Breaking News
Home / ਦੁਨੀਆ / ਮੋਦੀ ਨੇ ਜਰਮਨ ਚਾਂਸਲਰ ਨਾਲ ਕੀਤੀ ਮੁਲਾਕਾਤ

ਮੋਦੀ ਨੇ ਜਰਮਨ ਚਾਂਸਲਰ ਨਾਲ ਕੀਤੀ ਮੁਲਾਕਾਤ

ਦੁਵੱਲੇ ਸਹਿਯੋਗ ਤੇ ਕਈ ਆਲਮੀ ਮੁੱਦਿਆਂ ‘ਤੇ ਹੋਈ ਚਰਚਾ
ਬਰਲਿਨ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਰਮਨ ਚਾਂਸਲਰ ਏਂਜੇਲਾ ਮਰਕਲ ਨਾਲ ਉਨ੍ਹਾਂ ਦੀ ਮੁਲਾਕਾਤ ਬਹੁਤ ਵਧੀਆ ਰਹੀ ਹੈ ਤੇ ਉਨ੍ਹਾਂ ਦੁਵੱਲੇ ਸਹਿਯੋਗ ਤੇ ਕਈ ਆਲਮੀ ਮੁੱਦਿਆਂ ‘ਤੇ ਚਰਚਾ ਕੀਤੀ ਹੈ। ਮੋਦੀ ਨੇ ਚੋਗਮ ਸੰਮੇਲਨ ਦੌਰਾਨ ਵੱਖ-ਵੱਖ ਦੇਸ਼ਾਂ ਦੇ ਆਗੂਆਂ ਨਾਲ ਮੁਲਾਕਾਤ ਕੀਤੀ ਸੀ ਤੇ ਉਥੋਂ ਵਾਪਸੀ ‘ਤੇ ਬੀਬੀ ਮਰਕਲ ਨੂੰ ਮਿਲੇ। ਤਿੰਨ ਦੇਸ਼ਾਂ ਦੇ ਦੌਰੇ ਦਾ ਇਹ ਉਨ੍ਹਾਂ ਦਾ ਆਖਰੀ ਪੜਾਅ ਸੀ। ਮੋਦੀ ਨੇ ਟਵੀਟ ਕੀਤਾ ”ਚਾਂਸਲਰ ਏਂਜੇਲਾ ਮਰਕਲ ਨਾਲ ਮੁਲਾਕਾਤ ਬਹੁਤ ਵਧੀਆ ਰਹੀ। ਅਸੀਂ ਭਾਰਤ-ਜਰਮਨੀ ਸਹਿਯੋਗ ਤੇ ਨਾਲ ਹੀ ਹੋਰ ਆਲਮੀ ਮੁੱਦਿਆਂ ਬਾਰੇ ਚਰਚਾ ਕੀਤੀ।” ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਕਿਹਾ ਕਿ ਮੋਦੀ ਦੀ ਫੇਰੀ ਭਾਰਤ ਦੀ ਰਣਨੀਤਕ ਭਿਆਲੀ ਨੂੰ ਮਜ਼ਬੂਤ ਕਰਨ ਦੀ ਭਾਰਤ ਦੀ ਆਪਸੀ ਚਾਹਤ ਦਾ ਪ੍ਰਤੀਕ ਹੈ।
ਮੋਦੀ ਵੱਲੋਂ ਚੀਨ ਦਾ ਦੌਰਾ 27 ਨੂੰ
ਪੇਈਚਿੰਗ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ 27 ਅਤੇ 28 ਅਪਰੈਲ ਨੂੰ ਚੀਨ ਦੀ ਵੁਹਾਨ ਸ਼ਹਿਰ ਵਿੱਚ ਹੋ ਰਹੇ ਕੌਮਾਂਤਰੀ ਸੰਮੇਲਨ ਵਿੱਚ ਇਕ ਦੂਜੇ ਨੂੰ ਮਿਲਣਗੇ ਅਤੇ ਦੁਵੱਲੇ ਤੇ ਕੌਮਾਂਤਰੀ ਮੁੱਦਿਆਂ ‘ਤੇ ਗੱਲਬਾਤ ਕਰਨਗੇ। ਇਹ ਜਾਣਕਾਰੀ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਇਥੇ ਦਿੱਤੀ। ਚੀਨ ਦੇ ਹੂਬੇਈ ਇਲਾਕੇ ਵਿੱਚ ਇਕ ਪ੍ਰੈਸ ਮਿਲਣੀ ਦੌਰਾਨ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਚੀਨ ਦੇ ਵਿਦੇਸ਼ ਮੰਤਰੀ ਯੀ ਵਾਂਗ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਜ਼ੀ ਦੇ ਬੁਲਾਵੇ ‘ਤੇ ਇਥੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਵਾਰਤਾ ਦੋਵਾਂ ਗੁਆਂਢੀ ਮੁਲਕਾਂ ਦੀ ਸਬੰਧਾਂ ਵਿੱਚ ਮਜ਼ਬੂਤੀ ਲਈ ਬਹੁਤ ਸਹਾਇਕ ਸਾਬਤ ਹੋਵੇਗੀ।
ਮੋਦੀ ਤੇ ਜਿਨਪਿੰਗ ‘ਚ ਹੋਵੇਗੀ ਗੈਰਰਸਮੀ ਗੱਲਬਾਤ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 27 ਅਤੇ 28 ਅਪ੍ਰੈਲ ਨੂੰ ਚੀਨ ਦੇ ਦੌਰੇ ‘ਤੇ ਜਾ ਰਹੇ ਹਨ। ਇਸ ਦੌਰਾਨ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਗੈਰ ਰਸਮੀ ਗੱਲਬਾਤ ਹੋਵੇਗੀ। ਜਾਣਕਾਰੀ ਮਿਲੀ ਹੈ ਕਿ ਗੱਲਬਾਤ ਤੋਂ ਬਾਅਦ ਨਾ ਹੀ ਕਿਸੇ ਸਮਝੌਤੇ ‘ਤੇ ਦਸਤਖਤ ਹੋਣਗੇ ਅਤੇ ਨਾ ਹੀ ਕੋਈ ਸਾਂਝਾ ਬਿਆਨ ਜਾਰੀ ਕੀਤਾ ਜਾਵੇਗਾ। ਇਸ ਗੱਲਬਾਤ ਦੌਰਾਨ ਮੋਦੀ ਅਤੇ ਜਿਨਪਿੰਗ ਤੋਂ ਇਲਾਵਾ ਦੋਵੇਂ ਦੇਸ਼ਾਂ ਦੇ ਹੋਰ ਅਧਿਕਾਰੀ ਵੀ ਮੌਜੂਦ ਰਹਿਣਗੇ। ਚੇਤੇ ਰਹੇ ਕਿ ਡੋਕਲਾਮ ਵਿਵਾਦ ਪਿਛਲੇ ਦੋ ਸਾਲਾਂ ਤੋਂ ਦੋਵੇਂ ਦੇਸ਼ਾਂ ਵਿਚਕਾਰ ਵਿਵਾਦ ਦਾ ਕਾਰਨ ਬਣਿਆ ਹੋਇਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਅੱਤਵਾਦ ਦੇ ਮੁੱਦੇ ‘ਤੇ ਗੱਲਬਾਤ ਹੋਣ ਦੇ ਅਸਾਰ ਘੱਟ ਹੀ ਹਨ।

Check Also

ਮਾਸਕੋ ’ਚ ਅੱਤਵਾਦੀ ਹਮਲੇ ਦੌਰਾਨ 60 ਵਿਅਕਤੀਆਂ ਦੀ ਹੋਈ ਮੌਤ

ਇਸਲਾਮਿਕ ਸਟੇਟ ਨੇ ਹਮਲੇ ਦੀ ਲਈ ਜ਼ਿੰਮੇਵਾਰੀ ਮਾਸਕੋ/ਬਿਊਰੋ ਨਿਊਜ਼ : ਰੂਸ ਦੀ ਰਾਜਧਾਨੀ ਮਾਸਕੋ ’ਚ …