Breaking News
Home / ਦੁਨੀਆ / ਭਾਰਤੀਆਂ ਨੂੰ ਯੂਕਰੇਨ ‘ਚੋਂ ‘ਸੁਰੱਖਿਅਤ ਲਾਂਘਾ’ ਦੇਣ ਲਈ ਕੰਮ ਜਾਰੀ : ਰੂਸ ਦੇ ਰਾਜਦੂਤ ਦਾ ਦਾਅਵਾ

ਭਾਰਤੀਆਂ ਨੂੰ ਯੂਕਰੇਨ ‘ਚੋਂ ‘ਸੁਰੱਖਿਅਤ ਲਾਂਘਾ’ ਦੇਣ ਲਈ ਕੰਮ ਜਾਰੀ : ਰੂਸ ਦੇ ਰਾਜਦੂਤ ਦਾ ਦਾਅਵਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਵਿੱਚ ਰੂਸ ਦੇ ਨਾਮਜ਼ਦ ਰਾਜਦੂਤ ਡੈਨਿਸ ਅਲੀਪੋਵ ਨੇ ਕਿਹਾ ਕਿ ਉਹ ਯੂਕਰੇਨ ਦੇ ਖਾਰਕੀਵ, ਸੂਮੀ ਤੇ ਜੰਗ ਦੀ ਮਾਰ ਹੇਠ ਆਏ ਹੋਰਨਾਂ ਇਲਾਕਿਆਂ ‘ਚੋਂ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਲਈ ਭਾਰਤ ਸਰਕਾਰ ਦੇ ਸੰਪਰਕ ਵਿੱਚ ਹਨ। ਉਨ੍ਹਾਂ ਕਿਹਾ ਕਿ ਰੂਸੀ ਇਲਾਕੇ ਤੱਕ ਸੁਰੱਖਿਅਤ ਲਾਂਘਾ ਦੇਣ ਲਈ ‘ਗਲਿਆਰਾ’ ਬਣਾਉਣ ਲਈ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ ਤੇ ਆਸ ਹੈ ਕਿ ਇਹ ਯੋਜਨਾ ਛੇਤੀ ਅਮਲ ਵਿੱਚ ਆ ਜਾਵੇਗੀ। ਅਲੀਪੋਵ ਨੇ ਕਿਹਾ ਕਿ ਰੂਸ ਖਾਰਕੀਵ ਸ਼ਹਿਰ ਵਿੱਚ ਗੋਲਾਬਾਰੀ ਦੌਰਾਨ ਮਾਰੇ ਗਏ ਭਾਰਤੀ ਮੈਡੀਕਲ ਵਿਦਿਆਰਥੀ ਨਾਲ ਜੁੜੇ ਮਾਮਲੇ ਦੀ ਜਾਂਚ ਵੀ ਕਰੇਗਾ।
ਨਵੀਂ ਦਿੱਲੀ ‘ਚ ਮੀਡੀਆ ਦੇ ਰੂਬਰੂ ਹੁੰਦਿਆਂ ਅਲੀਪੋਵ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਭਾਰਤੀਆਂ ਨੂੰ ਯੂਕਰੇਨ ਦੇ ਟਕਰਾਅ ਵਾਲੇ ਖੇਤਰਾਂ ‘ਚੋਂ ਰੂਸੀ ਇਲਾਕੇ ਤੱਕ ਸੁਰੱਖਿਅਤ ਲਾਂਘਾ ਮੁਹੱਈਆ ਕਰਵਾਉਣ ਦੇ ਢੰਗ ਤਰੀਕੇ ‘ਤੇ ਕੰਮ ਕਰ ਰਿਹਾ ਹੈ। ਇਕ ਸਵਾਲ ਦੇ ਜਵਾਬ ਵਿੱਚ ਰੂਸੀ ਸਫ਼ੀਰ ਨੇ ਕਿਹਾ ਕਿ ਯੂਕਰੇਨ ਸੰਕਟ ਮਗਰੋਂ ਪੱਛਮੀ ਮੁਲਕਾਂ ਵੱਲੋਂ ਰੂਸ ‘ਤੇ ਲਾਈਆਂ ਪਾਬੰਦੀਆਂ ਭਾਰਤ ਨੂੰ ਐੱਸ-400 ਮਿਜ਼ਾਈਲਾਂ ਦੀ ਸਪਲਾਈ ਕਰਨ ਦੇ ਅਮਲ ਵਿੱਚ ‘ਅੜਿੱਕਾ’ ਨਹੀਂ ਬਣਨਗੀਆਂ। ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ‘ਨਿਰਪੱਖ’ ਰਹਿਣ ਦਾ ਲਿਆ ਸਟੈਂਡ ਯੂਕਰੇਨ ਦੇ ਹਾਲਾਤ ਦੀ ਸਮੀਖਿਆ ‘ਤੇ ਅਧਾਰਿਤ ਹੈ।
ਹਥਿਆਰਾਂ ਲਈ ਰੂਸ ‘ਤੇ ਟੇਕ ਦਾ ਇਸ ਨਾਲ ਕੋਈ ਲਾਗਾ-ਦੇਗਾ ਨਹੀਂ। ਅਲੀਪੋਵ ਨੇ ਕਿਹਾ, ”ਅਸੀਂ ਯੂਐੱਨ ਵਿੱਚ ਆਪੋ ਆਪਣੀ ਪੁਜ਼ੀਸ਼ਨ ਨੂੰ ਲੈ ਕੇ ਨਾ ਤਾਂ ਇਕ ਦੂਜੇ ਨਾਲ ਕੋਈ ਤਾਲਮੇਲ ਕੀਤਾ ਤੇ ਨਾ ਹੀ ਭਾਰਤ ਨਾਲ ਯੂਕਰੇਨ ਖਿਲਾਫ਼ ਆਪਣੀ ਰਸਾਈ ਬਾਰੇ ਕੋਈ ਗੱਲ ਕੀਤੀ।”
ਰੂਸੀ ਸਫ਼ੀਰ ਨੇ ਕਿਹਾ, ”ਅਸੀਂ ਭਾਰਤ ਨੂੰ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਬਾਰੇ ਅਪਡੇਟ ਕਰਨ ਲਈ ਹਰ ਸੰਭਵ ਯਤਨ ਕਰ ਰਹੇ ਹਾਂ।” ਇਸ ਦੌਰਾਨ ਅਲੀਪੋਵ ਨੇ ਕਿਹਾ ਕਿ ਰੂਸ ਯੂਕਰੇਨ ਦੇ ਸ਼ਹਿਰ ਖਾਰਕੀਵ ਵਿੱਚ ਗੋਲਾਬਾਰੀ ਦੌਰਾਨ ਮਾਰੇ ਗਏ ਭਾਰਤੀ ਮੈਡੀਕਲ ਵਿਦਿਆਰਥੀ ਨਾਲ ਜੁੜੇ ਮਾਮਲੇ ਦੀ ਜਾਂਚ ਕਰੇਗਾ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …