-11 C
Toronto
Friday, January 23, 2026
spot_img
Homeਦੁਨੀਆਵਿਸ਼ਵ ਵਿਚ ਝੂਲਦੇ ਸਿੱਖੀ ਦੇ ਨਿਸ਼ਾਨ

ਵਿਸ਼ਵ ਵਿਚ ਝੂਲਦੇ ਸਿੱਖੀ ਦੇ ਨਿਸ਼ਾਨ

ਸਿੱਖ ਭਾਈਚਾਰੇ ਨੂੰ ਬਰਤਾਨੀਆ ‘ਚ ਮਿਲੇਗਾ ਵਿਸ਼ੇਸ਼ ਮੂਲ ਨਿਵਾਸੀ ਹੋਣ ਦਾ ਦਰਜਾ
ਲੰਡਨ/ਬਿਊਰੋ ਨਿਊਜ਼ : ਬਰਤਾਨੀਆ ਵਿਚ ਵਸੇ ਸਿੱਖ ਭਾਈਚਾਰੇ ਨੂੰ 2021 ਦੀ ਮਰਦਮਸ਼ੁਮਾਰੀ ਵਿਚ ਵਿਸ਼ੇਸ਼ ਮੂਲ ਨਿਵਾਸੀ ਦਾ ਦਰਜਾ ਦਿੱਤਾ ਜਾਵੇਗਾ। ਇਸ ਨੂੰ ਸਿੱਖ ਭਾਈਚਾਰੇ ਲਈ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਹੁਣ ਤਕ ਬਰਤਾਨੀਆ ਵਿਚ ਸਿੱਖ ਭਾਈਚਾਰੇ ਨੂੰ ਇਕ ਧਰਮ ਦੇ ਤੌਰ ‘ਤੇ ਹੀ ਮਾਨਤਾ ਦਿੱਤੀ ਜਾਂਦੀ ਸੀ। ਇਸ ਨਾਲ ਸਿੱਖਾਂ ਲਈ ਬਰਤਾਨੀਆ ਦੀਆਂ ਕਈ ਬੁਨਿਆਦੀ ਸਹੂਲਤਾਂ ਤਕ ਪਹੁੰਚ ਸੁਖਾਲੀ ਹੋ ਜਾਵੇਗੀ।
ਸੰਨ 2011 ਵਿਚ ਹੋਈ ਮਰਦਮਸ਼ੁਮਾਰੀ ਵਿਚ 83000 ਤੋਂ ਵੱਧ ਸਿੱਖਾਂ ਨੇ ਘੱਟ ਗਿਣਤੀ ਵਾਲੇ ਖਾਨੇ ਵਿਚ ਖੁਦ ਨੂੰ ‘ਭਾਰਤੀ’ ਆਦਿ ਵਜੋਂ ਦਰਸਾਉਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਹੋਰ ਵਾਲੇ ਖਾਨੇ ਵਿਚ ਖੁਦ ਨੂੰ ਸਿੱਖ ਵਜੋਂ ਦਰਸਾਇਆ ਸੀ। ਅੰਕੜੇ ਰੱਖਣ ਵਾਲੀ ਸਰਕਾਰੀ ਸੰਸਥਾ ਓ. ਐਨ. ਐਸ.2021 ਵਿੱਚ ਹੋਣ ਵਾਲੀ ਮਰਦਮਸ਼ੁਮਾਰੀ ਵਿੱਚ ਸਿੱਖਾਂ ਦੀ ਵੱਖਰੀ ਗਿਣਤੀ ਕਰਨ ਲਈ ਵੱਖਰਾ ਖਾਨਾ ਬਣਾਉਣ ‘ਤੇ ਵਿਚਾਰ ਕਰ ਰਹੀ ਹੈ। ਯੂ.ਕੇ.ਵਿੱਚ ਸਿੱਖ ਭਾਈਚਾਰੇ ਦੀ ਗਿਣਤੀ ਲਗਪਗ 4 ਲੱਖ 30 ਹਜ਼ਾਰ ਤੋਂ ਵੱਧ ਹੈ। ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਫਾਰ ਸਿੱਖਸ ਵੱਲੋਂ ਜਨਤਕ ਸਲਾਹ ਲੈਣ ਲਈ ਓ ਐਨ.ਐਸ. ਨਾਲ ਮਿਲ ਕੇ 5 ਮਹੀਨੇ ਪਹਿਲਾਂ ਇੰਗਲੈਂਡ ਦੇ 250 ਦੇ ਕਰੀਬ ਗੁਰੂ ਘਰਾਂ ਨੂੰ ਪੱਤਰ ਲਿਖੇ ਸਨ। ਜਿਨ੍ਹਾਂ ਵਿੱਚੋਂ 112 ਗੁਰਦੁਆਰਾ ਸਾਹਿਬ ਵੱਲੋਂ ਇਨ੍ਹਾਂ ਪੱਤਰਾਂ ਦਾ ਹਾਂ ਪੱਖੀ ਜਵਾਬ ਦਿੱਤਾ ਗਿਆ ਸੀ। 118 ਗੁਰੂ ਘਰਾਂ ਨੇ ਪੱਤਰ ਦਾ ਜਵਾਬ ਨਹੀਂ ਦਿੱਤਾ। ਹਾਂ ਪੱਖੀ ਜਵਾਬ ਦੇਣ ਵਾਲੇ ਇਹ ਗੁਰੂ ਘਰ ਘੱਟੋ-ਘੱਟ 1 ਲੱਖ ਤੋਂ ਵੱਧ ਸਿੱਖਾਂ ਦੀ ਨੁਮਾਇੰਦਗੀ ਕਰਦੇ ਹਨ।
ਬਰਤਾਨੀਆ ਦੀ ਪਹਿਲੀ ਸਿੱਖ ਮਹਿਲਾ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਚੇਅਰਪਰਸਨ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਨੇ ਕਿਹਾ ਹੈ ਕਿ ਖੁਸ਼ੀ ਹੈ ਕਿ ਯੂ. ਕੇ.ਦੇ ਗੁਰੂ ਘਰਾਂ ਨੇ ਇਸ ਪ੍ਰਤੀ ਹਾਂ ਪੱਖੀ ਜਵਾਬ ਦਿੱਤਾ ਹੈ ਅਤੇ ਇੱਕ ਵੀ ਗੁਰੂ ਘਰ ਨੇ ਇਸ ਮੰਗ ਦਾ ਵਿਰੋਧ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਓ. ਐਨ.ਐਸ. ਵੱਲੋਂ 60 ਫ਼ੀਸਦੀ ਹਾਂ ਹੋਣ ‘ਤੇ ਇਸ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿਹਤ ਸੇਵਾਵਾਂ ਸੰਸਥਾਵਾਂ ਵੱਖ-ਵੱਖ ਘੱਟ ਗਿਣਤੀ ਗਰੁੱਪਾਂ ਅਨੁਸਾਰ ਭਵਿੱਖ ਲਈ ਸੇਵਾ ਵਿਵਸਥਾ ਨਿਰਧਾਰਤ ਕਰਦੀਆਂ ਹਨ। ਵਿਸ਼ੇਸ਼ ਮੂਲ ਨਿਵਾਸੀ ਦਾ ਦਰਜਾ ਮਿਲਣ ਨਾਲ ਸਿੱਖਾਂ ਨੂੰ ਲਾਭ ਹੋਵੇਗਾ। ਸਿੱਖ ਫੈਡਰੇਸ਼ਨ ਯੂ. ਕੇ.ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ ਓ. ਐਨ.ਐਸ. ਆਪਣਾ ਆਖਰੀ ਇਮਤਿਹਾਨ ਲੈ ਚੁੱਕੀ ਹੈ, ਕਿ 100 ਫ਼ੀਸਦੀ ਸਿੱਖ ਭਾਈਚਾਰੇ ਦੀ ਇਹ ਮੰਗ ਹੈ।
ਨਿਊਯਾਰਕ ਦੇ ਸਕੂਲਾਂ ‘ਚ ਸਿੱਖ ਧਰਮ ਬਾਰੇ ਹੋਵੇਗੀ ਪੜ੍ਹਾਈ
ਨਿਊਯਾਰਕ : ਅਮਰੀਕਾ ਵਿਚ 70 ਫ਼ੀਸਦੀ ਤੋਂ ਜ਼ਿਆਦਾ ਨਾਗਰਿਕਾਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਨਾ ਹੋਣ ਕਰਕੇ ਨਿਊਯਾਰਕ ਸੂਬੇ ਦੇ ਸਕੂਲਾਂ ਵਿਚ ਸਿੱਖ ਧਰਮ ਅਤੇ ਇਸ ਦੀਆਂ ਪ੍ਰੰਪਰਾਵਾਂ ਬਾਰੇ ਪੜ੍ਹਾਇਆ ਜਾਵੇਗਾ। ਅਮਰੀਕੀ ਮੀਡੀਆ ਅਨੁਸਾਰ ਗ਼ੈਰ-ਸਰਕਾਰੀ ਜਥੇਬੰਦੀ ਯੂਨਾਈਟਿਡ ਸਿੱਖ ਨੇ ਨਿਊਯਾਰਕ ਦੇ ਸਿੱਖਿਆ ਵਿਭਾਗ ਨਾਲ ਗੱਠਜੋੜ ਕੀਤਾ ਹੈ। ਇਸ ਦਾ ਮਕਸਦ ਅਮਰੀਕੀ ਵਿਦਿਆਰਥੀਆਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਦੇਣਾ ਹੈ। ਸਮਝੌਤੇ ਅਨੁਸਾਰ ਜਮਾਇਕਾ, ਕੁਈਨਜ਼ ਦੇ ਪੰਜਵੀਂ ਤੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਦਿੱਤੀ ਜਾਵੇਗੀ।ਪ੍ਰਾਪਤ ਰਿਪੋਰਟ ਅਨੁਸਾਰ ਯੂਨਾਈਟਿਡ ਸਿੱਖ ਦੇ ਸੀਨੀਅਰ ਨੀਤੀ ਸਲਾਹਕਾਰ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਨੇ ਜਿਨ੍ਹਾਂ ਅਮਰੀਕੀਆਂ ਦਾ ਸਰਵੇਖਣ ਕੀਤਾ ਉਨ੍ਹਾਂ ਵਿਚੋਂ 70 ਪ੍ਰਤੀਸ਼ਤ ਲੋਕਾਂ ਨੂੰ ਸਿੱਖ ਧਰਮ ਦੇ ਬਾਰੇ ‘ਚ ਜਾਣਕਾਰੀ ਨਹੀਂ ਹੈ। ਅਮਰੀਕੀ ਵਿਦਿਆਰਥੀਆਂ ਨੂੰ ਆਪਣੇ ਸਿੱਖ ਸਾਥੀ ਵਿਦਿਆਰਥੀਆਂ ਦੇ ਬਾਰੇ ਵਿਚ ਵੀ ਜਾਣਕਾਰੀ ਨਹੀਂ ਹੈ। ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਸ ਸਾਲ ਪੰਜਵੀਂ ਤੇ ਛੇਵੀਂ ਦੇ 70 ਫ਼ੀਸਦੀ ਵਿਦਿਆਰਥੀਆਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਆਉਂਦੇ ਸਾਲਾਂ ‘ਚ ਇਸ ਨੂੰ ਬਾਕੀ ਰਹਿੰਦੇ ਸਕੂਲਾਂ ਵਿਚ ਲਾਗੂ ਕਰ ਦਿੱਤਾ ਜਾਵੇਗਾ।
ਸਿੱਖ ਵਿਰਸੇ ਨੂੰ ਸਾਂਭਣ ਖਾਤਰ ਅਜਾਇਬ ਘਰ ਨੂੰ
ਨਵਦੀਪ ਬੈਂਸ ਵਲੋਂ 3 ਲੱਖ 80 ਹਜ਼ਾਰ ਡਾਲਰ ਭੇਟ
ਸਿੱਖ ਵਿਰਾਸਤ ਨੂੰ ਸਾਂਭਣ ਖਾਤਰ ਅਜਾਇਬ ਘਰ ਨੂੰ ਕੈਨੇਡੀਅਨ ਮੰਤਰੀ ਨਵਦੀਪ ਸਿੰਘ ਬੈਂਸ ਨੇ ਕੈਨੇਡਾ ਸਰਕਾਰ ਵਲੋਂ 3 ਲੱਖ 80 ਹਜ਼ਾਰ ਡਾਲਰ ਭੇਟ ਕੀਤੇ। ਇਸ ਤਹਿਤ ਕੈਨੇਡਾ ਵਿਚ ਸਿੱਖਾਂ ਦੇ ਸੰਘਰਸ਼, ਕੁਰਬਾਨੀਆਂ ਅਤੇ ਸਫਲਤਾਵਾਂ ਨੂੰ ਦਰਸਾਉਣ ਲਈ ਅਜਾਇਬ ਘਰ ਦੇ ਨਾਲ-ਨਾਲ ਵੈਬ ਪੋਰਟਲ ਅਤੇ ਮੋਬਾਇਲ ਐਪ ਰਾਹੀਂ ਵੀ ਜਨਤਾ ਤੱਕ ਪਹੁੰਚ ਕੀਤੀ ਜਾਵੇਗੀ।

RELATED ARTICLES
POPULAR POSTS