Breaking News
Home / ਦੁਨੀਆ / ਅਫਗਾਨ ਹਮਲੇ ‘ਚ ਮਾਰੇ ਗਏ ਸਿੱਖਾਂ ਦੀਆਂ ਅਸਥੀਆਂ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਜਲ ਪ੍ਰਵਾਹ

ਅਫਗਾਨ ਹਮਲੇ ‘ਚ ਮਾਰੇ ਗਏ ਸਿੱਖਾਂ ਦੀਆਂ ਅਸਥੀਆਂ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਜਲ ਪ੍ਰਵਾਹ

ਕੀਰਤਪੁਰ ਸਾਹਿਬ/ਬਿਊਰੋ ਨਿਊਜ਼ : ਅਫ਼ਗਾਨਿਸਤਾਨ ਵਿੱਚ ਪਿਛਲੇ ਦਿਨੀਂ ਆਤਮਘਾਤੀ ਹਮਲੇ ਵਿੱਚ ਮਾਰੇ ਗਏ 12 ਸਿੱਖਾਂ ਦੀਆਂ ਅਸਥੀਆਂ ਸੋਮਵਾਰ ਨੂੰ ਕੀਰਤਪੁਰ ਸਾਹਿਬ ਵਿਖੇ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਨਾਲ ਸਤਲੁਜ ਦਰਿਆ ‘ਤੇ ਬਣੇ ਅਸਥਘਾਟ ਵਿਖੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਸਾਕ-ਸਬੰਧੀਆਂ ਵੱਲੋਂ ਨਮ ਅੱਖਾਂ ਨਾਲ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ। ਚੇਤੇ ਰਹੇ ਕਿ ਲੰਘੀ ਇਕ ਜੁਲਾਈ ਨੂੰੰ ਅਫ਼ਗ਼ਾਨਿਸਤਾਨ ਦੇ ਸ਼ਹਿਰ ਜਲਾਲਾਬਾਦ ਵਿਚ ਰਾਸ਼ਟਰਪਤੀ ਨੂੰ ਮਿਲਣ ਜਾ ਰਹੇ ਸਿੱਖ ਆਗੂਆਂ ਦੇ ਵਫ਼ਦ ‘ਤੇ ਆਤਮਘਾਤੀ ਹਮਲਾ ਹੋ ਗਿਆ ਸੀ।
ਇਸ ਹਮਲੇ ਵਿਚ 12 ਸਿੱਖ ਅਤੇ ਇਕ ਹਿੰਦੂ ਸਮੇਤ 19 ਵਿਅਕਤੀਆਂ ਦੀ ਜਾਨ ਚਲੀ ਗਈ ਸੀ। ਮ੍ਰਿਤਕਾਂ ਦੀਆਂ ਅਸਥੀਆਂ 19 ਜੁਲਾਈ ਨੂੰ ਭਾਰਤ ਲਿਆਂਦੀਆਂ ਗਈਆਂ ਸਨ, ਜਿਨ੍ਹਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਅਰਜਨ ਦੇਵ ਜੀ ਨਿਊ ਮਹਾਂਵੀਰ ਨਗਰ ਵਿਖੇ ਸੰਗਤ ਦੇ ਦਰਸ਼ਨਾਂ ਲਈ ਰੱਖਿਆ ਗਿਆ ਸੀ। ਇਸ ਤੋਂ ਬਾਅਦ ਸੋਮਵਾਰ ਸਵੇਰੇ ਅਸਥੀਆਂ ਦਿੱਲੀ ਤੋਂ 8 ਬੱਸਾਂ ਅਤੇ 30 ਕਾਰਾਂ ਦੇ ਕਾਫ਼ਲੇ ਦੇ ਰੂਪ ਵਿੱਚ ਕੀਰਤਪੁਰ ਸਾਹਿਬ ਵਿਖੇ ਲਿਆਂਦੀਆਂ ਗਈਆਂ। ਇਸ ਮੌਕੇ ਪੀੜਤ ਪਰਿਵਾਰਾਂ ਨਾਲ ਡਾ. ਦਲਜੀਤ ਸਿੰਘ ਚੀਮਾ ਵੀ ਸਨ।
ਇਸ ਮੌਕੇ ਹਮਲੇ ਵਿੱਚ ਜ਼ਖ਼ਮੀ ਸਤਪਾਲ ਸਿੰਘ, ਇਕਬਾਲ ਸਿੰਘ, ਮਹਿੰਦਰ ਸਿੰਘ, ਗੁਰਮੀਤ ਸਿੰਘ, ਇੰਦਰਪਾਲ ਸਿੰਘ, ਨਰਿੰਦਰ ਸਿੰਘ ਦਲੀਪ ਸਿੰਘ ਤੋਂ ਇਲਾਵਾ ਤੀਰਥ ਸਿੰਘ, ਮਨਜੀਤ ਸਿੰਘ ਤੇ ਮ੍ਰਿਤਕਾਂ ਦੇ 22 ਪਰਿਵਾਰਕ ਮੈਂਬਰ ਅਫ਼ਗਾਨਿਸਤਾਨ ਤੋਂ ਆਏ ਸਨ। ਇਸ ਮੌਕੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਨੂੰ ਆਲਮੀ ਪੱਧਰ ‘ਤੇ ਯਤਨ ਕਰਨੇ ਚਾਹੀਦੇ ਸਨ। ਮਾਰੇ ਜਾਣ ਵਾਲੇ ਸਿੱਖਾਂ ਵਿੱਚ ਮਾਸਟਰ ਅਵਤਾਰ ਸਿੰਘ, ਰਵੇਲ ਸਿੰਘ, ਅਨੂਪ ਸਿੰਘ, ਸਤਨਾਮ ਸਿੰਘ, ਰਾਜੂ ਸਿੰਘ, ਅਮਰੀਕ ਸਿੰਘ, ਤਰਨਜੀਤ ਸਿੰਘ, ਨਰਿੰਦਰ ਸਿੰਘ, ਮਨਜੀਤ ਸਿੰਘ , ਇੰਦਰਜੀਤ ਸਿੰਘ, ਬਲਜੀਤ ਸਿੰਘ ਤੋਂ ਇਲਾਵਾ ਇਕ ਹਿੰਦੂ ਵਿਅਕਤੀ ਵਿੱਕੀ ਕੁਮਾਰ ਸ਼ਾਮਲ ਸੀ, ਜਿਨ੍ਹਾਂ ਦੀਆਂ ਅਸਥੀਆਂ ਜਲ ਪ੍ਰਵਾਹ ਕੀਤੀਆਂ ਗਈਆਂ।

Check Also

ਪੰਜ ਸਾਲਾਂ ‘ਚ 27 ਲੱਖ ਪਾਕਿਸਤਾਨੀਆਂ ਦੇ ਡੇਟਾ ‘ਚ ਸੰਨ੍ਹ

ਕੌਮੀ ਡੇਟਾਬੇਸ ਤੇ ਰਜਿਸਟ੍ਰੇਸ਼ਨ ਅਥਾਰਿਟੀ ਤੋਂ ਡੇਟਾ ਲੀਕ ਹੋਣ ਦਾ ਦਾਅਵਾ ਸੀਨੀਅਰ ਅਧਿਕਾਰੀਆਂ ਖਿਲਾਫ਼ ਕਾਰਵਾਈ …