ਪਾਕਿਸਤਾਨੀ ਪ੍ਰਧਾਨ ਮੰਤਰੀ ਬੋਲੇ ਜੰਗ ਹੋਈ ਤਾਂ ਹਾਰ ਜਾਵੇਗਾ ਪਾਕਿ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਸ਼ਮੀਰ ਨੂੰ ਲੈ ਕੇ ਪ੍ਰਮਾਣੂ ਜੰਗ ਹੋਣ ਦਾ ਖਦਸ਼ਾ ਇਕ ਵਾਰ ਮੁੜ ਪ੍ਰਗਟਾਇਆ ਹੈ। ਹਾਲਾਂਕਿ ਹੁਣ ਉਨ੍ਹਾਂ ਨੇ ਇਹ ਸਵੀਕਾਰ ਕਰ ਲਿਆ ਹੈ ਕਿ ਪਾਕਿਸਤਾਨ ਰਵਾਇਤੀ ਜੰਗ ਵਿਚ ਭਾਰਤ ਤੋਂ ਹਾਰ ਜਾਵੇਗਾ।
ਅਲ ਜ਼ਜੀਰਾ ਟੀਵੀ ਚੈਨਲ ਨੂੰ ਦਿੱਤੀ ਗਈ ਇੰਟਰਵਿਊ ਵਿਚ ਇਮਰਾਨ ਖਾਨ ਨੇ ਕਿਹਾ ਕਿ ਪਾਕਿਸਤਾਨ ਕਦੇ ਵੀ ਪ੍ਰਮਾਣੂ ਜੰਗ ਸ਼ੁਰੂ ਨਹੀਂ ਕਰੇਗਾ। ਖੁਦ ਨੂੰ ਜੰਗ ਵਿਰੋਧੀ ਦੱਸਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਜੰਗ ਦੇ ਨਤੀਜੇ ਘਾਤਕ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਵੀਅਤਨਾਮ, ਇਰਾਕ ਨੂੰ ਦੇਖ ਲਓ, ਜੰਗ ਕਾਰਨ ਕਿਤੇ ਜ਼ਿਆਦਾ ਗੰਭੀਰ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਦੋ ਪ੍ਰਮਾਣੂ ਹਥਿਆਰਾਂ ਵਾਲੇ ਦੇਸ਼ਾਂ ਵਿਚਕਾਰ ਰਵਾਇਤੀ ਜੰਗ ਹੁੰਦੀ ਹੈ ਤਾਂ ਉਹ ਪ੍ਰਮਾਣੂ ਜੰਗ ‘ਤੇ ਆ ਕੇ ਖਤਮ ਹੋ ਸਕਦੀ ਹੈ। ਮੋਦੀ ਸਰਕਾਰ ਤੋਂ ਹੈਰਾਨ ਪ੍ਰੇਸ਼ਾਨ ਪਾਕਿਸਤਾਨੀ ਪੀਐਮ ਨੇ ਕਿਹਾ ਕਿ ਜੇ ਮੈਂ ਕਹਾਂ ਕਿ ਪਾਕਿਸਤਾਨ ਰਵਾਇਤੀ ਜੰਗ ਵਿਚ ਪੈਂਦਾ ਹੈ ਤਾਂ ਉਹ ਭਾਰਤ ਤੋਂ ਲੜਾਈ ਵਿਚ ਹਾਰ ਵੀ ਸਕਦਾ ਹੈ।
ਇਮਰਾਨ ਨੇ ਕਿਹਾ ਕਿ ਮੈਂ ਇਸ ਗੱਲ ਨੂੰ ਲੈ ਕੇ ਸਪੱਸ਼ਟ ਹਾਂ ਕਿ ਜਦੋਂ ਦੋ ਪ੍ਰਮਾਣੂ ਹਥਿਆਰਾਂ ਵਾਲੇ ਦੇਸ਼ ਇਕ ਰਵਾਇਤੀ ਯੁੱਧ ਲੜਦੇ ਹਨ ਤਾਂ ਇਸ ਵਿਚ ਕਿਸੇ ਵੀ ਤਰ੍ਹਾਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਜਿਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਪਾਕਿਸਤਾਨ ਰਵਾਇਤੀ ਯੁੱਧ ‘ਚ ਹਾਰ ਜਾਂਦਾ ਹੈ ਅਤੇ ਇਕ ਦੇਸ਼ ਦੋ ਬਦਲਾਂ ‘ਚ ਫਸ ਜਾਂਦਾ ਹੈ, ਜਾਂ ਤਾਂ ਆਤਮ-ਸਮਰਪਣ ਕਰੇ ਜਾਂ ਆਪਣੀ ਅਜ਼ਾਦੀ ਲਈ ਆਖਰੀ ਸਾਹ ਤੱਕ ਲੜੇ ਤਾਂ ਪਾਕਿਸਤਾਨ ਸੁਤੰਤਰਤਾ ਲਈ ਆਖਰੀ ਸਾਹ ਤੱਕ ਲੜੇਗਾ ਅਤੇ ਜਦੋਂ ਇਕ ਪ੍ਰਮਾਣੂ ਦੇਸ਼ ਆਖਰੀ ਸਾਹ ਤੱਕ ਲੜਦਾ ਹੈ ਤਾਂ ਨਤੀਜੇ ਬੇਹੱਦ ਭਿਆਨਕ ਹੁੰਦੇ ਹਨ। ਇਮਰਾਨ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਅਸੀਂ ਸੰਯੁਕਤ ਰਾਸ਼ਟਰ ਨਾਲ ਸੰਪਰਕ ਕੀਤਾ ਹੈ ਅਤੇ ਅੰਤਰਰਾਸ਼ਟਰੀ ਮੰਚ ‘ਤੇ ਸੰਪਰਕ ਕਰ ਰਹੇ ਹਾਂ ਕਿ ਉਨ੍ਹਾਂ ਨੂੰ ਇਸ ਸਬੰਧੀ ਕਦਮ ਚੁੱਕਣੇ ਚਾਹੀਦੇ ਹਨ, ਕਿਉਂਕਿ ਇਹ (ਕਸ਼ਮੀਰ) ਇਕ ਸੰਭਾਵਿਤ ਆਫ਼ਤ ਹੈ ਜੋ ਭਾਰਤੀ ਉਪ-ਮਹਾਂਦੀਪ ਤੋਂ ਅੱਗੇ ਜਾਵੇਗੀ। ਪਾਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜੇ ਭਾਰਤ ਨਾਲ ਗੱਲਬਾਤ ਕਰਨ ਦੀ ਕੋਈ ਸੰਭਾਵਨਾ ਨਹੀਂ ਹੈ।
ਮੋਦੀ ਪਾਕਿ ਨੂੰ ਤਬਾਹ ਕਰਨ ਦੇ ਏਜੰਡੇ ‘ਤੇ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦਾਅਵਾ ਕੀਤਾ ਕਿ ਕਸ਼ਮੀਰ ਨੂੰ ਲੈ ਕੇ ਭਾਰਤ ਨਾਲ ਗੱਲਬਾਤ ਦੇ ਕਈ ਯਤਨ ਉਨ੍ਹਾਂ ਕੀਤੇ, ਪਰ ਮਤਭੇਦ ਦੂਰ ਨਾ ਹੋ ਸਕੇ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਭਾਰਤ ਹੁਣ ਪਾਕਿਸਤਾਨ ਨੂੰ ਐਫਏਟੀਐਫ (ਫਾਇਨਾਂਸ਼ੀਅਲ ਐਕਸ਼ਨ ਟਾਸਕ ਫੋਰਸ) ਦੀ ਕਾਲੀ ਸੂਚੀ ਵਿਚ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜੇ ਪਾਕਿਸਤਾਨ ਨੂੰ ਐਫਏਟੀਐਫ ਦੀ ਕਾਲੀ ਸੂਚੀ ਵਿਚ ਪਾਇਆ ਗਿਆ ਤਾਂ ਫਿਰ ਪਾਕਿ ‘ਤੇ ਸਖਤ ਆਰਥਿਕ ਪਾਬੰਦੀਆਂ ਲੱਗ ਜਾਣਗੀਆਂ। ਉਹ ਸਾਨੂੰ ਆਰਥਿਕ ਰੂਪ ਵਿਚ ਤਬਾਹ ਕਰਨ ‘ਤੇ ਤੁਲੇ ਹੋਏ ਹਨ ਤਾਂ ਹੀ ਸਾਨੂੰ ਅਹਿਸਾਸ ਹੋਇਆ ਕਿ ਇਹ ਸਰਕਾਰ (ਮੋਦੀ ਸਰਕਾਰ) ਪਾਕਿਸਤਾਨ ਨੂੰ ਬਰਬਾਦੀ ਵੱਲ ਧੱਕਣ ਦਾ ਏਜੰਡਾ ਲੈ ਕੇ ਆਈ ਹੈ। ਕਸ਼ਮੀਰ ਤੋਂ ਧਾਰਾ 370 ਹਟਾਉਣ ਪਿੱਛੋਂ ਭਾਰਤ ਸਰਕਾਰ ਨਾਲ ਗੱਲ ਕਰਨ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਉਣ ਦੇ ਮੁੱਦੇ ‘ਤੇ ਇਮਰਾਨ ਨੇ ਭਾਰਤ ‘ਤੇ ਦੋਸ਼ ਲਗਾਇਆ ਕਿ ਕਸ਼ਮੀਰ ਨੂੰ ਨਜਾਇਜ਼ ਤਰੀਕੇ ਨਾਲ ਮਿਲਾਇਆ ਗਿਆ ਹੈ।
Check Also
ਗੌਤਮ ਅਡਾਨੀ ’ਤੇ ਨਿਊਯਾਰਕ ’ਚ ਧੋਖਾਧੜੀ ਤੇ ਰਿਸ਼ਵਤ ਦੇਣ ਦਾ ਆਰੋਪ
ਸੋਲਰ ਐਨਰਜੀ ਕੰਟਰੈਕਟ ਲਈ ਭਾਰਤੀ ਅਧਿਕਾਰੀਆਂ ਨੂੰ ਕਰੋੜਾਂ ਰੁਪਏ ਦੀ ਆਫਰ ਨਵੀਂ ਦਿੱਲੀ/ਬਿਊਰੋ ਨਿਊਜ਼ ਨਿਊਯਾਰਕ …