Breaking News
Home / ਦੁਨੀਆ / ਪਾਕਿ ‘ਚ ਪਹਿਲੀ ਹਿੰਦੂ ਦਲਿਤ ਮਹਿਲਾ ਕ੍ਰਿਸ਼ਨਾ ਬਣੀ ਸੈਨੇਟਰ

ਪਾਕਿ ‘ਚ ਪਹਿਲੀ ਹਿੰਦੂ ਦਲਿਤ ਮਹਿਲਾ ਕ੍ਰਿਸ਼ਨਾ ਬਣੀ ਸੈਨੇਟਰ

ਕਰਾਚੀ/ਬਿਊਰੋ ਨਿਊਜ਼ : ਪਾਕਿਸਤਾਨ ਪੀਪਲਜ਼ ਪਾਰਟੀ ਦੀ ਟਿਕਟ ਉੱਤੇ ਸੂਬਾ ਸਿੰਧ ਵਿੱਚੋਂ ਇੱਕ ਹਿੰਦੂ ਔਰਤ ਕ੍ਰਿਸ਼ਨਾ ਕੁਮਾਰੀ ਕੋਲ੍ਹੀ ਨੂੰ ਪਾਕਿਸਤਾਨ ਸੈਨੇਟ ਦੀ ਮੈਂਬਰ ਚੁਣੇ ਜਾਣ ਦਾ ਮਾਣ ਹਾਸਲ ਹੋਇਆ ਹੈ। ਉਹ ਪਹਿਲੀ ਦਲਿਤ ਹਿੰਦੂ ਮਹਿਲਾ ਹੈ, ਜੋ ਦੇਸ਼ ਦੀ ਸੈਨੇਟ ਮੈਂਬਰ ਚੁਣੀ ਗਈ ਹੈ। ਇਹ ਪ੍ਰਗਟਾਵਾ ਪਾਕਿਸਤਾਨ ਪੀਪਲਜ਼ ਪਾਰਟੀ ਨੇ ਕੀਤਾ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਸੰਵਿਧਾਨ ਅਨੁਸਾਰ ਕੋਹਲੀ ਘੱਟ ਗਿਣਤੀ ਨੂੰ ਅਨੁਸੂਚਿਤ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।
ਕ੍ਰਿਸ਼ਨਾ ਕੁਮਾਰੀ (39 ਸਾਲ) ਸੂਬਾ ਸਿੰਧ ਦੇ ਨਗਰਪਾਰਕਰ ਦੇ ਦੂਰ-ਦਰਾਜ ਪਿੰਡ ਧਾਨਾ ਗਾਂਵ ਦੀ ਵਸਨੀਕ ਹੈ ਤੇ ਬਿਲਾਵਲ ਭੁੱਟੋ ਜ਼ਰਦਾਰੀ ਦੀ ਅਗਵਾਈ ਵਾਲੀ ਪੀਪਲਜ਼ ਪਾਰਟੀ ਦੀ ਮੈਂਬਰ ਹੈ। ਸ੍ਰੀਮਤੀ ਕੋਹਲੀ ਦੀ ਚੋਣ ਉੱਤੇ ਟਿੱਪਣੀ ਕਰਦਿਆਂ ਬਿਲਾਵਲ ਭੁੱਟੋ ਨੇ ਕਿਹਾ ਕਿ ਘੱਟ ਗਿਣਤੀ ਸੀਟ ਤੋਂ ਸ੍ਰੀਮਤੀ ਕ੍ਰਿਸ਼ਨਾ ਕੋਹਲੀ ਦੀ ਚੋਣ ਇਹ ਦਰਸਾਉਂਦੀ ਹੈ ਕਿ ਦੇਸ਼ ਵਿੱਚ ਘੱਟ ਗਿਣਤੀਆਂ ਦੇ ਵੀ ਅਧਿਕਾਰ ਹਨ ਤੇ ਉਹ ਪਾਕਿਸਤਾਨ ਦੀ ਰਾਜਨੀਤੀ ਵਿੱਚ ਅਹਿਮ ਰੋਲ ਨਿਭਾਅ ਸਕਦੀਆਂ ਹਨ। ਸ੍ਰੀਮਤੀ ਕੋਹਲੀ ਨੇ ਆਪਣੀ ਚੋਣ ਉੱਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਾਰਟੀ ਨੇ ਉਸਦੇ ਵਿੱਚ ਵਿਸ਼ਵਾਸ ਪ੍ਰਗਟਾਇਆ ਹੈ, ਇਸ ਦੇ ਲਈ ਉਹ ਧੰਨਵਾਦੀ ਹੈ। ਉਨ੍ਹਾਂ ਕਿਹਾ ਕਿ ਉਹ ਘੱਟ ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਦੀ ਕਾਰਕੁੰਨ ਹੈ ਤੇ ਹੁਣ ਉਹ ਹੋਰ ਵੀ ਪ੍ਰਭਾਵਸ਼ਾਲੀ ਢੰਗ ਦੇ ਨਾਲ ਘੱਟ ਗਿਣਤੀਆਂ ਖਾਸ ਤੌਰ ਉੱਤੇ ਹਿੰਦੂਆਂ ਦੀਆਂ ਸਮੱਸਿਆਵਾਂ ਨੂੰ ਸੰਸਦ ਵਿੱਚ ਉਭਾਰੇਗੀ। ਜ਼ਿਕਰਯੋਗ ਹੈ ਕਿ ਕੋਹਲੀ ਨੇ ਬੰਧੂਆ ਮਜ਼ਦੂਰ ਵਜੋਂ ਵੀ ਕੰਮ ਕੀਤਾ ਹੈ ਤੇ ਇਸ ਕਰਕੇ ਉਹ ਗਰੀਬਾਂ ਦੇ ਦੁੱਖ ਤੋਂ ਜਾਣੂ ਹੈ।

Check Also

ਟਰੰਪ ਪ੍ਰਸ਼ਾਸਨ ਵੱਲੋਂ ਹਾਰਵਰਡ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ

ਹਾਰਵਰਡ ਨੇ ਇਸ ਫੈਸਲੇ ਨੂੰ ਗਲਤ ਦੱਸਦਿਆਂ ਵਿਦੇਸ਼ੀ ਵਿਦਿਆਰਥੀਆਂ ਦੇ ਸਮਰਥਨ ਦਾ ਕੀਤਾ ਵਾਅਦਾ ਬੋਸਟਨ/ਬਿਊਰੋ …