ਕਿਹਾ : ਦਿੱਲੀ ਦੇ ਕੰਮਾਂ ਦਾ ਅਸਰ ਪੰਜਾਬ ’ਤੇ ਹੋਇਆ, ਜੋ ਕੰਮ ਦਿੱਲੀ ਅਤੇ ਪੰਜਾਬ ਮਿਲ ਕੇ ਕਰਨਗੇ ਉਸ ਦਾ ਅਸਰ ਪੂਰੇ ਦੇਸ਼ ’ਤੇ ਹੋਵੇਗਾ
ਸ਼ਿਮਲਾ/ਬਿਊਰੋ ਨਿਊਜ਼ : ਦੇਵ ਭੂਮੀ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ’ਚ ਅੱਜ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗਰਜੇ। ਇਸ ਮੌਕੇ ਉਨ੍ਹਾਂ ਅਧਿਆਪਕਾਂ ਅਤੇ ਮਾਪਿਆਂ ਨਾਲ ਸਿੱਖਿਆ ਸੰਵਾਦ ਕੀਤਾ। ਇਸ ਮੌਕੇ ਭਗਵੰਤ ਮਾਨ ਨੇ ਬੋਲਦਿਆਂ ਕਿਹਾ ਕਿ ਹਿਮਾਚਲ ਦੇਵ ਭੂਮੀ ਹੈ ਆਦਿ ਕਾਲ ਤੋਂ ਇਸ ਭੂਮੀ ਸਤਿਕਾਰ ਹੁੰਦਾ ਆਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਜੋ ਕੰਮ ਦਿੱਲੀ ’ਚ ਹੋਏ, ਉਨ੍ਹਾਂ ਦਾ ਅਸਰ ਪੰਜਾਬ ਵਿਚ ਦੇਖਣ ਨੂੰ ਮਿਲਿਆ ਅਤੇ ਹੁਣ ਜੋ ਕੰਮ ਦਿੱਲੀ ਅਤੇ ਪੰਜਾਬ ਮਿਲ ਕੇ ਕਰਨਗੇ ਉਸ ਦਾ ਅਸਰ ਪੂਰੇ ਦੇਸ਼ ’ਤੇ ਦੇਖਣ ਨੂੰ ਮਿਲੇਗਾ। ਮਾਨ ਨੇ ਆਪਣੇ ਲਹਿਜੇ ’ਚ ਕਿਹਾ ਕਿ ਦਹੀਂ ਜਿੰਨਾ ਮਰਜੀ ਜਮਾਉਣਾ ਹੋਵੇ ਜਾਗ ਇਕ ਚਮਚਾ ਹੀ ਕਾਫ਼ੀ ਹੁੰਦਾ ਹੈ। ਦਿੱਲੀ ਨੇ ਸਾਨੂੰ ਇਕ ਚਮਚਾ ਜਾਗ ਦਿੱਤਾ ਸੀ ਅਤੇ ਪੰਜਾਬੀਆਂ ਨੇ ਈਮਾਨਦਾਰੀ ਦਾ ਦਹੀਂ ਜਮਾ ਦਿੱਤਾ। ਹੁਣ ਦਿੱਲੀ ਅਤੇ ਪੰਜਾਬ ਹਿਮਾਚਲ ਵਾਸੀਆਂ ਨੂੰ ਦੋ ਚਮਚੇ ਜਾਗ ਦੇਣਗੇ ਅਤੇ ਹਿਮਾਚਲ ਵਾਸੀ ਈਮਾਨਦਾਰੀ ਦਾ ਦਹੀਂ ਜਮਾਉਣਗੇ। ਇਸ ਮੌਕੇ ਕੇਜਰੀਵਾਲ ਨੇ ਬੋਲਦਿਆਂ ਕਿਹਾ ਕਿ ਪੰਜਾਬ ਅਤੇ ਦਿੱਲੀ ਵਾਸੀਆਂ ਨੇ ਈਮਾਨਦਾਰ ਸਰਕਾਰਾਂ ਬਣਾਈਆਂ ਹਨ ਹੁਣ ਵਾਰੀ ਹਿਮਾਚਲ ਵਾਸੀਆਂ ਦੀ ਹੈ ਕਿਉਂਕਿ ਤੁਸੀਂ 75 ਸਾਲ ਲੇਟ ਹੋ ਚੁੱਕੇ ਹੋ। ਅੰਗਰੇਜਾਂ ਨੇ ਸਾਨੂੰ 200 ਸਾਲ ਇਕੱਠੀ ਗੁਲਾਮੀ ਦਿੱਤੀ ਪ੍ਰੰਤੂ ਭਾਜਪਾ ਅਤੇ ਕਾਂਗਰਸ ਵਾਲਿਆਂ ਨੇ ਸਾਨੂੰ 5-5 ਸਾਲ ਰਾਜ ਕਰਕੇ ਸਾਨੂੰ ਕਿਸ਼ਤਾਂ ਵਿਚ ਗੁਲਾਮੀ ਦਿੱਤੀ। ਇਸ ਗੁਲਾਮੀ ਨੂੰ ਖਤਮ ਕਰਨ ਲਈ ਤੁਸੀਂ ਇਸ ਵਾਰ ਹਿਮਾਚਲ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ ਜੋ ਹਿਮਾਚਲ ਪ੍ਰਦੇਸ਼ ਹੋਰ ਖੁਸ਼ਹਾਲ ਬਣਾਇਆ ਜਾ ਸਕੇ।