2014 ‘ਚ ਭਾਰਤੀ ਜਨਤਾ ਪਾਰਟੀ ਲਈ ਕਿਸ਼ੋਰ ਨੇ ਘੜੀ ਸੀ ਰਣਨੀਤੀ
ਪਟਨਾ : ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੇ ਜਨਤਾ ਦਲ (ਯੂਨਾਇਟਿਡ) ਵਿੱਚ ਸ਼ਾਮਲ ਹੋ ਗਏ ਹਨ। ਕਿਸ਼ੋਰ ਨੂੰ ਨਿਤੀਸ਼ ਕੁਮਾਰ ਨੇ ਖ਼ੁਦ ਪਾਰਟੀ ਦੀ ਸੂਬਾਈ ਕਾਰਜਕਰਨੀ ਦੀ ਮੀਟਿੰਗ ਦੌਰਾਨ ਜਨਤਾ ਦਲ ਵਿੱਚ ਸ਼ਾਮਲ ਕਰਨ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਪ੍ਰਸ਼ਾਂਤ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਦੁਸ਼ਾਲਾ ਭੇਂਟ ਕੀਤਾ ਤੇ ਮੀਟਿੰਗ ਦੌਰਾਨ ਆਪਣੇ ਨਾਲ ਦੀ ਸੀਟ ‘ਤੇ ਬਿਠਾਇਆ। ਲੋਕ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਜਨਤਾ ਦਲ ਵਿੱਚ ਸ਼ਾਮਲ ਕੀਤੇ ਗਏ ਕਿਸ਼ੋਰ ਦੇ ਪਾਰਟੀ ਵਿੱਚ ਰੋਲ ਬਾਰੇ ਹਾਲੇ ਕੁਝ ਸਪੱਸ਼ਟ ਨਹੀਂ ਕੀਤਾ ਗਿਆ ਹੈ। ਪ੍ਰਸ਼ਾਂਤ ਕਿਸ਼ੋਰ ਨੇ ਟਵੀਟ ਕਰਦਿਆਂ ਨਵੇਂ ਸਿਆਸੀ ਸਫ਼ਰ ਲਈ ਉਤਸ਼ਾਹ ਦਾ ਪ੍ਰਗਟਾਵਾ ਕੀਤਾ। ਬਿਹਾਰ ਦੇ ਬਕਸਰ ਜ਼ਿਲ੍ਹੇ ਨਾਲ ਸਬੰਧਤ ਕਿਸ਼ੋਰ 2014 ਦੀਆਂ ਲੋਕ ਸਭਾ ਚੋਣਾਂ ਮੌਕੇ ਭਾਜਪਾ ਲਈ ਚੋਣ ਰਣਨੀਤੀ ਘੜਨ ਵੇਲੇ ਸੁਰਖੀਆਂ ਵਿੱਚ ਆਏ ਸਨ। ਇਸ ਤੋਂ ਇਕ ਸਾਲ ਬਾਅਦ ਹੀ ਉਨ੍ਹਾਂ ਬਿਹਾਰ ਵਿਧਾਨ ਸਭਾ ਚੋਣਾਂ ਲਈ ਨਿਤੀਸ਼ ਕੁਮਾਰ ਲਈ ਚੋਣ ਰਣਨੀਤੀ ਬਣਾਈ।
ਰਾਸ਼ਟਰੀ ਜਨਤਾ ਦਲ ਤੇ ਕਾਂਗਰਸ ਨਾਲ ਮਿਲ ਕੇ ਲੜੀਆਂ ਇਨ੍ਹਾਂ ਚੋਣਾਂ ਵਿੱਚ ਜਨਤਾ ਦਲ (ਯੂ) ਨੇ ਜਿੱਤ ਪ੍ਰਾਪਤ ਕੀਤੀ ਸੀ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪ੍ਰਸ਼ਾਂਤ ਨੂੰ ਆਪਣਾ ਸਲਾਹਕਾਰ ਨਿਯੁਕਤ ਕੀਤਾ ਸੀ ਤੇ ਕੈਬਨਿਟ ਮੰਤਰੀ ਦੇ ਦਰਜੇ ਨਾਲ ਨਿਵਾਜਿਆ ਹੋਇਆ ਸੀ। ਪ੍ਰਸ਼ਾਂਤ ਕਿਸ਼ੋਰ ਨੇ ਪੰਜਾਬ ਚੋਣਾਂ ਮੌਕੇ ਕਾਂਗਰਸ ਦੀ ਵੀ ਚੋਣ ਰਣਨੀਤੀ ਬਣਾਉਣ ਵਿੱਚ ਮਦਦ ਕੀਤੀ ਤੇ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ, ਪਰ ਉੱਤਰ ਪ੍ਰਦੇਸ਼ ਚੋਣਾਂ ਦੌਰਾਨ ਕਾਂਗਰਸ ਲਈ ਉਨ੍ਹਾਂ ਦਾ ਇਹ ਜਾਦੂ ਨਹੀਂ ਚੱਲ ਸਕਿਆ।
Check Also
ਪਲਾਸਟਿਕ ਕਚਰੇ ਨਾਲ ਪੰਜ ਤੱਤਾਂ ਨੂੰ ਨੁਕਸਾਨ ਪਹੁੰਚਦਾ ਹੈ: ਪ੍ਰਵੀਣ ਕੁਮਾਰ
ਹਰਿਆਵਲ ਸੰਸਥਾ ਨੇ ਹਰਿਤ ਮਹਾਸ਼ਿਵਰਾਤਰੀ ਜਾਗਰੂਕਤਾ ਅਭਿਆਨ ਸ਼ੁਰੂ ਕੀਤਾ ਚੰਡੀਗੜ੍ਹ : ਪ੍ਰਯਾਗਰਾਜ ਮਹਾਕੁੰਭ ਵਿੱਚ ‘ਇੱਕ …