-0.2 C
Toronto
Sunday, February 22, 2026
spot_img
Homeਦੁਨੀਆਅਮਰੀਕਾ ਵਿਚ ਦਾਖਲ ਹੋਏ ਗੈਰ ਕਾਨੂੰਨੀ ਪਰਵਾਸੀਆਂ ਵਿਰੁੱਧ ਕਾਰਵਾਈ 'ਚ ਆਈ ਤੇਜ਼ੀ

ਅਮਰੀਕਾ ਵਿਚ ਦਾਖਲ ਹੋਏ ਗੈਰ ਕਾਨੂੰਨੀ ਪਰਵਾਸੀਆਂ ਵਿਰੁੱਧ ਕਾਰਵਾਈ ‘ਚ ਆਈ ਤੇਜ਼ੀ

2647 ਭਾਰਤੀ ਹਿਰਾਸਤ ‘ਚ ਲਏ ਤੇ 17 ਹਜ਼ਾਰ ਤੋਂ ਵਧ ਭਾਰਤੀਆਂ ਨੂੰ ਵਾਪਿਸ ਭੇਜਣ ਦੀ ਤਿਆਰੀ
ਸੈਕਰਾਮੈਂਟੋ, ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਯੂ ਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈਸੀਈ) ਦੀ ਵਿੱਤੀ ਸਾਲ 2024 ਦੀ ਸਾਲਾਨਾ ਰਿਪੋਰਟ ਅਨੁਸਾਰ ਅਮਰੀਕਾ ਵਿਚ ਗੈਰ ਕਾਨੂੰਨੀ ਢੰਗ-ਤਰੀਕੇ ਨਾਲ ਦਾਖਲ ਹੋਣ ਵਾਲੇ ਭਾਰਤੀਆਂ ਸਮੇਤ ਹੋਰ ਪਰਵਾਸੀਆਂ ਵਿਰੁੱਧ ਕਾਰਵਾਈ ਵਿਚ ਤੇਜ਼ੀ ਆਈ ਹੈ। ਆਈਸੀਆਈ ਅਨੁਸਾਰ ਹਾਲ ਹੀ ਵਿਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਏ ਗ੍ਰਿਫਤਾਰ ਪਰਵਾਸੀਆਂ ਵਿਚ 2647 ਭਾਰਤੀ ਹਨ। ਸਭ ਤੋਂ ਵਧ ਗ੍ਰਿਫਤਾਰ ਪਰਵਾਸੀ ਮੈਕਸੀਕੋ ਦੇ ਹਨ। ਇਸ ਤੋਂ ਬਾਅਦ ਦੂਜੇ ਤੇ ਤੀਜੇ ਸਥਾਨ ‘ਤੇ ਹੌਂਡਰਸ ਤੇ ਗੁਆਟੇਮਾਲਾ ਹਨ। ਚੌਥਾ ਸਥਾਨ ਭਾਰਤ ਦਾ ਹੈ। 17,940 ਭਾਰਤੀ ਨਾਗਰਿਕ ਹਾਲਾਂਕਿ ਆਈਸੀਈ ਦੀ ਹਿਰਾਸਤ ਵਿਚ ਨਹੀਂ ਹਨ ਪਰੰਤੂ ਉਨ੍ਹਾਂ ਦੇ ਦੇਸ਼ ਨਿਕਾਲੇ ਸਬੰਧੀ ਪ੍ਰਕ੍ਰਿਆ ਨੂੰ ਅੰਤਿਮ ਛੂਹ ਦਿੱਤੀ ਜਾ ਰਹੀ ਹੈ, ਜਿਸ ਉਪਰੰਤ ਉਨ੍ਹਾਂ ਨੂੰ ਵਾਪਿਸ ਭਾਰਤ ਭੇਜ ਦਿੱਤਾ ਜਾਵੇਗਾ। ਵਾਪਿਸ ਭੇਜੇ ਭਾਰਤੀਆਂ ਦੀ ਗਿਣਤੀ ਵਿਚ ਵਰਨਣਯੋਗ ਵਾਧਾ ਹੋਇਆ ਹੈ। ਵਿੱਤੀ ਸਾਲ 2024 ਦੌਰਾਨ ਕੁਲ 1529 ਭਾਰਤੀਆਂ ਨੂੰ ਵਾਪਿਸ ਭੇਜਿਆ ਗਿਆ ਹੈ ਜਦ ਕਿ ਵਿੱਤੀ ਸਾਲ 2021 ਵਿਚ ਇਹ ਗਿਣਤੀ 292 ਸੀ। ਆਈ ਸੀ ਆਈ ਅਨੁਸਾਰ ਇਸ ਵਿੱਤੀ ਸਾਲ ਦੌਰਾਨ ਸਾਰੇ ਦੇਸ਼ਾਂ ਦੇ ਕੁਲ 2,71,484 ਨਾਗਰਿਕਾਂ ਨੂੰ ਵਾਪਿਸ ਉਨ੍ਹਾਂ ਦੇ ਦੇਸ਼ ਭੇਜਿਆ ਜਾ ਚੁੱਕਾ ਹੈ ਜਦ ਕਿ 2021 ਵਿਚ ਵਾਪਿਸ ਭੇਜੇ ਪਰਵਾਸੀਆਂ ਦੀ ਗਿਣਤੀ 59,011 ਸੀ। ਇਸ ਤੋਂ ਪਹਿਲਾਂ ਯੂ ਐਸ ਕਸਟਮਜ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਇਕ ਰਿਪੋਰਟ ਵਿਚ ਕਿਹਾ ਸੀ ਕਿ ਫਰਵਰੀ 2019 ਤੋਂ ਮਾਰਚ 2023 ਦਰਮਿਆਨ 1,49,000 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜੋ ਅਮਰੀਕਾ ਵਿਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ ਵਿਚ ਸਨ। ਇਨ੍ਹਾਂ ਵਿਚੋਂ ਜ਼ਿਆਦਾਤਰ ਭਾਰਤੀ ਉਹ ਹਨ ਜਿਨ੍ਹਾਂ ਨੇ ਆਰਥਿਕ ਕਾਰਨਾਂ ਕਰਕੇ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤੇ ਉਹ ਸ਼ਰਨ ਲੈਣ ਦੇ ਯੋਗ ਨਹੀਂ ਹਨ। ਇਕ ਹੋਰ ਰਿਪੋਰਟ ਅਨੁਸਾਰ ਰਾਸ਼ਟਰਪਤੀ ਚੋਣ ਜਿੱਤੇ ਡੋਨਾਲਡ ਟਰੰਪ ਵੱਲੋਂ ਇਸ ਮਹੀਨੇ ਅਹੁੱਦਾ ਸੰਭਾਲਣ ਉਪਰੰਤ ਗੈਰ ਕਾਨੂੰਨੀ ਪਰਵਾਸੀਆਂ ਨੂੰ ਵਾਪਿਸ ਉਨਾਂ ਦੇ ਦੇਸ਼ ਭੇਜਣ ਦੀ ਪ੍ਰਕ੍ਰਿਆ ਵਿਚ ਤੇਜੀ ਆਵੇਗੀ। ਇਸ ਸੰਭਾਵਨਾ ਨੂੰ ਵੇਖਦੇ ਹੋਏ ਗੈਰ ਕਾਨੂੰਨੀ ਪਰਵਾਸੀ ਕਾਨੂੰਨੀ ਚਾਰਾਜੋਈ ਵਿਚ ਲੱਗੇ ਹੋਏ ਹਨ।

RELATED ARTICLES
POPULAR POSTS