Breaking News
Home / ਭਾਰਤ / ਭਾਰਤ ‘ਚ ਸੜਕ ਹਾਦਸਿਆਂ ‘ਚ 10 ਮਿੰਟਾਂ ਅੰਦਰ ਹੁੰਦੀਆਂ ਹਨ ਤਿੰਨ ਮੌਤਾਂ

ਭਾਰਤ ‘ਚ ਸੜਕ ਹਾਦਸਿਆਂ ‘ਚ 10 ਮਿੰਟਾਂ ਅੰਦਰ ਹੁੰਦੀਆਂ ਹਨ ਤਿੰਨ ਮੌਤਾਂ

logo-2-1-300x105-3-300x105ਨਵੀਂ ਦਿੱਲੀ : ਸੜਕ ਹਾਦਸਿਆਂ ‘ਚ ਇਜ਼ਾਫ਼ੇ ਨੇ ਚਿੰਤਾ ਦੀਆਂ ਲਕੀਰਾਂ ਵਧਾ ਦਿੱਤੀਆਂ ਹਨ। ਦੇਸ਼ ਵਿਚ ਹਰੇਕ 10 ਮਿੰਟਾਂ ਵਿਚ ਵਾਪਰਦੇ ਹਾਦਸਿਆਂ ਵਿਚ ਤਿੰਨ ਵਿਅਕਤੀਆਂ ਦੀ ਜਾਨ ਚਲੀ ਜਾਂਦੀ ਹੈ। ਨਵੇਂ ਕੌਮੀ ਅੰਕੜਿਆਂ ਮੁਤਾਬਕ ਪਿਛਲੇ ਚਾਰ ਸਾਲਾਂ ਦੌਰਾਨ ਹਾਦਸਿਆਂ ਦੀ ਗਿਣਤੀ 9 ਫ਼ੀਸਦੀ ਵਧੀ ਹੈ। ਕੌਮੀ ਅਪਰਾਧ ਰਿਕਾਰਡ ਬਿਊਰੋ ਵੱਲੋਂ ਭਾਰਤ ਵਿਚ ਸੜਕ ਹਾਦਸਿਆਂ ਅਤੇ ਖੁਦਕੁਸ਼ੀਆਂ ਸਬੰਧੀ ਜਾਰੀ ਰਿਪੋਰਟ ਮੁਤਾਬਕ 2015 ਵਿਚ ਇਕ ਲੱਖ 48 ਹਜ਼ਾਰ ਵਿਅਕਤੀ ਸੜਕ ਹਾਦਸੇ ‘ਚ ਮਾਰੇ ਗਏ ਸਨ ਜਦਕਿ 2011 ਵਿਚ ਇਕ ਲੱਖ 36 ਹਜ਼ਾਰ ਵਿਅਕਤੀ ਮੌਤ ਦੇ ਮੂੰਹ ਪਏ ਸਨ। ਆਵਾਜਾਈ ਨਾਲ ਸਬੰਧਤ ਮੌਤਾਂ ਵਿਚ ਰੇਲ ਹਾਦਸੇ (15 ਫ਼ੀਸਦੀ) ਅਤੇ ਰੇਲ ਫਾਟਕਾਂ (ਦੋ ਫ਼ੀਸਦੀ) ‘ਤੇ ਹੁੰਦੇ ਹਾਦਸੇ ਵੀ ਸ਼ਾਮਲ ਹਨ। ਸਾਲ 2015 ‘ਚ 4 ਲੱਖ 64 ਹਜ਼ਾਰ ਸੜਕ ਹਾਦਸੇ ਵਾਪਰੇ ਸਨ ਜੋ 2014 ਦੇ ਮੁਕਾਬਲੇ ਤਿੰਨ ਫ਼ੀਸਦੀ ਵਧੇ ਹਨ ਜਦੋਂ ਸਾਢੇ ਚਾਰ ਲੱਖ ਹਾਦਸੇ ਹੋਏ ਸਨ। ਸਭ ਤੋਂ ਵੱਧ ਸੜਕ ਹਾਦਸੇ ਤਾਮਿਲ ਨਾਡੂ (69,059), ਕਰਨਾਟਕ (44,011) ਅਤੇ ਮਹਾਰਾਸ਼ਟਰ (42,250) ਵਿਚ ਹੋਏ ਹਨ ਜਦਕਿ ਸੜਕ ਹਾਦਸਿਆਂ ਵਿਚ ਸਭ ਤੋਂ ਵੱਧ ਮੌਤਾਂ (18,407) ਉੱਤਰ ਪ੍ਰਦੇਸ਼ ਵਿਚ ਹੋਈਆਂ ਹਨ। ਯੋਜਨਾ ਕਮਿਸ਼ਨ ਦੀ 2007 ਦੀ ਇਕ ਰਿਪੋਰਟ ਮੁਤਾਬਕ ਸੜਕ ਆਵਾਜਾਈ ਸੈਕਟਰ ਦੇਸ਼ ਦੀ ਜੀਡੀਪੀ ਵਿਚ 4.8 ਫ਼ੀਸਦੀ ਦਾ ਯੋਗਦਾਨ ਪਾਉਂਦੀ ਹੈ ਪਰ ਸੜਕ ਹਾਦਸਿਆਂ ਕਰਕੇ ਭਾਰਤ ਨੂੰ 1 ਤੋਂ 3 ਫ਼ੀਸਦੀ ਜੀਡੀਪੀ ਦਾ ਨੁਕਸਾਨ ਝੱਲਣਾ ਪੈਂਦਾ ਹੈ। ਕੌਮੀ ਸੜਕ ਸੁਰੱਖਿਆ ਸਬੰਧੀ ਨਿਯਮਾਂ ਅਤੇ ਕਾਨੂੰਨਾਂ ਨੂੰ ਛਿੱਕੇ ਟੰਗੇ ਜਾਣ ਕਰ ਕੇ ਵਿਸ਼ਵ ਸਿਹਤ ਜਥੇਬੰਦੀ ਨੇ ਸਪੀਡ ਲਿਮਟ ਵਿਚ 10 ‘ਚੋਂ 3, ਹੈਲਮਟ ਪਹਿਨਣ ਵਿਚ 10 ਵਿਚੋਂ 4, ਸ਼ਰਾਬ ਪੀ ਕੇ ਵਾਹਨ ਚਲਾਉਣ ‘ਚ 10 ਵਿਚੋਂ 4 ਅਤੇ ਸੀਟ ਬੈਲਟ ਲਾਉਣ ਵਿਚ 10 ‘ਚੋਂ 4 ਅੰਕ ਦਿੱਤੇ ਹਨ। ਸਾਲ 2015 ਵਿਚ 45,540 ਜਾਨਾਂ ਦੋ-ਪਹੀਆ ਵਾਹਨ ਚਾਲਕਾਂ ਦੀਆਂ ਗਈਆਂ। ਇਸ ਤੋਂ ਬਾਅਦ ਟਰੱਕਾਂ (28,910 ਮੌਤਾਂ) ਅਤੇ ਕਾਰਾਂ (18,506 ਮੌਤਾਂ) ਦਾ ਨੰਬਰ ਆਉਂਦਾ ਹੈ। ਦੋ-ਪਹੀਆ ਵਾਹਨ ਹਾਦਸਿਆਂ ਵਿਚ ਮੌਤਾਂ ਦੇ ਮਾਮਲੇ ਵਿਚ ਤਾਮਿਲਨਾਡੂ (3668) ਅਤੇ ਮਹਾਰਾਸ਼ਟਰ (3146) ਮੋਹਰੀ ਹਨ ਜਦਕਿ ਉੱਤਰ ਪ੍ਰਦੇਸ਼ ਵਿਚ ਟਰੱਕ ਹਾਦਸਿਆਂ ਵਿਚ ਸੱਭ ਤੋਂ ਵੱਧ ਜਾਨਾਂ ਉੱਤਰ ਪ੍ਰਦੇਸ਼ (5720) ਵਿਚ ਗਈਆਂ। ਰਾਹਗੀਰਾਂ ਦੀਆਂ ਮੌਤਾਂ ਦੇ ਮਾਮਲੇ ਵਿਚ ਮਹਾਰਾਸ਼ਟਰ (1256) ਦਾ ਨੰਬਰ ਹੋਰ ਸੂਬਿਆਂ ਨਾਲੋਂ ਸੱਭ ਤੋਂ ਵੱਧ ਹੈ ਅਤੇ ਇਹ ਅੰਕੜਾ 17 ਫ਼ੀਸਦੀ ਬਣਦਾ ਹੈ। ਅੰਕੜਿਆਂ ਮੁਤਾਬਕ ਸੜਕ ਹਾਦਸਿਆਂ ਵਿਚ 41 ਫ਼ੀਸਦੀ ਮੌਤਾਂ ਲਈ ਤੇਜ਼ ਰਫ਼ਤਾਰੀ ਜ਼ਿੰਮੇਵਾਰ ਹੈ ਜਦਕਿ ਅਣਗਹਿਲੀ ਜਾਂ ਖ਼ਤਰਨਾਕ ਢੰਗ ਨਾਲ ਵਾਹਨ ਚਲਾਉਣ ਨਾਲ 32 ਫ਼ੀਸਦੀ ਮੌਤਾਂ ਹੁੰਦੀਆਂ ਹਨ। ਸੜਕ ਹਾਦਸਿਆਂ ਵਿਚ ਮੌਤਾਂ ਦੇ ਹੋਰ ਕਾਰਨਾਂ ਵਿਚ ਖ਼ਰਾਬ ਮੌਸਮ (4 ਫ਼ੀਸਦੀ) ਅਤੇ ਮਕੈਨਕੀ ਨੁਕਸ (3 ਫ਼ੀਸਦੀ) ਵੀ ਸ਼ਾਮਲ ਹਨ।

Check Also

ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ

ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …