
ਪ੍ਰਾਈਵੇਟ ਜੈੱਟ ਨੇ ਟੈਕਸਾਸ ਦੇ ਓਸਟਿਨ ਤੋਂ ਭਰੀ ਸੀ ਉਡਾਣ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕੀ ਆਵਾਜਾਈ ਅਧਿਕਾਰੀਆਂ ਵਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅਮਰੀਕਾ ’ਚ ਪਾਮ ਬੀਚ ਕਾਊਂਟੀ, ਫਲੋਰੀਡਾ ਦੇ ਰਿਹਾਇਸ਼ੀ ਖੇਤਰ ਵਿੱਚ ਇੱਕ ਲੀਅਰਜੈੱਟ ਹਾਦਸਾਗ੍ਰਸਤ ਹੋ ਗਿਆ। ਇਸ ਜਹਾਜ਼ ਵਿਚ ਸਵਾਰ ਸਾਰੇ 9 ਵਿਅਕਤੀਆਂ ਦੀ ਮੌਤ ਹੋ ਗਈ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (ਐਫ.ਏ.ਏ.) ਨੇ ਇੱਕ ਬਿਆਨ ਵਿੱਚ ਕਿਹਾ ਕਿ ਪ੍ਰਾਈਵੇਟ ਜੈੱਟ ਨੇ ਟੈਕਸਾਸ ਦੇ ਓਸਟਿਨ-ਬਰਗਸਟ੍ਰੋਮ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਅਤੇ ਬਹਾਮਾਸ ਦੇ ਨੌਰਥ ਐਲੂਥੇਰਾ ਹਵਾਈ ਅੱਡੇ ਵੱਲ ਜਾ ਰਿਹਾ ਸੀ। ਸੋਸ਼ਲ ਮੀਡੀਆ ’ਤੇ ਵੀਡੀਓਜ਼ ਵਿੱਚ ਜੈੱਟ ਨੂੰ ਇੱਕ ਸੜਕ ਦੇ ਨਾਲ ਜ਼ਮੀਨ ਨਾਲ ਟਕਰਾਉਂਦੇ ਅਤੇ ਧਮਾਕਾ ਹੁੰਦੇ ਦਿਖਾਇਆ ਗਿਆ ਹੈ। ਲੇਕ ਵਰਥ ਬੀਚ ਵਿੱਚ ਹਾਦਸੇ ਵਾਲੀ ਥਾਂ ਦੇ ਨੇੜੇ ਇੱਕ ਪ੍ਰੈਸ ਕਾਨਫਰੰਸ ਵਿੱਚ ਫਲੋਰੀਡਾ ਦੇ ਗਵਰਨਰ ਰੋਨ ਡਿਸੈਂਟਿਸ ਨੇ ਕਿਹਾ ਕਿ ਇਹ ਇੱਕ ਵੱਡੀ ਦੁਖਾਂਤਕ ਘਟਨਾ ਵਾਪਰੀ ਹੈ। ਇਸੇ ਦੌਰਾਨ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਕਿਹਾ ਕਿ ਉਸਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਨੂੰ ਟਰਾਂਸਪੋਰਟੇਸ਼ਨ ਸਕੱਤਰ ਸੀਨ ਡਫੀ ਨੇ ਭਿਆਨਕ ਤ੍ਰਾਸਦੀ ਕਿਹਾ।

