Breaking News
Home / ਦੁਨੀਆ / ਜਾਪਾਨ ਭਾਰਤ ‘ਚ ਕਰੇਗਾ 50 ਖਰਬ ਜਾਪਾਨੀ ਯੇਨ ਦਾ ਨਿਵੇਸ਼

ਜਾਪਾਨ ਭਾਰਤ ‘ਚ ਕਰੇਗਾ 50 ਖਰਬ ਜਾਪਾਨੀ ਯੇਨ ਦਾ ਨਿਵੇਸ਼

ਕਿਸ਼ਿਦਾ ਨੇ ਮੋਦੀ ਨੂੰ ਮਈ ‘ਚ ਹੋਣ ਵਾਲੇ ਜੀ-7 ਸਿਖ਼ਰ ਸੰਮੇਲਨ ਲਈ ਦਿੱਤਾ ਸੱਦਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਜਾਪਾਨ ਅਗਲੇ 5 ਸਾਲਾਂ ‘ਚ ਭਾਰਤ ਵਿਚ 50 ਖਰਬ ਯੇਨ ਦਾ ਨਿਵੇਸ਼ ਕਰੇਗਾ। ਭਾਰਤ ਦੇ ਦੌਰੇ ‘ਤੇ ਪਹੁੰਚੇ ਜਾਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ਿਦਾ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੈਦਰਾਬਾਦ ਹਾਊਸ ‘ਚ ਮੁਲਾਕਾਤ ਤੋਂ ਬਾਅਦ ਉਕਤ ਐਲਾਨ ਕੀਤਾ।
ਜਾਪਾਨੀ ਪ੍ਰਧਾਨ ਮੰਤਰੀ ਨੇ ਭਾਰਤ ਨਾਲ ਇਸ ਵਧਦੇ ਆਰਥਿਕ ਸਹਿਯੋਗ ਨੂੰ ਨਾ ਸਿਰਫ਼ ਭਾਰਤ ਲਈ ਲਾਹੇਵੰਦ ਦੱਸਿਆ ਸਗੋਂ ਜਾਪਾਨ ਲਈ ਵੀ ਆਰਥਿਕ ਤਰੱਕੀ ਦਾ ਜ਼ਰੀਆ ਕਰਾਰ ਦਿੱਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਜਾਪਾਨੀ ਹਮਅਹੁਦਾ ਫੁਮੀਓ ਕਿਸ਼ਿਦਾ ਨੇ ਸੋਮਵਾਰ ਨੂੰ ਦਿੱਲੀ ਦੇ ਹੈਦਰਾਬਾਦ ਹਾਊਸ ‘ਚ ਦੁਵੱਲੇ ਸੰਬੰਧਾਂ ‘ਚ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ।
ਮੁਲਾਕਾਤ ਤੋਂ ਬਾਅਦ ਦੋਵਾਂ ਆਗੂਆਂ ਵਲੋਂ ਕੀਤੀ ਸਾਂਝੀ ਪ੍ਰੈੱਸ ਕਾਨਫਰੰਸ ‘ਚ ਮੋਦੀ ਨੇ ਮੁਲਾਕਾਤ ਦਾ ਬਿਓਰਾ ਦਿੰਦਿਆਂ ਕਿਹਾ ਕਿ ਅਸੀਂ ਰੱਖਿਆ ਉਪਕਰਨਾਂ, ਤਕਨਾਲੋਜੀ ਸਹਿਯੋਗ, ਵਪਾਰ, ਸਿਹਤ ਅਤੇ ਡਿਜੀਟਲ ਸਾਂਝੇਦਾਰੀ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਇਸ ਤੋਂ ਇਲਾਵਾ ਸੈਮੀਕੰਡਕਟਰ ਅਤੇ ਹੋਰ ਅਹਿਮ ਤਕਨਾਲੋਜੀਆਂ ‘ਚ ਸਪਲਾਈ ਚੇਨ ਦੀ ਅਹਿਮੀਅਤ ‘ਤੇ ਵੀ ਚਰਚਾ ਕੀਤੀ ਗਈ।
ਰੂਸ ਵਲੋਂ ਯੂਕਰੇਨ ‘ਤੇ ਕੀਤੇ ਹਮਲੇ ਦੀ ਕੀਤੀ ਨਿਖੇਧੀ
ਜਾਪਾਨੀ ਪ੍ਰਧਾਨ ਮੰਤਰੀ ਨੇ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਇਕ ਥਿੰਕ ਟੈਂਕ ਪ੍ਰੋਗਰਾਮ ‘ਚ ਯੂਕਰੇਨ ਖਿਲਾਫ਼ ਰੂਸ ਦੇ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਜਾਪਾਨ ਰੂਸ ਦੇ ਹਮਲਾਵਰ ਰੁਖ ਨੂੰ ਕਦੇ ਮਾਨਤਾ ਨਹੀਂ ਦੇਵੇਗਾ। ਉਨ੍ਹਾਂ ਕਿਹਾ ਕਿ ਜਾਪਾਨ ਦੁਨੀਆ ‘ਚ ਕਿਤੇ ਵੀ ਜਿਉਂ ਦੀ ਤਿਉਂ ਸਥਿਤੀ ‘ਚ ਇਕਤਰਫ਼ਾ ਬਦਲਾਅ ਦਾ ਵਿਰੋਧ ਕਰਦਾ ਹੈ। ਕਿਸ਼ਿਦਾ ਨੇ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਦੇ ਹਵਾਲੇ ਨਾਲ ਵੀ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਵੀ ਰੂਸ ਦੇ ਰਾਸ਼ਟਰਪਤੀ ਪੁਤਿਨ ਨੂੰ ਕਿਹਾ ਸੀ ਕਿ ਅੱਜ ਦਾ ਯੁੱਗ ਜੰਗ ਦਾ ਨਹੀਂ ਹੈ।
ਕਿਸ਼ਿਦਾ ਨੇ ਭਾਰਤ ਨੂੰ ਅਹਿਮ ਭਾਗੀਦਾਰ ਦੱਸਿਆ
ਭਾਰਤ ਦੇ 27 ਘੰਟਿਆਂ ਦੇ ਦੌਰੇ ‘ਤੇ ਪਹੁੰਚੇ ਜਾਪਾਨੀ ਪ੍ਰਧਾਨ ਮੰਤਰੀ ਕਿਸ਼ਿਦਾ ਨੇ ਹੀਰੋਸ਼ੀਮਾ ‘ਚ ਹੋਣ ਵਾਲੇ ਜੀ-7 ਸਿਖ਼ਰ ਸੰਮੇਲਨ ਲਈ ਸੱਦਾ ਦਿੱਤਾ। ਇਸ ਸਾਲ ਮਈ ‘ਚ ਹੋਣ ਵਾਲੇ ਸਿਖ਼ਰ ਸੰਮੇਲਨ ਦੇ ਇਸ ਸੱਦੇ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਵਾਨ ਕਰ ਲਿਆ। ਜਾਪਾਨੀ ਪ੍ਰਧਾਨ ਮੰਤਰੀ ਨੇ ਭਾਰਤ ਨੂੰ ਅਹਿਮ ਭਾਗੀਦਾਰ ਦੱਸਦਿਆਂ ਕਿਹਾ ਕਿ ਇਸ ਸਾਲ ਭਾਰਤ ਜੀ-20 ਦੀ ਪ੍ਰਧਾਨਗੀ ਕਰ ਰਿਹਾ ਹੈ ਜਦਕਿ ਜਾਪਾਨ ਜੀ-7 ਦੀ ਮੇਜ਼ਬਾਨੀ ਕਰ ਰਿਹਾ ਹੈ। ਉਨ੍ਹਾਂ ਦੋਵਾਂ ਦੇਸ਼ਾਂ ਦੇ ਇਕੱਠੇ ਮਿਲ ਕੇ ਕੰਮ ਕਰਨ ਪ੍ਰਤੀ ਆਸ ਪ੍ਰਗਟਾਉਂਦਿਆਂ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ‘ਚ ਸ਼ਾਂਤੀ ਅਤੇ ਤਰੱਕੀ ਲਈ ਭਾਰਤ ਅਤੇ ਜਾਪਾਨ ਰਲ ਕੇ ਕੰਮ ਕਰਨਗੇ ਜੋ ਕਿ ਇਸ ਸਮੇਂ ਕਈ ਤਰ੍ਹਾਂ ਦੀ ਚੁਣੌਤੀਆਂ ਤੋਂ ਲੰਘ ਰਿਹਾ ਹੈ। ਕਿਸ਼ਿਦਾ ਨੇ ਮੁਕਤ ਅਤੇ ਖੁੱਲ੍ਹੇ ਭਾਰਤ, ਪ੍ਰਸ਼ਾਂਤ ਖਿੱਤੇ ‘ਚ ਸਹਿਯੋਗ ਵਧਾਉਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਅਬੇ ਨੇ 2016 ‘ਚ ਮੁਕਤ ਅਤੇ ਖੁੱਲ੍ਹੇ ਪ੍ਰਸ਼ਾਂਤ ਖਿੱਤੇ ਦੀ ਧਾਰਨਾ ਰੱਖੀ ਸੀ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ‘ਚ ਤਾਕਤਾਂ ‘ਚ ਬਦਲਾਅ ਦਾ ਸੰਤੁਲਨ ਨਾਟਕੀ ਰੂਪ ‘ਚ ਬਦਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰਾ ਅਜਿਹੇ ਯੁੱਗ ‘ਚ ਦਾਖ਼ਲ ਹੋ ਗਿਆ ਹੈ ਜਿਥੇ ਸਹਿਯੋਗ ਅਤੇ ਵੰਡ ਗੁੰਝਲਦਾਰ ਤਰੀਕੇ ਨਾਲ ਆਪਸ ‘ਚ ਜੁੜੇ ਹਨ। ਕਿਸ਼ਿਦਾ ਨੇ ਅਜਿਹੇ ਚੁਣੌਤੀ ਭਰੇ ਸਮੇਂ ‘ਚ ਆਸਿਆਨ ਅਤੇ ਹੋਰਨਾਂ ਦੇਸ਼ਾਂ ਨਾਲ ਰਲ ਕੇ ਕੰਮ ਕਰਨ ਨੂੰ ਅਹਿਮ ਕਰਾਰ ਦਿੰਦਿਆਂ ਕਿਹਾ ਕਿ ਅਜਿਹੇ ਸਮਿਆਂ ‘ਚ ਮੁਕਤ ਹਿੰਦ-ਪ੍ਰਸ਼ਾਂਤ ਖਿੱਤੇ ਦੀ ਧਾਰਨਾ ਹੀ ਕਾਨੂੰਨ ਦੇ ਸ਼ਾਸਨ ਦੇ ਆਧਾਰਿਤ ਹੈ, ਜੋਕਿ ਹੁਣ ਪਹਿਲਾਂ ਤੋਂ ਵੱਧ ਅਹਿਮ ਹੁੰਦੀ ਜਾ ਰਹੀ ਹੈ।

Check Also

ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ

ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …