
ਤਾਰਨਤਾਰਨ/ਬਿਊਰੋ ਨਿਊਜ਼
ਤਰਨਤਾਰਨ ਦੇ ਪੱਟੀ ਸ਼ਹਿਰ ਵਿਖੇ ਨਸ਼ੇ ਦੀ ਆਦਤ ਕਾਰਨ ਇੱਕੋ ਘਰ ਦੇ ਦੋ ਨੌਜਵਾਨ ਭਰਾਵਾਂ ਦੀ ਦੁਖਦਾਈ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿ੍ਰਤਕਾਂ ਦੀ ਪਛਾਣ ਗੁਰਦੀਪ ਸਿੰਘ (36) ਅਤੇ ਸੋਨਾ ਸਿੰਘ (28) ਪੁੱਤਰਾਨ ਜਗੀਰ ਸਿੰਘ ਵਾਸੀ ਪੱਟੀ ਵਜੋਂ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੀੜਤ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਗੁਰਦੀਪ ਸਿੰਘ ਅਤੇ ਸੋਨਾ ਸਿੰਘ ਚਿੱਟਾ ਅਤੇ ਨਸ਼ੀਲੀਆਂ ਗੋਲੀਆਂ ਖਾਣ ਦੇ ਆਦੀ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਸ਼ਨਿਚਰਵਾਰ ਰਾਤ ਨੂੰ ਦੋਵੇਂ ਭਰਾ ਆਪਣੇ ਕਮਰੇ ਵਿੱਚ ਸੌਂ ਗਏ ਸਨ, ਪਰ ਐਤਵਾਰ ਸਵੇਰੇ ਜਦੋਂ ਪਰਿਵਾਰ ਨੇ ਦੇਖਿਆ ਤਾਂ ਦੋਵਾਂ ਦੀ ਮੌਤ ਹੋ ਚੁੱਕੀ ਸੀ। ਮਿ੍ਰਤਕਾਂ ਦੇ ਪਰਿਵਾਰ ਨੇ ਦੱਸਿਆ ਕਿ ਉਹ ਅਤਿ ਦੀ ਗਰੀਬੀ ਨਾਲ ਜੂਝ ਰਹੇ ਹਨ ਅਤੇ ਉਨ੍ਹਾਂ ਕੋਲ ਆਪਣਾ ਘਰ ਵੀ ਨਹੀਂ ਹੈ। ਮਿ੍ਰਤਕ ਨੌਜਵਾਨਾਂ ਦੀ ਮਾਂ ਨੇ ਦੱਸਿਆ ਕਿ ਛੋਟਾ ਲੜਕਾ ਸੋਨਾ ਸਿੰਘ ਅਣਵਿਆਹਿਆ ਸੀ, ਜਦਕਿ ਵੱਡਾ ਲੜਕਾ ਗੁਰਦੀਪ ਸਿੰਘ ਵਿਆਹਿਆ ਹੋਇਆ ਸੀ ਅਤੇ ਉਸ ਦੇ ਤਿੰਨ ਬੱਚੇ ਹਨ। ਪੀੜਤ ਪਰਿਵਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇ ਅਤੇ ਮਾਸੂਮ ਬੱਚਿਆਂ ਦੀ ਪੜ੍ਹਾਈ ਤੇ ਪਾਲਣ-ਪੋਸ਼ਣ ਲਈ ਯੋਗ ਮਦਦ ਕੀਤੀ ਜਾਵੇ।

