ ਬਿਊਰੋ
”ਮੈਂ ਮੰਨਦੀ ਹਾਂ ਕਿ ਓਨਟਾਰੀਓ ਵਿੱਚ ਬਿਜਲੀ ਦੇ ਰੇਟ ਜ਼ਿਆਦਾ ਹਨ ਅਤੇ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਨੂੰ ਘਟਾਇਆ ਜਾਵੇ। ਅਸੀਂ ਪਹਿਲੀ ਜਨਵਰੀ ਤੋਂ ਪ੍ਰੋਵਿੰਸ ਦੇ ਹਿੱਸੇ ਦਾ 8% ਟੈਕਸ ਪਹਿਲਾਂ ਹੀ ਖਤਮ ਕਰ ਦਿੱਤਾ ਹੈ। ਜਿਸ ਨਾਲ ਕੁਝ ਬਿਜਲੀ ਦਰਾਂ ਵਿੱਚ ਕੁਝ ਫ਼ਰਕ ਜ਼ਰੂਰ ਪਵੇਗਾ।” ਇਹ ਕਹਿਣਾ ਸੀ ਓਨਟਾਰੀਓ ਦੀ ਪ੍ਰੀਮੀਅਰ ਕੈਥਲਿਨ ਵਿੰਨ ਦਾ, ਜੋ ਲੰਘੇ ਵੀਰਵਾਰ ਨੂੰ ਅਦਾਰਾ ‘ਪਰਵਾਸੀ’ ਦੇ ਮਾਲਟਨ ਦੇ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਵਿੱਚ ਸਥਿਤ ਦਫਤਰ ਵਿੱਚ ਵਿਸ਼ੇਸ਼ ਤੌਰ ‘ਤੇ ਰਜਿੰਦਰ ਸੈਣੀ ਹੋਰਾਂ ਨਾਲ ਇਕ ਇੰਟਰਵਿਊ ਲਈ ਪਹੁੰਚੇ ਸਨ। ਪ੍ਰੀਮੀਅਰ ਵਿੰਨ, ਜੋ ਕਿ ਪਿਛਲੇ ਸਾਲ ਭਾਰਤ, ਇਜ਼ਰਾਇਲ, ਮਿਡਲ ਈਸਟ, ਅਮਰੀਕਾ, ਮੈਕਸੀਕੋ, ਜਾਪਾਨ ਅਤੇ ਕੋਰੀਆ ਵਰਗੇ ਮੁਲਕਾਂ ਦਾ ਦੌਰਾ ਕਰ ਚੁੱਕੇ ਹਨ, ਨੇ ਇਕ ਸਵਾਲ ਵਿੱਚ ਦੱਸਿਆ ਕਿ ਜਿੱਥੇ ਸਾਨੂੰ ਆਪਣੇ ਸੂਬੇ ਵਿੱਚ ਸਥਿਤ ਉਦਯੋਗਾਂ ਨੂੰ ਪ੍ਰਫੁਲੱਤ ਕਰਨ ਦੀ ਲੋੜ ਹੈ, ਉਥੇ ਬਾਹਰਲੇ ਮੁਲਕਾਂ ਨਾਲ ਵੀ ਸਾਂਝ ਪਾਉਣ ਦੀ ਲੋੜ ਹੈ ਤਾਂ ਕਿ ਤਕਨਾਲੋਜੀ ਦੇ ਅਦਾਨ-ਪ੍ਰਦਾਨ ਰਾਹੀਂ ਅਸੀਂ ਇੱਥੇ ਹੋਰ ਨੌਕਰੀਆਂ ਪੈਦਾ ਕਰ ਸਕੀਏ। ਉਨ੍ਹਾਂ ਖੁਸ਼ੀ ਪ੍ਰਗਟ ਕੀਤੀ ਕਿ ਇਨ੍ਹਾਂ ਦੌਰਿਆਂ ਕਾਰਨ ਵੱਖ-ਵੱਖ ਮੁਲਕਾਂ ਨਾਲ 132 ਸਮਝੌਤੇ ਹੋਏ, ਜਿਨ੍ਹਾਂ ਕਾਰਨ 650 ਮਿਲੀਅਨ ਡਾਲਰ ਦਾ ਨਵਾਂ ਬਿਜ਼ਨਸ ਹੋ ਸਕੇਗਾ ਅਤੇ 1000 ਨਵੀਆਂ ਨੌਕਰੀਆਂ ਪੈਦਾ ਹੋਣਗੀਆਂ।
ਅਮਰੀਕਾ ਵਿੱਚ ਡੋਨਲਡ ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਵਪਾਰਕ ਰਿਸ਼ਤਿਆਂ ਲਈ ਪੈਦਾ ਹੋ ਰਹੀਆਂ ਮੁਸ਼ਕਲਾਂ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਅਸੀਂ ਲਗਾਤਾਰ ਅਜਿਹੀਆਂ ਘਟਨਾਵਾਂ ‘ਤੇ ਨਜ਼ਰ ਰੱਖ ਰਹੇ ਹਾਂ ਅਤੇ ਕਿਸੇ ਵੀ ਸਥਿਤੀ ਨਾਲ ਨਿਪਟਨ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਾਨੂੰ ਅਮਰੀਕਾ ਦੀ ਲੋੜ ਹੈ, ਉਸ ਤਰ੍ਹਾਂ ਉਨ੍ਹਾਂ ਨੂੰ ਵੀ ਸਾਡੀ ਲੋੜ ਹੈ।
ਓਨਟਾਰੀਓ ਲਿਬਰਲ ਦੇ ਕੁਝ ਸੀਨੀਅਰ ਅਧਿਕਾਰੀਆਂ ਦੇ ਵੱਖ-ਵੱਖ ਸਕੈਂਡਲਾਂ ਵਿੱਚ ਚਾਰਜ ਹੋਣ ਅਤੇ ਕੈਪ ਐਂਡ ਟਰੇਡ ਕਾਰਬਨ ਸਕੀਮ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਅਸਲ ਵਿੱਚ ਅਸੀਂ ਥਰਮਲ ਪਲਾਂਟ ਬੰਦ ਕਰਨਾ ਚਾਹੁੰਦੇ ਸੀ, ਪਰੰਤੂ ਮਿੱਸੀਸਾਗਾ ਅਤੇ ਓਕਵਿੱਲ ਦੇ ਲੋਕ ਨਵੇਂ ਗੈਸ ਪਲਾਂਟ ਲਗਾਉਣਾ ਦਾ ਵਿਰੋਧ ਕਰ ਰਹੇ ਸਨ, ਜਿਸ ਕਾਰਣ ਇਹ ਹਾਲਾਤ ਪੈਦਾ ਹੋਏ। ਉਨ੍ਹਾਂ ਫਿਰ ਦੁਹਰਾਇਆ ਕਿ ਸਾਡੀ ਸਰਕਾਰ ਦੁਨੀਆ ਵਿੱਚ ਪ੍ਰਦੂਸ਼ਣ ਰੋਕਣ ਵਿੱਚ ਸੱਭ ਤੋਂ ਮੋਹਰੀ ਕੰਮ ਕਰ ਰਹੀ ਹੈ, ਜਿਸ ਬਾਰੇ ਵਿਰੋਧੀਆਂ ਵੱਲੋਂ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ।
ਬਿਜਲੀ ਦੇ ਰੇਟਾਂ ਬਾਰੇ ਉਨ੍ਹਾਂ ਕਿਹਾ ਕਿ ਉਹ ਮੰਨਦੇ ਹਨ ਕਿ ਓਨਟਾਰੀਓ ਵਿੱਚ ਰੇਟ ਜ਼ਿਆਦਾ ਹਨ ਅਤੇ ਉਹ ਹਰ ਹਾਲ ਵਿੱਚ ਇਨ੍ਹਾਂ ਨੂੰ ਘਟਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਹੀ 1 ਜਨਵਰੀ ਤੋਂ 8% ਜੀਐਸਟੀ ਦੀ ਛੋਟ ਸ਼ੁਰੂ ਕਰ ਚੁੱਕੇ ਹਾਂ। ਜਿਸ ਨਾਲ ਕੁਝ ਫਰਕ ਜ਼ਰੂਰ ਪਵੇਗਾ। ਹਾਈਡਰੋ ਵੰਨ ਬਾਰੇ ਉਨ੍ਹਾਂ ਕਿਹਾ ਕਿ ਅਸੀਂ ਸੂਬੇ ਵਿੱਚ ਵਧੀਆ ਸੜਕਾਂ, ਪੁਲ ਅਤੇ ਹੋਰ ਸੁਵਿਧਾਵਾਂ ਪੈਦਾ ਕਰਨ ਲਈ ਇਸ ਪੈਸੇ ਦੀ ਵਰਤੋਂ ਕਰਾਂਗੇ।
ਉਨ੍ਹਾਂ ਮੰਨਿਆ ਕਿ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਹਰ ਵਿਅਕਤੀ ਨੂੰ ਆਟੋ ਇੰਸ਼ਰੈਂਸ ਵਿੱਚ 15% ਕਮੀ ਜ਼ਰੂਰ ਮਿਲੇਗੀ। ਪਰੰਤੂ ਕੁਝ ਲੋਕਾਂ ਨੂੰ 8% ਤੱਕ ਰਾਹਤ ਹੀ ਮਿਲੀ ਹੈ। ਉਨ੍ਹਾਂ ਫਿਰ ਦੁਹਰਾਇਆ ਕਿ ਇਹ ਇਕ ਪੇਚੀਦਾ ਮਾਮਲਾ ਹੈ। ਇਸ ਲਈ ਅਸੀਂ ਲਗਾਤਾਰ ਯਤਨ ਕਰਦੇ ਰਹਾਂਗੇ।
ਉਨ੍ਹਾਂ ਯਕੀਨ ਦਿੱਤਾ ਕਿ ਬਰੈਂਪਟਨ ਵਿੱਚ ਯੁਨੀਵਰਸਿਟੀ ਸਥਾਪਤ ਕਰਨ ਲਈ ਉਨ੍ਹਾਂ ਦੀ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਲਈ ਸਰਕਾਰ ਹਰ ਤਰ੍ਹਾਂ ਦੀ ਮਦਦ ਦੇਵੇਗੀ।
ਭਾਰਤ ਦੀ ਫੇਰੀ ਬਾਰੇ ਉਨ੍ਹਾਂ ਕਿਹਾ ਕਿ ਉਹ ਤਾਜ ਮਹੱਲ ਅਤੇ ਸ਼੍ਰੀ ਹਰਿਮੰਦਰ ਸਾਹਿਬ ਜਾ ਕੇ ਬਹੁਤ ਖੁਸ਼ ਸਨ। ਉਨ੍ਹਾਂ ਨੂੰ ਭਾਰਤ ਦੇ ਲੋਕਾਂ ਨਾਲ ਮਿਲ ਕੇ ਵੀ ਬਹੁਤ ਚੰਗਾ ਲੱਗਾ। ਉਨ੍ਹਾਂ ਕਿਹਾ ਕਿ ਉਹ ਮੁੜ-ਮੁੜ ਭਾਰਤ ਜਾਣਾ ਚਾਹੁਣਗੇ।
ਰਜਿੰਦਰ ਸੈਣੀ ਹੋਰਾਂ ਵੱਲੋਂ ਦਿੱਤੇ ਇਕ ਸੁਝਾਅ ਬਾਰੇ ਉਨ੍ਹਾਂ ਸਵੀਕਾਰ ਕੀਤਾ ਕਿ ਉਹ ਵੀ ਚਾਹੁੰਦੇ ਹਨ ਕਿ ਹਰ ਸਾਲ ਭਾਰਤ ਤੋਂ 10 ਤੋਂ 20 ਬੱਚੇ ਓਨਟਾਰੀਓ ਵਿੱਚ ਸਪੋਰਟਸ ਦੀ ਟ੍ਰੇਨਿੰਗ ਲਈ ਆਉਣ। ਉਨ੍ਹਾਂ ਮਿਲਖਾ ਸਿੰਘ ਨਾਲ ਚੰਡੀਗੜ੍ਹ ਵਿੱਚ ਦੌੜਣ ਬਾਰੇ ਆਪਣੇ ਤਜ਼ਰਬੇ ਬਾਰੇ ਕਿਹਾ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਇਕ ਸੁਪਨਾ ਸੀ, ਜੋ ਪੂਰਾ ਹੋ ਸਕਿਆ।
ਅੰਤ ਵਿੱਚ ਪ੍ਰੀਮੀਅਰ ਦਾ ਦਾਅਵਾ ਸੀ ਕਿ ਬਾਕੀ ਰਹਿੰਦੇ ਲਗਭਗ ਡੇਢ ਸਾਲ ਦੇ ਸਮੇਂ ਵਿੱਚ ਉਹ ਵੱਧ ਤੋਂ ਵੱਧ ਮਸਲੇ ਹੱਲ ਕਰਨਾ ਚਾਹੁੰਦੇ ਹਨ ਤਾਂਕਿ ਸੂਬੇ ਦੀ ਬਹੁ-ਪੱਖੀ ਤਰੱਕੀ ਹੋ ਸਕੇ।
Check Also
ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਲਈ ਗੰਭੀਰ : ਟਰੰਪ
ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਨੂੰ ਸਾਲਾਨਾ 200 ਅਰਬ ਡਾਲਰ ਦੇ ਭੁਗਤਾਨ ‘ਤੇ ਚੁੱਕੇ ਸਵਾਲ ਵਾਸ਼ਿੰਗਟਨ/ਬਿਊਰੋ …