-11.1 C
Toronto
Saturday, January 24, 2026
spot_img
Homeਦੁਨੀਆਇਮਰਾਨ ਖਾਨ ਕੋਲੋਂ ਬਹੁਮਤ ਖੁੱਸਿਆ

ਇਮਰਾਨ ਖਾਨ ਕੋਲੋਂ ਬਹੁਮਤ ਖੁੱਸਿਆ

ਮੁੱਖ ਭਾਈਵਾਲ ਮੁਤਾਹਿਦਾ ਕੌਮੀ ਮੂਵਮੈਂਟ ਪਾਕਿਸਤਾਨ ਨੇ ਵਿਰੋਧੀ ਧਿਰ ਨਾਲ ਹੱਥ ਮਿਲਾਇਆ
ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੰਸਦ ਵਿੱਚ ਬਹੁਮਤ ਗੁਆ ਲਿਆ ਹੈ। ਦਰਅਸਲ, ਸੱਤਾਧਾਰੀ ਗੱਠਜੋੜ ‘ਚ ਸ਼ਾਮਲ ਇੱਕ ਮੁੱਖ ਭਾਈਵਾਲ ਨੇ ਵਿਰੋਧੀ ਧਿਰ ਦਾ ਸਾਥ ਦੇ ਦਿੱਤਾ, ਜਿਸ ਵੱਲੋਂ ਕੌਮੀ ਅਸੈਂਬਲੀ ਵਿੱਚ ਸਰਕਾਰ ਖਿਲਾਫ ਬੇਭਰੋਸਗੀ ਮਤਾ ਪਾਇਆ ਗਿਆ ਸੀ। ਮੁਲਕ ਦੀ ਤਹਿਰੀਕ-ਏ-ਇਨਸਾਫ਼ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਦੀ ਮੁੱਖ ਭਾਈਵਾਲ ਮੁਤਾਹਿਦਾ ਕੌਮੀ ਮੂਵਮੈਂਟ-ਪਾਕਿਸਤਾਨ ਨੇ ਆਪਣੇ ਸੱਤ ਮੈਂਬਰਾਂ ਨਾਲ ਐਲਾਨ ਕੀਤਾ ਕਿ ਵਿਰੋਧੀ ਪਾਰਟੀਆਂ ਵੱਲੋਂ ਕੀਤੀ ਗਈ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਉਸ ਵੱਲੋਂ ਸਰਕਾਰ ਤੋਂ ਅੱਡ ਹੋਣ ਦਾ ਫ਼ੈਸਲਾ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵਿਰੋਧੀ ਧਿਰ ਵੱਲੋਂ 342 ਸੀਟਾਂ ਵਾਲੇ ਹੇਠਲੇ ਸਦਨ ਵਿੱਚ ਉਨ੍ਹਾਂ ਨੂੰ ਗੱਦੀਓਂ ਲਾਹੁਣ ਲਈ ਕੀਤੀ ਕੋਸ਼ਿਸ਼ ਨੂੰ ਫੇਲ੍ਹ ਕਰਨ ਲਈ 172 ਵੋਟਾਂ ਦੀ ਲੋੜ ਸੀ। ਹਾਲਾਂਕਿ, ਜਮਾਇਤ ਉਲੇਮਾ-ਏ-ਇਸਲਾਮਾ ਦੇ ਮੁਖੀ ਮੌਲਾਨਾ ਫਜ਼ਲੂਰ ਰਹਿਮਾਨ ਨੇ ਕਿਹਾ ਕਿ ਵਿਰੋਧੀਆਂ ਕੋਲ 175 ਵਿਧਾਇਕਾਂ ਦਾ ਸਮਰਥਨ ਹੈ ਤੇ ਪ੍ਰਧਾਨ ਮੰਤਰੀ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਸ ਦੌਰਾਨ ਇਮਰਾਨ ਖਾਨ ਨੇ ਮੁਲਕ ਨੂੰ ਸੰਬੋਧਨ ਕਰ ਦਾ ਪ੍ਰੋਗਰਾਮ ਅੱਗੇ ਪਾ ਦਿੱਤਾ ਹੈ। ਇਸ ਮੌਕੇ ਇਹ ਐਲਾਨ ਵੀ ਕੀਤਾ ਗਿਆ ਕਿ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ)ਦੇ ਮੁਖੀ ਤੇ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ 69 ਸਾਲਾ ਖਾਨ ਨੂੰ ਹਟਾਉਣ ਮਗਰੋਂ ਮੁਲਕ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ। ਸ਼ਾਹਬਾਜ਼ ਨੇ ਕਿਹਾ ਕਿ ਅੱਜ ਇੱਕ ਅਹਿਮ ਦਿਨ ਹੈ ਕਿਉਂਕਿ ਵਿਰੋਧੀ ਪਾਰਟੀਆਂ ਪਾਕਿਸਤਾਨ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਇਕੱਠੀਆਂ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ, ਭਾਵੇਂ ਉਨ੍ਹਾਂ ਨੂੰ ਲੋਕਾਂ ਵੱਲੋਂ ਚੁਣਿਆ ਗਿਆ ਹੈ, ਇੱਕ ਨਵੀਂ ਰਵਾਇਤ ਕਾਇਮ ਕਰਨ ਲਈ ਅਸਤੀਫ਼ਾ ਦੇ ਦੇਣ। ਪਾਕਿਸਤਾਨ ਪੀਪਲਜ਼ ਪਾਰਟੀ ਦੇ ਮੁਖੀ ਬਿਲਾਵਲ ਭੁੱਟੋ-ਜ਼ਰਦਾਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਬਹੁਮਤ ਗੁਆ ਚੁੱਕੇ ਹਨ।
ਇਮਰਾਨ ਖਾਨ ਖਿਲਾਫ ਬੇਭਰੋਸਗੀ ਮਤਾ ਪੇਸ਼
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਵੱਡੀ ਸਿਆਸੀ ਚੁਣੌਤੀ ਦਾ ਸਾਹਮਣਾ
ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ‘ਚ ਵਿਰੋਧੀ ਧਿਰ ਦੇ ਆਗੂ ਅਤੇ ਪੀਐਮਐਲ-ਐੱਨ ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼ ਨੇ ਕੌਮੀ ਅਸੈਂਬਲੀ ਵਿਚ ਪ੍ਰਧਾਨ ਮੰਤਰੀ ਇਮਰਾਨ ਖਾਨ ਵਿਰੁੱਧ ਬੇਭਰੋਸਗੀ ਮਤਾ ਪੇਸ਼ ਕਰ ਦਿੱਤਾ। 2018 ਵਿਚ ਸੱਤਾ ਸੰਭਾਲਣ ਤੋਂ ਬਾਅਦ ਇਮਰਾਨ ਆਪਣੇ ਕਾਰਜਕਾਲ ਦੇ ਸਭ ਤੋਂ ਵੱਡੇ ਸਿਆਸੀ ਸੰਕਟ ਦਾ ਸਾਹਮਣਾ ਕਰ ਰਹੇ ਹਨ।
ਡਿਪਟੀ ਸਪੀਕਰ ਕਾਸਿਮ ਖਾਨ ਸੂਰੀ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਜਿਹੜੇ ਮਤਾ ਪੇਸ਼ ਕਰਨ ਦੇ ਹੱਕ ਵਿਚ ਹਨ, ਉਹ ਖੜ੍ਹੇ ਹੋ ਜਾਣ ਤਾਂ ਕਿ ਗਿਣਤੀ ਕੀਤੀ ਜਾ ਸਕੇ। ਸ਼ਰੀਫ਼ ਨੇ ਪਹਿਲਾਂ ਹੇਠਲੇ ਸਦਨ ਵਿਚ ਮਤਾ ਪੇਸ਼ ਕਰਨ ਦੀ ਇਜਾਜ਼ਤ ਮੰਗੀ ਜਿੱਥੇ ਇਸ ਨੂੰ 161 ਵੋਟਾਂ ਨਾਲ ਮਨਜ਼ੂਰੀ ਮਿਲੀ। ਇਸ ਤੋਂ ਬਾਅਦ ਸ਼ਰੀਫ਼ ਵੱਲੋਂ ਬੇਭਰੋਸਗੀ ਮਤਾ ਪੇਸ਼ ਕੀਤਾ ਗਿਆ ਜੋ ਕਿ ਸੰਵਿਧਾਨਕ ਪ੍ਰਕਿਰਿਆ ਦਾ ਪਹਿਲਾ ਹਿੱਸਾ ਸੀ।
ਇਸ ਮਤੇ ਵਿਚ ਕਿਹਾ ਗਿਆ ਹੈ ਕਿ ਸਦਨ ਮੰਨਦਾ ਹੈ ਕਿ ਇਸ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਿਆਜ਼ੀ ਉਤੇ ਭਰੋਸਾ ਨਹੀਂ ਹੈ, ਇਸ ਲਈ ਉਨ੍ਹਾਂ ਨੂੰ ਹੁਣ ਅਹੁਦੇ ‘ਤੇ ਬਣੇ ਰਹਿਣ ਦਾ ਹੱਕ ਨਹੀਂ ਹੈ। ਇਸ ਮਤੇ ਉਤੇ ਵੋਟਿੰਗ ਤਿੰਨ ਤੋ ਸੱਤ ਦਿਨਾਂ ਵਿਚ ਹੋਣੀ ਜ਼ਰੂਰੀ ਹੈ। ਪ੍ਰਧਾਨ ਮੰਤਰੀ ਇਮਰਾਨ ਨੂੰ ਅਹੁਦੇ ਉਤੇ ਬਣੇ ਰਹਿਣ ਲਈ 172 ਵੋਟਾਂ ਦੀ ਲੋੜ ਹੈ ਜਦਕਿ ਕੁੱਲ ਮੈਂਬਰ 342 ਹਨ।
ਜ਼ਿਕਰਯੋਗ ਹੈ ਕਿ ਖਾਨ ਦੇ ਸਹਿਯੋਗੀ 23 ਮੈਂਬਰ ਉਨ੍ਹਾਂ ਨੂੰ ਸਮਰਥਨ ਨਹੀਂ ਦੇ ਰਹੇ ਤੇ ਨਾਲ ਹੀ ਸੱਤਾਧਾਰੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਵੀ ਕਈ ਮੈਂਬਰਾਂ ਨੇ ਬਗਾਵਤ ਕਰ ਦਿੱਤੀ ਹੈ। ਪਰ ਸਥਿਤੀ ਹਾਲੇ ਵੀ ਸਪੱਸ਼ਟ ਨਹੀਂ ਹੈ। ਜ਼ਿਕਰਯੋਗ ਹੈ ਕਿ ਵਿਰੋਧੀ ਧਿਰਾਂ ਨੇ 8 ਮਾਰਚ ਨੂੰ ਕੌਮੀ ਅਸੈਂਬਲੀ ਵਿਚ ਇਮਰਾਨ ਖਿਲਾਫ ਮਤਾ ਦਾਖਲ ਕੀਤਾ ਸੀ।
ਇਮਰਾਨ ਵੱਲੋਂ ਭਾਈਵਾਲਾਂ ਨੂੰ ਮਨਾਉਣ ਦੇ ਯਤਨ ਤੇਜ਼
ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਭਾਈਵਾਲ ਪਾਕਿਸਤਾਨ ਮੁਸਲਿਮ ਲੀਗ-ਕਿਊ ਦੇ ਆਗੂ ਚੌਧਰੀ ਪਰਵੇਜ਼ ਇਲਾਹੀ ਨੂੰ ਪੰਜਾਬ ਵਿਚ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਸਮਰਥਨ ਦੇਣਗੇ। ਪੀਟੀਆਈ ਦੇ ਇਸ ਯਤਨ ਨੂੰ ਸੱਤਾਧਾਰੀ ਗੱਠਜੋੜ ਦੇ ਅਹਿਮ ਭਾਈਵਾਲ ਨੂੰ ਮਨਾਉਣ ਦੇ ਯਤਨਾਂ ਵਜੋਂ ਦੇਖਿਆ ਜਾ ਰਿਹਾ ਹੈ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੇ ਪ੍ਰਧਾਨ ਮੰਤਰੀ ਨੂੰ ਅਸਤੀਫ਼ਾ ਸੌਂਪ ਦਿੱਤਾ ਹੈ। ਧਿਆਨ ਰਹੇ ਕਿ ਪੀਐਮਐਲ-ਕਿਊ, ਇਮਰਾਨ ਦੀ ਪਾਰਟੀ ਪੀਟੀਆਈ ਦੀ ਕੇਂਦਰ ਤੇ ਪੰਜਾਬ ਵਿਚ ਅਹਿਮ ਭਾਈਵਾਲ ਹੈ। ਇਸ ਦੇ ਕੌਮੀ ਅਸੈਂਬਲੀ ਵਿਚ ਪੰਜ ਮੈਂਬਰ ਹਨ।
ਬੇਭਰੋਸਗੀ ਦਾ ਸਾਹਮਣਾ ਕਰਨ ਵਾਲੇ ਇਮਰਾਨ ਤੀਜੇ ਪ੍ਰਧਾਨ ਮੰਤਰੀ
ਪਾਕਿਸਤਾਨ ਦੇ ਇਤਿਹਾਸ ਵਿੱਚ ਹੁਣ ਤੱਕ ਕਿਸੇ ਵੀ ਪ੍ਰਧਾਨ ਮੰਤਰੀ ਨੂੰ ਬੇਭਰੋਸਗੀ ਮਤੇ ਰਾਹੀਂ ਸੱਤਾ ਤੋਂ ਲਾਂਭੇ ਨਹੀਂ ਕੀਤਾ ਗਿਆ ਤੇ ਇਮਰਾਨ ਖਾਨ ਅਜਿਹੀ ਚੁਣੌਤੀ ਦਾ ਸਾਹਮਣਾ ਕਰਨ ਵਾਲੇ ਤੀਜੇ ਪ੍ਰਧਾਨ ਮੰਤਰੀ ਹਨ। ਇਮਰਾਨ ਖਾਨ ਸਾਲ 2018 ਵਿੱਚ ‘ਨਵਾਂ ਪਾਕਿਸਤਾਨ’ ਬਣਾਉਣ ਦਾ ਵਾਅਦਾ ਕਰਕੇ ਸੱਤਾ ‘ਚ ਆਏ ਸਨ ਪਰ ਮਹਿੰਗਾਈ ‘ਤੇ ਕਾਬੂ ਪਾਉਣ ‘ਚ ਅਸਫ਼ਲ ਰਹੇ, ਜਿਸ ਕਾਰਨ ਉਨ੍ਹਾਂ ਦੇ ਵਿਰੋਧੀਆਂ ਨੂੰ ਸਰਕਾਰ ‘ਤੇ ਸ਼ਿਕੰਜਾ ਕੱਸਣ ਦਾ ਮੌਕਾ ਮਿਲ ਗਿਆ। ਦੱਸਣਯੋਗ ਹੈ ਕਿ ਅੱਜ ਤੱਕ ਕਿਸੇ ਵੀ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਆਪਣੀ ਪੰਜ ਸਾਲਾ ਕਾਰਜਕਾਲ ਪੂਰਾ ਨਹੀਂ ਕੀਤਾ ਹੈ।

 

RELATED ARTICLES
POPULAR POSTS