ਕਸ਼ਮੀਰ ਮੁੱਦੇ ਨੂੰ ਮੁੜ ਉਠਾਇਆ
ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਦਾਅਵਾ ਕੀਤਾ ਕਿ ਭਾਰਤ ਪਰਮਾਣੂ ਹਥਿਆਰਾਂ ਨਾਲ ਲੈਸ ਸਾਡੇ ਦੇਸ਼ ‘ਤੇ ਮਾੜੀ ਅੱਖ ਨਹੀਂ ਰੱਖ ਸਕਦਾ। ਉਸ ਕੋਲ ਦੁਸ਼ਮਣ ਦਾ ਟਾਕਰਾ ਕਰਨ ਦੀ ਪੂਰੀ ਸਮਰੱਥਾ ਹੈ। ਐਤਵਾਰ ਨੂੰ ਮਕਬੂਜ਼ਾ ਕਸ਼ਮੀਰ ਵਿੱਚ ਸੰਬੋਧਨ ਕਰਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ, ‘ਪਾਕਿਸਤਾਨ ਪਰਮਾਣੂ ਸ਼ਕਤੀ ਹੈ ਅਤੇ ਭਾਰਤ ਸਾਡੇ ਵੱਲ ਅੱਖ ਚੁੱਕ ਕੇ ਨਹੀਂ ਦੇਖ ਸਕਦਾ। ਸਾਡੇ ਕੋਲ ਦੁਸ਼ਮਣ ਨੂੰ ਮੋੜਵਾਂ ਜਵਾਬ ਦੇਣ ਦੀ ਪੂਰੀ ਸਮਰੱਥਾ ਹੈ ਅਤੇ ਅਸੀਂ ਉਸ ਨੂੰ ਮਸਲ ਕੇ ਰੱਖ ਦੇਵਾਂਗੇ।’ ਸ਼ਹਿਬਾਜ਼ ਸ਼ਰੀਫ ਦੇ ਇਸ ਬਿਆਨ ਨੂੰ ਪਾਕਿਸਤਾਨ ਦੇ ਵੱਖ-ਵੱਖ ਯੂ-ਟਿਊਬ ਚੈਨਲਾਂ ਨੇ ਪ੍ਰਸਾਰਿਤ ਕੀਤਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਸ਼ਮੀਰੀਆਂ ਨੂੰ ਆਜ਼ਾਦੀ ਦਿਵਾਉਣ ਲਈ ਆਰਥਿਕ ਤੇ ਰਾਜਨੀਤਿਕ ਸਥਿਰਤਾ ਹਾਸਲ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਸ਼ਮੀਰ ਮੁੱਦੇ ਨੂੰ ਵੀ ਮੁੜ ਚੁੱਕਿਆ। ਉਨ੍ਹਾਂ ਕਿਹਾ ਕਿ ਪਾਕਿਸਤਾਨ ਕਸ਼ਮੀਰ ਨੂੰ ਭਾਰਤ ਤੋਂ ਆਜ਼ਾਦ ਕਰਵਾਉਣ ਤੱਕ ਨੈਤਿਕ, ਕੂਟਨੀਤਕ ਅਤੇ ਰਾਜਨੀਤਿਕ ਸਮਰਥਨ ਦੇਣਾ ਜਾਰੀ ਰੱਖੇਗਾ।’ ਜ਼ਿਕਰਯੋਗ ਹੈ ਕਿ ਦੁਬਈ ਆਧਾਰਿਤ ਇਕ ਟੀਵੀ ਚੈਨਲ ਨੂੰ ਜਨਵਰੀ ਵਿੱਚ ਦਿੱਤੀ ਗਈ ਇੰਟਰਵਿਊ ਵਿੱਚ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਭਾਰਤ ਨਾਲ ਤਿੰਨ ਜੰਗਾਂ ਹੋਣ ਮਗਰੋਂ ਪਾਕਿਸਤਾਨ ਨੇ ਸਬਕ ਸਿੱਖ ਲਿਆ ਹੈ।